-1.9 C
Toronto
Thursday, December 4, 2025
spot_img
Homeਕੈਨੇਡਾਭਾਰਤ 'ਚ ਮੋਦੀ ਦੇ ਲੋਕ-ਵਿਰੋਧੀ ਹਮਲੇ ਦਾ ਟਾਕਰਾ ਵਿਸ਼ਾਲ ਏਕਤਾ ਨਾਲ ਹੀ...

ਭਾਰਤ ‘ਚ ਮੋਦੀ ਦੇ ਲੋਕ-ਵਿਰੋਧੀ ਹਮਲੇ ਦਾ ਟਾਕਰਾ ਵਿਸ਼ਾਲ ਏਕਤਾ ਨਾਲ ਹੀ ਕੀਤਾ ਜਾ ਸਕਦੈ : ਕਾਮਰੇਡ ਪਾਸਲਾ

ਕਿਸਾਨੀ ਸੰਕਟ ਨਾਲ ਨਜਿੱਠਣਾ ਸਮੇਂ ਦੀ ਲੋੜ ਹੈ : ਡਾ. ਸੁੱਚਾ ਸਿੰਘ ਗਿੱਲ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 12 ਜੂਨ ਨੂੰ ਬਰੈਂਪਟਨ ਦੇ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਚ ਪੰਜਾਬ ਹਿਤੈਸ਼ੀ ਗਰੁੱਪ ਵੱਲੋਂ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਦੇ ਭਾਸ਼ਣ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵਿਸ਼ਾ ‘ਭਾਰਤ ਦੀ ਵਰਤਮਾਨ ਸਥਿਤੀ ਅਤੇ ਖੱਬੀ ਧਿਰਦੀ ਭੂਮਿਕਾ’ ਸੀ।
ਸਰੋਤਿਆਂ ਨਾਲ ਕਾਮਰੇਡ ਪਾਸਲਾ ਦੀ ਜਾਣ-ਪਛਾਣ ਕਰਾਉਂਦਿਆਂ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ਦੇ ਦੁਆਬਾ ਖੇਤਰ ਦੇ ਇਕ ਆਮ ਪਰਿਵਾਰ ਦੇ ਜੰਮ-ਪਲ ਪਾਸਲਾ ਇਕ ਹੋਣਹਾਰ ਤੇ ਸੂਝਵਾਨ ਵਿਦਿਆਰਥੀ ਸਨ ਅਤੇ ਉਹ ਆਪਣੇ ਕਾਲਜ ਦੇ ਦਿਨਾਂ ਵਿਚ ਹੀ ਖੱਬੇ-ਪੱਖੀ ਵਿਦਿਆਰਥੀ ਜੱਥੇਬੰਦੀ ਐੱਸ.ਐੱਫ.ਆਈ. ਨਾਲ ਜੁੜ ਗਏ ਅਤੇ ਫਿਰ ਮਜ਼ਦੂਰ ਜੱਥੇਬੰਦੀ ‘ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼’ ਦੇ ਕੁਲਵਰਤੀ ਆਗੂ ਵਜੋਂ ਵਿਚਰਦੇ ਹੋਏ ਇਸ ਦੇ ਸੂਬਾ ਸਕੱਤਰ ਬਣੇ। ਸਿਧਾਂਤਕ ਵੱਖਰੇਵਿਆਂ ਕਾਰਨ ਉਨ੍ਹਾਂ ਪਹਿਲਾਂ ਸੀ.ਪੀ.ਐੱਮ. ਅਤੇ ਫਿਰ ਆਰ.ਐੱਮ.ਪੀ.ਆਈ. ਦਾ ਗਠਨ ਕੀਤਾ।
ਕਾਮਰੇਡ ਪਾਸਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਦਾ ਆਰਥਿਕ ਸੰਕਟ ਦਿਨ-ਬਦਿਨ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ ਅਤੇ ਇਸ ਵੇਲੇ ਦੇਸ਼ ਵਿਚ ਨਾ ਕੇਵਲ ਖੱਬੀ ਧਿਰ ਦੀ ਮਜ਼ਬੂਤੀ ਦੀ ਜ਼ਰੂਰਤ ਹੈ, ਸਗੋਂ ਦੇਸ਼ ਦੇ ਜਮਹੂਰੀ ਅਤੇ ਸੈਕੂਲਰ ਲੋਕਾਂ ਦਾ ਏਕਾ ਸਮੇਂ ਦੀ ਲੋੜ ਹੈ। ਉਨ੍ਹਾਂ ਮੰਨਿਆ ਕਿ ਪਿਛਲੇ ਸਮੇਂ ਵਿਚ ਖੱਬੇ-ਪੱਖੀ ਧਿਰਾਂ ਕੋਲੋਂ ਕਈ ਗਲਤੀਆਂ ਹੋਈਆਂ ਹਨ, ਜਿਵੇਂ ਕਿ ਦਲਿਤਾਂ ਤੇ ਔਰਤਾਂ ਦੀ ਲਾਮਬੰਦੀ ਵਿਚ ਭਾਰੀ ਕੋਤਾਹੀ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਲੜੇ ਗਏ ਕਿਸਾਨੀ ਘੋਲ ਨੇ ਲੋਕਾਂ ਨੂੰ ਕਈ ਹਾਂ-ਪੱਖੀ ਸਬਕ ਦਿੱਤੇ ਹਨ। ਲੋਕਾਂ ਵਿਚ ਏਕਤਾ ਮਜ਼ਬੂਤ ਹੋਈ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੀ ਮੌਜੂਦਾ ਸਰਕਾਰ ਵੱਲੋਂ ਜਿਸ ਤਰ੍ਹਾਂ ਆਰਥਿਕ ਸੰਕਟ ਦਾ ਭਾਰ ਲੋਕਾਂ ‘ਤੇ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਚੂਮਰ ਕੱਢਿਆ ਜਾ ਰਿਹਾ ਹੈ, ਲੋਕਾਂ ਦਾ ਏਕਾ ਸਮੇਂ ਦੀ ਬੜੀ ਵੱਡੀ ਲੋੜ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਇਸ ਦਸ਼ਾ ਵਿਚ ਯਤਨਸ਼ੀਲ ਹੈ ਅਤੇ ਇਸ ਦੇ ਸਾਰਥਿਕ ਸਿੱਟੇ ਨਿਕਲਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਉਨ੍ਹਾਂ ਪਰਵਾਸੀ ਵੀਰਾਂ-ਭੈਣਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਦੇਸ਼ ਦੀ ਖੱਬੀ ਧਿਰ ਨੂੰ ਇਸਦੇ ਲਈ ਅਪੀਲ ਕਰਨ। ਇਸ ਮੌਕੇ ਵਿਸ਼ਵ-ਪ੍ਰਸਿੱਧ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਭਾਰਤ ਦੀ ਵਰਤਮਾਨ ਕਿਸਾਨੀ ਦੀ ਹਾਲਤ ਬਿਆਨ ਕਰਦੇ ਹੋਏ ਦੱਸਿਆ ਕਿ ਦੇਸ਼ ਦੇ 86 ਫੀਸਦੀ ਕਿਸਾਨਾਂ ਦੀ ਮਾਲਕੀ 10 ਏਕੜ ਤੋਂ ਘੱਟ ਹੈ ਅਤੇ ਖੇਤੀ ਇਸ ਸਮੇਂ ਲਾਹੇਵੰਦਾ ਧੰਦਾ ਨਹੀਂ ਹੈ, ਭਾਵ ਥੋੜ੍ਹੀ ਜ਼ਮੀਨ ‘ਤੇ ਖੇਤੀ ਕਰਨ ਨਾਲ ਕਿਸਾਨ ਦਾ ਗੁਜ਼ਾਰਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਦੀ ਵਰਤਮਾਨ ਮੋਦੀ ਸਰਕਾਰ ਖੇਤੀ ਸੰਕਟ ਦਾ ਹੱਲ ਲੱਭਣ ਦੀ ਥਾਂ ਕਾਰਪੋਰੇਟ-ਪੱਖੀ ਨੀਤੀ ਅਪਣਾ ਕੇ ਦੇਸ਼ ਦਾ ਫਿਰਕਾਪ੍ਰਸਤ ਧਰੁੱਵੀਕਰਣ ਕਰਨ ਵਿਚ ਜੁੱਟੀ ਹੋਈ ਹੈ ਜਿਸਦਾ ਜੁਆਬ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਨੇ ਮਿਲ਼ ਕੇ ਬਾਖੂਬੀ ਦਿੱਤਾ ਹੈ ਅਤੇ ਅੱਗੋਂ ਵੀ ਇੰਜ ਹੀ ਮਿਲ਼ ਕੇ ਦਿੱਤਾ ਜਾ ਸਕਦਾ ਹੈ।
ਇਸ ਮੌਕੇ ਐਡਮਿੰਟਨ ਤੋਂ ਐੱਨ.ਡੀ.ਪੀ.ਦੇ ਐੱਮ.ਐੱਲ.ਏ. ਜਸਵੀਰ ਦਿਓਲ ਨੇ ਵੀ ਆਪਣੇ ਕਈ ਤਜ਼ਰਬੇ ਹਾਜ਼ਰੀਨ ਨਾਲ ਸਾਂਝੇ ਕੀਤੇ। ਸਰੋਤਿਆਂ ਵੱਲੋਂ ਕੀਤੇ ਗਏ ਸੁਆਲਾਂ ਦੇ ਜਵਾਬ ਮੁੱਖ-ਵਕਤਾ ਕਾਮਰੇਡ ਪਾਸਲਾ ਵੱਲੋਂ ਤਸੱਲੀ ਪੂਰਵਕ ਦਿੱਤੇ ਗਏ। ਬਹੁਤੇ ਸੁਆਲਾਂ ਵਿਚ ਖੱਬੀ ਧਿਰ ਦੀ ਏਕਤਾ ਦੀ ਭਾਵਨਾ ਦੀ ਝਲਕ ਦਿਖਾਈ ਦੇ ਰਹੀ ਸੀ।

RELATED ARTICLES
POPULAR POSTS