100 ਦੇ ਕਰੀਬ ਦੌੜਾਕ ਤੇ ਵਾੱਕਰ ਹੋਏ ਸ਼ਾਮਲ
ਕੈਲੇਡਨ/ਡਾ. ਝੰਡ : ਆਪਣੇ ਵਿੱਛੜੇ ਸਾਥੀ ਜਸਵਿੰਦਰ ਸਿੰਘ ਵੜੈਚ ਉਰਫ ‘ਜੱਸੀ ਵੜੈਚ’ ਜੋ ਪਿਛਲੇ ਸਾਲ 21 ਅਕਤੂਬਰ 2021 ਦੇ ਮਨਹੂਸ ਦਿਨ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੀ ਨਿੱਘੀ ਯਾਦ ਨੂੰ ਸਮੱਰਪਿਤ ਲੰਘੇ ਐਤਵਾਰ 12 ਜੂਨ ਨੂੰ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’, ‘ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ’ ਅਤੇ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ’ ਵੱਲੋਂ ਸਾਂਝੇ ਤੌਰ ‘ਤੇ ਕੈਲੇਡਨ ਟਰੇਲ ‘ਤੇ (ਪੂਰਬ ਵਾਲੇ ਪਾਸੇ) 5 ਕਿਲੋਮੀਟਰ ਤੇ 10 ਕਿਲੋਮੀਟਰ ਰੱਨ-ਕਮ-ਵਾੱਕ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ। ਸਵੇਰੇ ਮੀਹ-ਕਣੀ ਵਾਲਾ ਮੌਸਮ ਹੋਣ ਦੇ ਬਾਵਜੂਦ ਕਲੱਬ ਦੇ ਲੱਗਭੱਗ 100 ਮੈਂਬਰ ਅਤੇ ਜਸਵਿੰਦਰ ਵੜੈਚ ਦੇ ਪਰਿਵਾਰ ਦੇ ਮੈਂਬਰ ਪੌਣੇ ਨੌਂ ਵਜੇ ਤੱਕ ਟਰੇਲ ਦੇ ਨੇੜੇ ਇਕ ਸ਼ੈੱਡ ਹੇਠਾਂ ਇਕੱਤਰ ਹੋ ਗੲੈ। ਉੱਥੇ ਪਰਿਵਾਰ ਦੇ ਮੈਂਬਰਾਂ ਵੱਲੋਂ ਖਾਣ-ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਏਨੇ ਨੂੰ ਜਗਦੀਸ਼ ਸਿੰਘ ਗਰੇਵਾਲ ਆਪਣੇ ਸਪੁੱਤਰ ਹਰਦੀਪ ਸਿੰਘ ਗਰੇਵਾਲ ਓਨਟਾਰੀਓ ਸੂਬਾਈ ਚੋਣ ਵਿਚ ਬਰੈਂਪਟਨ ਈਸਟ ਹਲਕੇ ਤੋਂ ਐਮ.ਪੀ.ਪੀ. ਚੁਣੇ ਜਾਣ ਦੀ ਖ਼ੁਸ਼ੀ ਸਾਂਝੀ ਕਰਨ ਲਈ ਫਰੂਟ ਦੇ ਕਈ ਡੱਬੇ ਅਤੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਸੰਚਾਲਕ ਪਰਮਜੀਤ ਸਿੰਘ ਢਿੱਲੋਂ ਕੌਫੀ ਦੀ ਵੱਡੀ ਸਾਰੀ ਕੇਤਲੀ ਲੈ ਕੇ ਉੱਥੇ ਪਹੁੰਚ ਗਏ।
ਚਾਹ-ਪਾਣੀ ਤੇ ਸਨੈਕਸ ਵਗ਼ੈਰਾ ਛਕਣ ਤੋਂ ਬਾਅਦ ‘ਰੱਨ ਫ਼ਾਰ ਕਿੱਡਜ਼ ਐਜੂਕੇਸ਼ਨ’ ਦੇ ਸੰਚਾਲਕ ਨਰਿੰਦਰਪਾਲ ਬੈਂਸ ਵੱਲੋਂ ਸਾਰੇ ਮੈਂਬਰਾਂ ਤੇ ਮਹਿਮਾਨਾਂ ਦਾ ਇਸ ਈਵੈਂਟ ਵਿਚ ਹਿੱਸਾ ਲੈਣ ਲਈ ਪਹੁੰਚਣ ‘ਤੇ ਸਵਾਗਤ ਕੀਤਾ ਗਿਆ ਅਤੇ ਇਸ ਦੌੜ ਦੇ ਮਕਸਦ ਅਤੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸੀ ਗਈ। ਉਨ੍ਹਾਂ ਜਸਵਿੰਦਰ ਵੜੈਚ ਦੇ ਪਰਿਵਾਰ ਦੇ ਮੈਂਬਰਾਂ ਅਤੇ ਜਗਦੀਸ਼ ਗਰੇਵਾਲ ਦਾ ਪੌਸ਼ਟਿਕ ਬਰੇਕ-ਫ਼ਾਸਟ ਲਈ ਧੰਨਵਾਦ ਕੀਤਾ। ਇਸ ਮੌਕੇ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਪ੍ਰਧਾਨ ਹਰਭਜਨ ਸਿੰਘ ਗਿੱਲ, ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਅਤੇ ਡਾ.ਸੁਖਦੇਵ ਸਿੰਘ ਝੰਡ ਵੱਲੋਂ ਪਰਿਵਾਰ ਦੇ ਮੈਂਬਰਾਂ ਨੂੰ ਜਸਵਿੰਦਰ ਵੜੈਚ ਦੀ ਤਸਵੀਰ ਵਾਲੀ ਖੂਬਸੂਰਤ ਪਲੈਕ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਵੜੈਚ ਹੋਰਾਂ ਦੀ ਬੇਟੀ ਸੁਪਿੰਦਰ ਵੜੈਚ ਨੇ ਇਹ ਦੌੜ ਤੇ ਵੱਾਕ ਉਨ੍ਹਾਂ ਦੇ ਪਿਤਾ ਜੀ ਨੂੰ ਸਮੱਰਪਿਤ ਕਰਨ ਲਈ ਟੀ.ਪੀ.ਏ.ਆਰ. ਕਲੱਬ ਦੀ ਸਮੁੱਚੀ ਮੈਨੇਜਮੈਂਟ ਤੇ ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਾਪਾ ਕੁਦਰਤ ਦੇ ਬੜੇ ਪ੍ਰੇਮੀ ਸਨ। ਗਰਮੀਆਂ ਦੇ ਮੌਸਮ ਵਿਚ ਹਰੇਕ ਵੀਕ-ਐਂਡ ‘ਤੇ ਉਹ ਸਾਈਕਲ ਲੈ ਕੇ ਕਿਸੇ ਨਾ ਕਿਸੇ ਟਰੇਲ ‘ਤੇ ਸਾਈਕਲਿੰਗ ਲਈ ਨਿਕਲ ਪੈਂਦੇ ਸਨ ਅਤੇ ਉਨ੍ਹਾਂ ਦੇ ਇਸ ਸ਼ੌਕ ਸਦਕਾ ਹੀ ਉਨ੍ਹਾਂ ਦੀ ਟੀ.ਪੀ.ਏ.ਆਰ. ਕਲੱਬ ਨਾਲ ਨੇੜਤਾ ਹੋ ਗਈ। ਇਸ ਕਲੱਬ ਨੇ ਇਹ ਦੌੜ ਉਨ੍ਹਾਂ ਦੇ ਨਾਂ ‘ਤੇ ਆਯੋਜਿਤ ਕਰਕੇ ਉਨ੍ਹਾਂ ਨੂੰ ਬਹੁਤ ਹੀ ਵਧੀਆ ਤਰ੍ਹਾਂ ਯਾਦ ਕੀਤਾ ਹੈ ਜਿਸ ਦੇ ਲਈ ਉਨ੍ਹਾਂ ਦਾ ਸਾਰਾ ਪਰਿਵਾਰ ਕਲੱਬ ਦਾ ਧੰਨਵਾਦੀ ਹੈ।
ਸਾਰੇ ਗਰੁੱਪ ਦੀ ਤੇ ਹੋਰ ਕਈ ਤਸਵੀਰਾਂ ਲੈਣ ਤੋਂ ਬਾਅਦ ਠੀਕ ਸਾਢੇ ਨੌਂ ਵਜੇ ਸਾਰੇ ਦੌੜਾਕ ਅਤੇ ਵਾੱਕਰ ਕੈਲੇਡਨ ਟਰੇਲ ਦੀ ਪੂਰਬ ਦਿਸ਼ਾ ਵੱਲ ਚੱਲ ਪਏ। ਇਨ੍ਹਾਂ ਵਿਚ ਚਾਰ ਸਾਈਕਲ-ਸਵਾਰ ਵੀ ਸ਼ਾਮਲ ਸਨ। ਹਰੇਕ ਨੇ ਆਪਣੀ ਵਿਤ ਅਨੁਸਾਰ 5 ਕਿਲੋਮੀਟਰ, 10 ਕਿਲੋਮੀਟਰ ਅਤੇ ਕਈਆਂ ਨੇ ਇਸ ਤੋਂ ਵਧੇਰੇ ਵੀ ਦੌੜ ਲਗਾਈ ਜਾਂ ਪੈਦਲ ਚੱਲੇ।
ਸਾਢੇ ਗਿਆਰਾਂ ਵਜੇ ਦੇ ਕਰੀਬ ਸਾਰੇ ਵਾਪਸ ਸ਼ੈੱਡ ਹੇਠ ਆ ਗਏ ਜਿੱਥੇ ‘ਕੰਟਰੀਸਾਈਡ ਸਬਵੇਅ’ ਦੇ ਮਾਲਕ ਕੁਲਵੰਤ ਗਰੇਵਾਲ ਵੱਲੋਂ ਲਿਆਂਦੇ ਗਏ ਤਾਜੇ-ਤਾਜ਼ੇ ਵੈਜੀ ਤੇ ਨਾਨ-ਵੈੱਜ ਸਬ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ ਸਾਰਿਆਂ ਨੇ ਮਿਲ ਕੇ ਉਨ੍ਹਾਂ ਦਾ ਅਨੰਦ ਮਾਣਿਆਂ ਅਤੇ ਫਰੂਟ ਤੇ ਜੂਸ ਵਗ਼ੈਰਾ ਦਾ ਸੇਵਨ ਕੀਤਾ। ਏਨੇ ਨੂੰ ਬਰੈਂਪਟਨ ਦੇ ਵਾਰਡ ਨੰਬਰ 9 ਅਤੇ 10 ਦੇ ਰੀਜਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਵੀ ਉੱਥੇ ਪਹੁੰਚ ਗਏ।
ਸਾਰਿਆਂ ਵੱਲੋਂ ਉਨ੍ਹਾਂ ਦਾ ਉੱਥੇ ਆਉਣ ‘ਤੇ ਭਰਵਾਂ ਸੁਆਗਤ ਕੀਤਾ ਗਿਆ ਕਿਉਂਕਿ ਉਹ ਟੀ.ਪੀ.ਏ.ਆਰ.ਕਲੱਬ ਦੀਆਂ ਸਰਗਰਮੀਆਂ ਵਿਚ ਚੋਖੀ ਦਿਲਚਸਪੀ ਰੱਖਦੇ ਹਨ। 11 ਅਕਤੂਬਰ 2021 ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਹੋਈ ਵਿਸ਼ਵ-ਪੱਧਰੀ ਮੈਰਾਥਨ ਵਿਚ ਕਲੱਬ ਦੇ ਸਰਗ਼ਰਮ ਮੈਂਬਰ ਧਿਆਨ ਸਿੰਘ ਸੋਹਲ ਵੱਲੋਂ ਭਾਗ ਲੈਣ ਲਈ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਪਾਂਸਰ ਕਰਨ ਦਾ ਸ਼ੁਭ-ਕਦਮ ਗੁਰਪ੍ਰੀਤ ਢਿੱਲੋਂ ਹੁਰਾਂ ਵੱਲੋਂ ਹੀ ਉਠਾਇਆ ਗਿਆ ਸੀ ਅਤੇ ਹੁਣ 10 ਜੁਲਾਈ ਨੂੰ ਨਿਊਯਾਰਕ ਦੇ ਨੇੜੇ ਜੀਨੇਵਾ ਸ਼ਹਿਰ ਵਿਚ ਹੋਣ ਵਾਲੇ ਵੱਕਾਰੀ ਅੰਤਰ-ਰਾਸ਼ਟਰੀ ‘ਹਾਫ਼-ਆਇਰਨਮੈਨ ਮੁਕਾਬਲੇ’ ਵਿਚ ਭਾਗ ਲੈਣ ਜਾ ਰਹੇ ਕੁਲਦੀਪ ਗਰੇਵਾਲ ਅਤੇ ਹਰਜੀਤ ਸਿੰਘ ਨੂੰ ਵੀ ਸਿਟੀ ਕੌਂਸਲ ਵੱਲੋਂ ਸਪਾਂਸਰ ਕਰਵਾਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਹੀ ਜਾਂਦਾ ਹੈ।
ਇਸ ਦੌਰਾਨ ਨਰਿੰਦਰਪਾਲ ਬੈਂਸ ਵੱਲੋਂ 7 ਅਗਸਤ ਨੂੰ ‘ਐੱਨਲਾਈਟ ਕਿੱਡਜ਼ ਰੱਨ ਫਾਰ ਐਜੂਕੇਸ਼ਨ’ ਵੱਲੋਂ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿਚ ਕਰਵਾਈ ਜਾ ਰਹੀ 5 ਕਿਲੋਮੀਟਰ ਤੇ 10 ਕਿਲੋਮੀਟਰ ਦੌੜ ਤੇ ਵਾੱਕ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ 28 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਕਰਵਾਈ ਜਾ ਰਹੀ ਮੈਰਾਥਨ ਤੇ ਹਾਫ-ਮੈਰਾਥਨ ‘ਇੰਸਪੀਰੇਸ਼ਨਲ ਸਟੈੱਪਸ-2022’ ਬਾਰੇ ਜਾਣਕਾਰੀ ਪਰਮਜੀਤ ਸਿੰਘ ਢਿੱਲੋਂ ਵੱਲੋਂ ਸ਼ਾਂਝੀ ਕੀਤੀ ਗਈ। ਇਸ ਤਰ੍ਹਾਂ ਕਰੋਨਾ-ਕਾਲ ਦੇ ਦੋ ਸਾਲ ਤੋਂ ਵੀ ਵਧੀਕ ਦੁਖਦਾਈ ਸਮੇਂ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਟੀ.ਪੀ.ਏ.ਆਰ. ਕਲੱਬ ਵੱਲੋਂ ਜਸਵਿੰਦਰ ਸਿੰਘ ਵੜੈਚ ਦੀ ਯਾਦ ਵਿਚ ਕਰਵਾਇਆ ਗਿਆ ਦੌੜ ਤੇ ਵਾੱਕ ਦਾ ਇਹ ਸ਼ਾਨਦਾਰ ਈਵੈਂਟ ਯਾਦਗਾਰੀ ਹੋ ਨਿੱਬੜਿਆ। ਸ਼ਾਮ ਨੂੰ ਜੀ.ਟੀ.ਐੱਮ. ਦੇ ਕਰਤਾ-ਧਰਤਾ ਬਲਜਿੰਦਰ ਲੇਲਣਾ ਵੱਲੋਂ ਆਪਣੇ ਬੇਟੇ ਬਲਪ੍ਰੀਤ ਲੇਲਣਾ ਦੇ 8 ਅਪ੍ਰੈਲ ਨੂੰ ਹੋਏ ਵਿਆਹ ਦੀ ਖ਼ੁਸ਼ੀ ਦੋਸਤਾਂ ਨਾਲ ਸਾਂਝੀ ਕਰਨ ਲਈ ‘ਹਾਈਲੈਂਡ ਆਟੋ ਰੀਪੇਅਰ ਸੈਂਟਰ’ ਵਿਖੇ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਟੀ.ਪੀ.ਏ.ਆਰ ਕਲੱਬ ਦੇ ਕਈ ਮੈਂਬਰ ਸ਼ਾਮਲ ਹੋਏ।