ਪੱਤਝੜ ਦੇ ਮੌਸਮ ‘ਚ ਕੁਦਰਤੀ ਰੰਗ ਵਟਾਉਂਦੀ ਬਨਸਪਤੀ ਦੇ ਮਾਣੇ ਨਜ਼ਾਰੇ
ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ-ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵੱਕਾਰੀ ਸੰਸਥਾ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਆਪਣੇ ਮੈਂਬਰਾਂ ਲਈ ਲੰਘੇ ਸ਼ਨੀਵਾਰ ਗੁਅੱਲਫ਼ ਵਿਖੇ ਰੌਕਵੁੱਡ ਕੰਜ਼ਰਵੇਸ਼ਨ ਪਾਰਕ ਦਾ ਸ਼ਾਨਦਾਰ ਟੂਰ ਆਯੋਜਿਤ ਕੀਤਾ ਗਿਆ। ਓਨਟਾਰੀਓ ਖਾਲਸਾ ਦਰਬਾਰ ਡਿਕਸੀ ਦੀ ਪਾਰਕਿੰਗ ਤੋਂ ਬੱਸ ਅਤੇ ਕਾਰਾਂ ਵਿੱਚ ਸਵਾਰ ਹੋ ਕੇ ਕਲੱਬ ਮੈਂਬਰਾਂ ਦਾ ਕਾਫ਼ਲਾ ਸਵੇਰੇ 10.00 ਵਜੇ ਗੁਅੱਲਫ਼ ਦੇ ਰੌਕਵੁੱਡ ਕੰਜ਼ਰਵੇਸ਼ਨ ਪਾਰਕ ਵਿਖੇ ਪੁੱਜਾ। ਮੌਸਮ ਸਾਜ਼ਗਾਰ ਨਾ ਹੋਣ ਦੇ ਬਾਵਜੂਦ ਮੈਂਬਰਾਂ ਵਿਚ ਇਸ ਟੂਰ ਲਈ ਭਾਰੀ ਉਤਸ਼ਾਹ ਸੀ। ਪਿਕਨਿਕ ਏਰੀਏ ਵਿੱਚ ਪਹੁੰਚਦੇ ਹੀ ਪ੍ਰਬੰਧਕਾਂ ਵੱਲੋਂ ਗਰਮ ਚਾਹ, ਕਾਫ਼ੀ, ਪੈਟੀਜ਼ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਸਨੈਕਸ ਨਾਲ ਮੈਂਬਰਾਂ ਦਾ ਬਰੇਕਫ਼ਾਸਟ ਕਰਵਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਲੱਬ ਦੇ ਸਰਪ੍ਰਸਤ ਗੁਰਚਰਨ ਸਿੰਘ ਖੱਖ ਨੇ ਮੈਂਬਰਾਂ ਨੂੰ ਜੀ-ਆਇਆਂ ਆਖਦਿਆਂ ਉਨ੍ਹਾਂ ਦਾ ਸੁਆਗ਼ਤ ਕੀਤਾ। ਮੌਸਮ ਦੀ ਅਨਿਸਚਤਾ ਨੂੰ ਭਾਂਪਦਿਆਂ ਉਨ੍ਹਾਂ ਸ਼੍ਰੀਮਤੀ ਜਸਾਨੀ ਨੂੰ ਕਰਚਰਲ ਪ੍ਰੋਗਰਾਮ ਆਰੰਭ ਕਰਨ ਕਰਨ ਲਈ ਸੱਦਾ ਦਿੱਤਾ ਜਿਨ੍ਹਾਂ ਤੋਂ ਬਾਅਦ ਜੋਗਿੰਦਰ ਕੌਰ ਮਰਵਾਹਾ ਨੇ ਸਮੂਹਿਕ ਰੂਪ ਵਿਚ ਇੱਕ ਗੁਰਬਾਣੀ ਸ਼ਬਦ ਦਾ ਗਾਇਨ ਕੀਤਾ। ਉਪਰੰਤ, ਮਰਵਾਹਾ ਜੋੜੀ ਵੱਲੋਂ ਭੰਗੜੇ ਤੇ ਗਿੱਧੇ ਦਾ ਦੌਰ ਸ਼ੁਰੂ ਹੋ ਗਿਆ। ਭੰਗੜੇ ਦੇ ਮਿਊਜ਼ਿਕ ਦੀ ਤਾਲ ‘ਤੇ ਥਿਕਕਦਿਆਂ ਮੈਂਬਰਾਂ ਨੇ ਠੰਢ ਤੋਂ ਨਿਜਾਤ ਪਾਈ ਅਤੇ ਅਗਲੇ ਪ੍ਰੋਗਰਾਮ ਲਈ ਨਾਰਮਲ ਜਿਹੇ ਹੋ ਗਏ।
ਨਿਰਧਾਰਤ ਪ੍ਰੋਗਰਾਮ ਅਨੁਸਾਰ ਸਾਰੇ ਮੈਂਬਰ ਛੋਟੇ-ਛੋਟੇ ਗਰੁੱਪਾਂ ਵਿਚ ਪਾਰਕ ਦੀ ਸੈਰ ਲਈ ਨਿਕਲ ਪਏ। ਕੁਝ ਚਿਰ ਬਾਅਦ ਜਦ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਤਾਂ ਮੌਸਮ ਹੋਰ ਵੀ ਖ਼ੁਸ਼ਗਵਾਰ ਹੋ ਗਿਆ। ਸਾਰਿਆਂ ਨੇ ਝੀਲ ਦੇ ਕੰਢੇ ਨਿੱਘੀ ਧੁੱਪ ਦਾ ਲੁਤਫ਼ ਉਠਾਇਆ। ਕੁਦਰਤੀ ਨਜ਼ਾਰਿਆਂ ਨੂੰ ਮਾਣਦੇ ਹੋਏ ਅਤੇ ਪੱਤਝੜ ਦੇ ਇਸ ਮੌਸਮ ਵਿੱਚ ਰੁੱਖਾਂ ਦੇ ਪੱਤਿਆਂ ਤੇ ਹੋਰ ਬਨਸਪਤੀ ਨੂੰ ਰੰਗ ਵਟਾਉਂਦਿਆਂ ਤੱਕ ਕੇ ਸਾਰੇ ਮੈਂਬਰ ਖ਼ੁਸ਼ੀ ‘ਚ ਖ਼ੀਵੇ ਹੋ ਰਹੇ ਸਨ। ਇਨ੍ਹਾਂ ਹੁਸੀਨ ਪਲਾਂ ਨੂੰ ਆਪਣੇ ਸੈੱਲਫ਼ੋਨਾਂ ਦੇ ਕੈਮਰਿਆਂ ਵਿਚ ਕੈਦ ਕਰਦੇ ਹੋਏ ਉਹ ਅੱਗੇ ਵੱਧ ਰਹੇ ਸਨ ਕਿ ਅਚਾਨਕ ਕਿਣਮਿਣ ਸ਼ੁਰੂ ਹੋ ਗਈ। ਮੀਂਹ ਵਿੱਚ ਭਿੱਜਣ ਦੇ ਡਰੋਂ ਸਾਰੇ ਤੇਜ਼ ਕਦਮੀਂ ਪਿਕਨਿਕ ਸ਼ੈੱਡ ਵੱਲ ਹੋ ਤੁਰੇ। ਦੁਪਹਿਰ ਦੇ ਇੱਕ ਵਜੇ ਦੇ ਕਰੀਬ ਮੈਂਬਰਾਂ ਨੂੰ ਗਰਮ-ਗਰਮ ਪੀਜ਼ੇ ਅਤੇ ਕੋਲਡ ਡਰਿੰਕਸ ਦਾ ਲੰਚ ਕਰਵਾਇਆ ਗਿਆ ਜਿਸ ਦਾ ਸਾਰਿਆਂ ਨੇ ਖ਼ੂਬ ਅਨੰਦ ਮਾਣਿਆਂ। ਖਾਣੇ ਤੋਂ ਬਾਅਦ ਮਨੋਰੰਜਨ ਦਾ ਦੂਸਰਾ ਦੌਰ ਆਰੰਭ ਹੋ ਗਿਆ। ਕਲੱਬ ਦੇ ਸੀਨੀਅਰ ਮੈਂਬਰ ਸੁਖਦੇਵ ਸਿੰਘ ਬੇਦੀ ਹਿੰਦੀ ਫ਼ਿਲਮਾਂ ਦੇ ਗਾਣਿਆਂ ਦੀਆਂ ਖ਼ੂਬਸੂਰਤ ਧੁਨਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿਚ ਗਾ ਕੇ ਸਾਰਿਆਂ ਦਾ ਖ਼ੂਬ ਮਨੋਰੰਜਨ ਕੀਤਾ। ਮਰਵਾਹਾ ਜੋੜੀ ਨੇ ਪੰਜਾਬੀ ਗੀਤਾਂ ਤੇ ਦੋਗਾਣਿਆਂ ਨਾਲ ਖ਼ੂਬ ਰੰਗ ਬੰਨ੍ਹਿਆਂ। ਦਲਬੀਰ ਸਿੰਘ ਕਾਲੜਾ ਨੇ ਹਿੰਦੀ ਫ਼ਿਲਮੀ ਗੀਤ ਗਏ। ਤਰਲੋਕ ਸਿੰਘ ਸੋਢੀ ਨੇ ਇੱਕ ਗ਼ਜ਼ਲ ਗਾਈ ਅਤੇ ਤੇਜਿੰਦਰ ਸਿੰਘ ਵੱਲੋਂ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸਬੰਧਿਤ ਕਵਿਤਾ ਪੇਸ਼ ਕੀਤੀ ਗਈ। ਕਲੱਬ ਦੇ ਬਾਨੀ ਮੈਂਬਰ ਮਲੂਕ ਸਿੰਘ ਕਾਹਲੋਂ ਦੀ ਬਹੁ-ਪੱਖੀ ਸ਼ਖ਼ਸੀਅਤ ਦਾ ਉਲੇਖ ਕਰਦਾ ਸ਼ਬਦ-ਚਿੱਤਰ ਕਾਵਿ-ਰੂਪ ਵਿਚ ਸਤਪਾਲ ਸਿੰਘ ਕੋਮਲ ਵੱਲੋਂ ਪੇਸ਼ ਕਰਨ ਤੋਂ ਬਾਅਦ ਗੁਰਚਰਨ ਸਿੰਘ ਖੱਖ ਨੇ ਬੜੇ ਭਾਵਪੂਰਤ ਸ਼ਬਦਾਂ ਵਿੱਚ ਇਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਦਾ ਇਕ-ਇੱਕ ਸ਼ਬਦ ਮਲੂਕ ਸਿੰਘ ਕਾਹਲੋਂ ਦੀ ਸ਼ਖ਼ਸੀਅਤ ‘ਤੇ ਪੂਰਾ ਢੁੱਕਦਾ ਹੈ। ਉਨ੍ਹਾਂ ਕਾਹਲੋਂ ਸਾਹਿਬ ਦੀ ਸ਼ੀਘਰ ਤੰਦਰੁਸਤੀ ਦੀ ਕਾਮਨਾ ਕੀਤੀ।
ਪ੍ਰੋਗਰਾਮ ਦੇ ਅੰਤ ਵਿਚ ਕਲੱਬ ਦੇ ਅਹੁਦੇਦਾਰਾਂ ਗੁਰਚਰਨ ਸਿੰਘ ਖੱਖ, ਹਰਚਰਨ ਸਿੰਘ, ਗਿਆਨ ਪਾਲ, ਮਨਜੀਤ ਸਿੰਘ, ਰਾਮ ਸਿੰਘ, ਦਲਬੀਰ ਸਿੰਘ ਕਾਲੜਾ, ਬਰਜਿੰਦਰ ਸਿੰਘ ਮਰਵਾਹਾ, ਸੁਖਦੇਵ ਸਿੰਘ ਬੇਦੀ ਵੱਲੋਂ ਸਾਰੇ ਪ੍ਰੋਗਰਾਮ ਦੀ ਫ਼ੋਟੋਗ੍ਰਾਫ਼ੀ ਲਈ ਪਰਵਿੰਦਰ ਸਿੰਘ ਅਨੰਦ ਅਤੇ ਬਰੇਕਫ਼ਾਸਟ ਦੇ ਸ਼ਾਨਦਾਰ ਪ੍ਰਬੰਧ ਲਈ ਬਰਜਿੰਦਰ ਸਿੰਘ ਮਰਵਾਹਾ ਦਾ ਧੰਨਵਾਦ ਕੀਤਾ ਗਿਆ। ਕਲੱਬ ਦੀ ਸਮੁੱਚੀ ਟੀਮ ਵੱਲੋਂ ਇਸ ਟੂਰ ਨੂੰ ਸਫ਼ਲ ਬਨਾਉਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ 8 ਦਸੰਬਰ ਨੂੰ ਫਿਰ ਮਿਲਣ ਦਾ ਵਾਅਦਾ ਕਰਨ ਉਪਰੰਤ ਸਾਰਿਆਂ ਨੂੰ ਘਰ-ਵਾਪਸੀ ਲਈ ਰਵਾਨਾ ਕੀਤਾ ਗਿਆ।
Check Also
ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੇ 40ਵੇਂ ਸਾਲ ‘ਤੇ ਐਬਸਫੋਰਡ ਵਿਖੇ ਖੂਨਦਾਨ ਕੈਂਪ ਨੂੰ ਬੇਮਿਸਾਲ ਹੁੰਗਾਰਾ
ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ …