Breaking News
Home / ਕੈਨੇਡਾ / ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ

ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ ਨਾਲ ਵਿਆਜ ਦਰ ਵਿਚ ਕਮੀ ਕੀਤੀ ਹੈ ਅਤੇ ਹੁਣ ਇਹ ਵਿਆਜ ਦਰ ਘੱਟ ਕੇ 3.75 % ਹੋ ਗਈ ਹੈ। ਵਿਆਜ ਦਰ ਵਿਚ ਇਹ ਕਮੀ ਕੈਨੇਡਾ ਭਰ ਵਿਚ ਆਰਥਿਕ ਸਥਿਰਤਾ ਅਤੇ ਤਰੱਕੀ ਸਬੰਧੀ ਫ਼ੈੱਡਰਲ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਬੜੀ ਮਹੱਤਵਪੂਰਨ ਸਮਝੀ ਜਾ ਰਹੀ ਹੈ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਸਾਡੀ ਜ਼ਿੰਮੇਵਾਰ ਯੋਜਨਾ ਨੇ ਅਰਥ ਵਿਵਸਥਾ ਠੀਕ ਕਰਨ ਬੈਂਕ ਦੀ ਵਿਆਜ ਦਰ ਵਿਚ ਕਟੌਤੀ ਕਰਨ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਅਸੀਂ ਸਹੀ ਰਸਤੇ ‘ਤੇ ਚੱਲ ਰਹੇ ਹਾਂ ਅਤੇ ਸਾਡੀ ਯੋਜਨਾ ਆਪਣਾ ਕੰਮ ਵਧੀਆ ਕਰ ਰਹੀ ਹੈ। ਜੀ-7 ਦੇਸ਼ਾਂ ਵਿਚ ਕੈਨੇਡਾ ਪਹਿਲਾ ਅਜਿਹਾ ਦੇਸ਼ ਸੀ ਜਿਸ ਨੇ ਵਿਆਜ ਦਰ ਵਿਚ ਕਮੀ ਕੀਤੀ ਸੀ ਅਤੇ ਹੁਣ ਇਹ ਇਨ੍ਹਾਂ ਵਿੱਚ ਪਹਿਲਾ ਦੇਸ਼ ਹੈ ਜਿਸਨੇ ਚੌਥੀ ਵਾਰ ਵਿਆਜ ਦਰ ਵਿਚ ਕਟੌਤੀ ਕੀਤੀ ਹੈ। ਹਾਲ ਵਿਚ ਕੀਤੀ ਗਈ ਇਹ ਕਟੌਤੀ ਮਕਾਨ ਮਾਲਕਾਂ, ਨਵੇਂ ਘਰ ਖ਼੍ਰੀਦਣ ਵਾਲਿਆਂ ਅਤੇ ਬਿਜ਼ਨੈਸ ਮਾਲਕਾਂ ਲਈ ਵੱਡੀ ਰਾਹਤ ਵਾਲੀ ਹੈ। ਚਲੰਤ ਮੌਰਗੇਜ ਨੂੰ ਨਵਿਆਉਣ ਅਤੇ ਨਵੇਂ ਘਰ ਖ਼੍ਰੀਦਣ ਵਾਲਿਆਂ ਨੂੰ ਇਸ ਦਾ ਕਾਫ਼ੀ ਲਾਭ ਹੋਵੇਗਾ।”
ਵਿਆਜ ਦਰਾਂ ਅਤੇ ਮਹਿੰਗਾਈ ਕੈਨੇਡਾ-ਵਾਸੀਆਂ ਅਤੇ ਹੋਰ ਸਾਰੀ ਦੁਨੀਆਂ ਦੇ ਦੇਸ਼ਾਂ ਲਈ ਮਹੱਤਵਪੂਰਨ ਹਨ। ਇਨ੍ਹਾਂ ਦੋਹਾਂ ਦਾ ਘਰਾਂ ਦੀ ਖ਼੍ਰੀਦ-ਵੇਚ ‘ਤੇ ਬਹੁਤ ਗਹਿਰਾ ਅਸਰ ਪੈਂਦਾ ਹੈ। ਵਿਆਜ ਦਰਾਂ ਦੇਸ਼ ਦੇ ਸਮੁੱਚੇ ਅਰਥਚਾਰੇ, ਘਰ ਅਤੇ ਬਿਜ਼ਨੈੱਸ ਖ਼੍ਰੀਦਣ ਲਈ ਮਾਰਗੇਜ ਲੈਣ ਵਾਸਤੇ ਅਸਰ ਅੰਦਾਜ਼ ਹੁੰਦੀਆਂ ਹਨ।
ਇਨ੍ਹਾਂ ਚੁਣੌਤੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਕੈਨੇਡਾ ਸਰਕਾਰ ਨੇ ਦੇਸ਼-ਵਾਸੀਆਂ ਦੀ ਸਹੂਲਤ ਲਈ ਹੇਠ ਲਿਖੇ ਕਦਮ ਚੁੱਕੇ ਹਨ :
* ਲੋਕਾਂ ਨੂੰ ਤਿਮਾਹੀ ਕੈਨੇਡਾ ਕਾਰਬਨ ਟੈਕਸ ਰੀਬੇਟ ਦਿੱਤੀ ਗਈ ਹੈ ਜਿਸ ਦੀ ਤਾਜ਼ਾ ਕਿਸ਼ਤ 15 ਅਕਤੂਬਰ ਨੂੰ ਜਾਰੀ ਕੀਤੀ ਗਈ।
* ਕੈਨੇਡਾ ਦੇ ਲੱਗਭੱਗ ਅੱਧੇ ਪ੍ਰੋਵਿੰਸਾਂ ਤੇ ਟੈਰੀਟਰੀਆਂ ਵਿਚ ਪਰਿਵਾਰਾਂ ਨੂੰ ਬੱਚਿਆਂ ਲਈ 10 ਡਾਲਰ ਰੋਜ਼ਾਨਾ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਾਰੇ ਪ੍ਰੋਵਿੰਸਾਂ ਤੇ ਟੈਰੀਟਰੀਆਂ ਵਿੱਚ ਫ਼ੀਸਾਂ ਵਿਚ ਅੱਧੀ ਕਟੌਤੀ ਕੀਤੀ ਗਈ ਹੈ।
* ਲੋਕਾਂ ਨੂੰ ਗਰੌਸਰੀ ਸਹੀ ਰੇਟਾਂ ‘ਤੇ ਦੇਣ ਲਈ ਗਰੌਸਰੀ ਮਾਲਕਾਂ ਨੂੰ ਜ਼ਿੰਮੇਵਾਰ ਬਣਾਇਆ ਗਿਆ ਹੈ।
* ਸੀਨੀਅਰਾਂ ਨੂੰ ਕੈਨੇਡਾ ਪੈੱਨਸ਼ਨ ਪਲੈਨ, ਗਰੰਟੀਡ ਇਨਕਮ ਸਪਲੀਮੈਂਟ ਅਤੇ ਓਲਡ ਏਜ ਸਕਿਉਰਿਟੀ ਦੀਆਂ ਸਹੂਲਤਾਂ ਦਿੱਤੀਆਂ ਗਈਆਂ। ਰਿਟਾਇਰਮੈਂਟ ਸਮੇਂ ਸੀਨੀਅਰਾਂ ਨੂੰ ਚੰਗੇ ਪੈਸੇ ਮਿਲਣਾ ਯਕੀਨੀ ਬਣਾਇਆ ਗਿਆ ਹੈ।
* ਘੱਟ ਆਮਦਨ ਵਾਲੇ ਕੈਨੇਡਾ ਵਾਸੀਆਂ ਲਈ ਕੈਨੇਡਾ ਵਰਕਰਜ਼ ਬੈਨੀਫ਼ਿਟ ਤਹਿਤ ਪਰਿਵਾਰ ਲਈ ਇਸ ਸਾਲ 2,461 ਡਾਲਰ ਦਾ ਵਾਧਾ ਕੀਤਾ ਗਿਆ ਹੈ।
* ਵਿਦਿਆਰਥੀਆਂ ਵੱਲੋਂ ਪੜ੍ਹਾਈ ਲਈ ਲਏ ਗਏ ਕਰਜ਼ਿਆਂ (ਸਟੂਡੈਂਟ ਲੋਨ) ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ।
* ਛੋਟੇ ਬਿਜ਼ਨੈੱਸਾਂ ਲਈ ਕਰੈਡਿਟ ਕਾਰਡ ਫ਼ੀਸ ਘੱਟ ਕੀਤੀ ਗਈ ਹੈ ਅਤੇ ਕਾਰਬਨ ਰੀਬੇਟ ਵਿੱਚ ਵਾਧਾ ਕੀਤਾ ਗਿਆ ਹੈ।
* ਘਰਾਂ ਦੇ ਮਾਲਕਾਂ ਨੂੰ ਮੌਰਗੇਜ ਦੇ ਨਵਿਆਉਣ ਲਈ ਲੈਂਡਰਾਂ ਤੱਕ ਪਹੁੰਚ ਕਰਨ ਲਈ ‘ਕੈਨੇਡੀਅਨ ਮੌਰਗੇਜ ਚਾਰਟਰ’ ਬਣਾਇਆ ਗਿਆ ਹੈ ਜਿਸ ਨਾਲ ਉਹ ਆਸਾਨੀ ਨਾਲ ਮੌਰਗੇਜ ਦੇ ਸਕਣ।
* ਨਵਾਂ ‘ਟੈਕਸ ਫ਼ਰੀ ਫ਼ਸਟ ਹੋਮ ਸੇਵਿੰਗ ਅਕਾਉਂਟ’ (ਐੱਫ਼.ਐੱਚ.ਐੱਸ.ਏ.) ਬਣਾਇਆ ਗਿਆ ਹੈ ਜਿਸ ਨਾਲ 750,000 ਕੈਨੇਡਾ-ਵਾਸੀ ਆਪਣਾ ਪਹਿਲਾ ਘਰ ਖ਼੍ਰੀਦਣ ਲਈ ਬੱਚਤ ਕਰ ਸਕਣਗੇ। ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵੀ ਖ਼ੁਸ਼ੀ ਭਰਪੂਰ ਖ਼ਬਰਾਂ ਆਉਣ ਦੀ ਆਸ ਹੈ। ਪਿਛਲੇ ਹਫ਼ਤੇ ਸਟੈਟਿਸਟਿਕਸ ਕੈਨੇਡਾ ਨੇ ਬਿਆਨ ਦਿੱਤਾ ਸੀ ਕਿ 2022 ਦੇ ਮੱਧ ਵਿੱਚ 8.1% ਤੋਂ ਸਤੰਬਰ 2024 ਵਿਚ ਮਹਿੰਗਾਈ ਦੀ ਦਰ 1.6% ਘਟੀ ਹੈ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਬੈਂਕ ਆਫ਼ ਕੈਨੇਡਾ ਨੇ 50 ਪੁਆਇੰਟ ਦੇ ਆਧਾਰ ‘ਤੇ ਘਟਾ ਕੇ ਹੁਣ 3.75% ਕਰ ਦਿੱਤਾ ਹੈ। ਘਟਿਆ ਹੋਇਆ ਵਿਆਜ ਦਾ ਇਹ ਰੇਟ ਕੈਨੇਡਾ-ਵਾਸੀਆਂ ਨੂੰ ਮੌਰਗੇਜ ਖ਼੍ਰੀਦਣ, ਕਰਜ਼ੇ ਲੈਣ ਅਤੇ ਹੋਰ ਸਾਰੇ ਕਰੈਡਿਟ ਵਾਲੀਆਂ ਵਸਤਾਂ ਲੈਣ ਵਿਚ ਸਹਾਈ ਹੋਵੇਗਾ। ਬਿਜ਼ਨੈੱਸ ਅਦਾਰੇ ਇਸ ਨਾਲ ਆਪਣੇ ਬਿਜ਼ਨੈੱਸਾਂ ਵਿੱਚ ਵਾਧਾ ਕਰ ਸਕਣਗੇ ਜਿਸ ਨਾਲ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਦੇਸ਼ ਦੇ ਅਰਥਚਾਰੇ ਵਿਚ ਵਾਧਾ ਹੋਵੇਗਾ। ਅਰਥਚਾਰੇ ਵਿਚ ਜੇਕਰ ਸੰਭਾਵੀ ਸਕੀਮਾਂ ਦੇ ਅਨੁਕੂਲ ਵਾਧਾ ਹੁੰਦਾ ਹੈ ਤਾਂ ਭਵਿੱਖ ਵਿਚ ਵਿਆਜ ਦਰਾਂ ਦੇ ਹੋਰ ਵੀ ਘੱਟ ਹੋ ਜਾਣ ਦੀ ਸੰਭਾਵਨਾ ਬਣਦੀ ਹੈ।

 

Check Also

ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਲਗਾਇਆ ਰੌਕਵੁੱਡ ਕੰਜ਼ਰਵੇਸ਼ਨ ਪਾਰਕ ਦਾ ਮਨਮੋਹਕ ਟੂਰ

ਪੱਤਝੜ ਦੇ ਮੌਸਮ ‘ਚ ਕੁਦਰਤੀ ਰੰਗ ਵਟਾਉਂਦੀ ਬਨਸਪਤੀ ਦੇ ਮਾਣੇ ਨਜ਼ਾਰੇ ਬਰੈਂਪਟਨ/ਡਾ. ਝੰਡ : ਪੰਜਾਬ …