‘ਪੰਜਾਬ ਚੈਰਿਟੀ’ ਅਤੇ ਲਿੰਕਨ ਐੱਮ. ਅਲੈੱਗਜ਼ੈਂਡਰ ਐੱਮ. ਸਕੂਲ ਦਾ ਸਾਂਝਾ ਉਪਰਾਲਾ
ਮਾਲਟਨ/ਡਾ. ਝੰਡ
ਬੀਤੇ ਐਤਵਾਰ 28 ਫ਼ਰਵਰੀ ਨੂੰ ‘ਪੰਜਾਬ ਚੈਰਿਟੀ’ ਅਤੇ ਲਿੰਕਨ ਐੱਮ. ਅਲੈੱਗਜ਼ੈਂਡਰ ਸਕੂਲ ਦੇ ਸਟਾਫ਼ ਦੇ ਸਾਂਝੇ ਉੱਦਮ ਨਾਲ ਬੱਚਿਆਂ ਅਤੇ ਬਾਲਗਾਂ ਦੇ ਭਾਸ਼ਨ-ਮੁਕਾਬਲੇ ਕਰਵਾਏ ਗਏ ਅਤੇ ਤਿੰਨ ਘੰਟੇ ਤੋਂ ਵੀ ਵਧੀਕ ਚੱਲੇ ਇਸ ਵਿੱਚ ਬੋਲਣ ਦਾ ਵਿਸ਼ਾ ਵਰਤਮਾਨ ਅਹਿਮ-ਸਮੱਸਿਆ ਸੀ, ‘ਪਾਣੀ ਬਚਾਓ’। ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਅਤੇ ਬਾਲਗਾਂ ਵੱਲੋਂ ਪਾਣੀ ਨਾਲ ਸਬੰਧਿਤ ਮੁੱਦਿਆਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਗਏ। ਕਈ ਬੱਚਿਆਂ ਦੀ ਪੇਸ਼ਕਾਰੀ ਬਾ-ਕਮਾਲ ਸੀ ਜਿਸ ਨੂੰ ਬੇਹੱਦ ਸਰਾਹਿਆ ਗਿਆ। ਏਸੇ ਵਿਸ਼ੇ ਨਾਲ ਸਬੰਧਿਤ ਬੱਚਿਆਂ ਦੇ ਵੱਖ-ਵੱਖ ਵਰਗਾਂ ਦੇ ਪੇਂਟਿੰਗ-ਮੁਕਾਬਲੇ ਵੀ ਕਰਵਾਏ ਗਏ। ‘ਉੱਤਰੀ ਅਮਰੀਕਨ ਤਰਕਸ਼ੀਲ ਸੋਸਾਇਟੀ’ ਵੱਲੋਂ ਇਸ ਮੌਕੇ ਪੰਜਾਬੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿੱਥੇ ਕਈ ਇਹ ਪੁਸਤਕਾਂ ਵੇਖ ਅਤੇ ਖਰੀਦ ਰਹੇ ਸਨ।
ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਬੁਲਾਰਿਆਂ ਨੂੰ ਕੁਲ ਸੱਤ ਵਰਗਾਂ ਵਿੱਚ ਵੰਡਿਆ ਗਿਆ ਜਿਨ੍ਹਾਂ ਵਿੱਚੋਂ ਤਿੰਨ ਵਰਗ ਛੋਟੇ ਬੱਚਿਆਂ ਦੇ ਸਨ। ਇਨ੍ਹਾਂ ਵਿੱਚ ਜੇ.ਕੇ./ਐੱਸ.ਕੇ. ਵਿੱਚ ਚਾਰ, ਪਹਿਲੇ/ਦੂਜੇ ਗਰੇਡ ਵਿੱਚ ਨੌਂ ਅਤੇ ਤੀਸਰੇ/ਚੌਥੇ ਗਰੇਡ ਵਿੱਚ ਛੇ ਬੱਚਿਆਂ ਨੇ ਭਾਗ ਲਿਆ। ਉੱਪਰਲੇ ਸੀਨੀਅਰ ਵਰਗ ਵਿੱਚ ਗਰੇਡ ਪੰਜ-ਛੇ, ਸੱਤ-ਅੱਠ, ਨੌਂ-ਬਾਰਾਂ ਅਤੇ ਬਾਲਗ ਵਰਗ ਹਰੇਕ ਵਿੱਚ ਚਾਰ-ਚਾਰ ਬੁਲਾਰੇ ਸਨ। ਇਸ ਤਰ੍ਹਾਂ ਇਨ੍ਹਾਂ ਮੁਕਾਬਲਿਆਂ ਵਿੱਚ ਕੁਲ 35 ਬੁਲਾਰੇ ਆਪੋ-ਆਪਣੇ ਭਾਸ਼ਨ ਨਾਲ ਹਾਜ਼ਰੀਨ ਅਤੇ ਜੱਜਾਂ ਨੂੰ ਮੁਖ਼ਾਤਬ ਹੋਏ। ਵੱਖ-ਵੱਖ ਵਰਗਾਂ ਵਿੱਚੋਂ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ‘ਤੇ ਆਉਣ ਵਾਲਿਆਂ ਨੂੰ ਟਰਾਫ਼ੀਆਂ ਤੇ ਸਰਟੀਫੀਕੇਟ ਇਨਾਮ ਵਜੋਂ ਦਿੱਤੇ ਗਏ। ਨੌਂ ਤੋਂ ਬਾਰਾਂ ਵਰਗ ਦੇ ਚਾਰ ਬੱਚਿਆਂ ਨੂੰ 75-75 ਡਾਲਰ ਦੇ ਨਕਦ ਇਨਾਮ ਵੀ ਦਿੱਤੇ ਗਏ। ਇੱਥੇ ਇਹ ਵਰਨਣਯੋਗ ਹੈ ਕਿ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਲਈ ਮਨਜੀਤ ਸਿੰਘ ਸੰਧੂ ਦੇ ਪਰਿਵਾਰ ਵੱਲੋਂ ਆਪਣੇ ਸਵਰਗਵਾਸੀ ਪਿਤਾ ਜੀ ਦੀ ਯਾਦ ਵਿੱਚ 1100 ਡਾਲਰ ਅਤੇ ਇੱਕ ਹੋਰ ਬੀਬੀ ਵੱਲੋਂ ਗੁਪਤ ਰੂਪ ਵਿੱਚ 300 ਡਾਲਰ ਪ੍ਰਬੰਧਕਾਂ ਨੂੰ ਭੇਂਟ ਕੀਤੇ ਗਏ।
ਬਹੁਤੇ ਬੁਲਾਰਿਆਂ ਦੇ ਸੰਬੋਧਨਾਂ ਵਿੱਚ ਪਾਣੀ ਨੂੰ ਬਚਾਉਣ ਦੀਆਂ ਤਰਕੀਬਾਂ, ਜਿਵੇਂ ਦੰਦਾਂ ਨੂੰ ਬੁਰਸ਼ ਕਰਨ ਦੌਰਾਨ ਟੂਟੀ ਖੁੱਲ੍ਹੀ ਨਾ ਰਹਿਣ ਦੇਣਾ, ਟੂਟੀਆਂ ਨੂੰ ਲੀਕ ਕਰਦੀਆਂ ਨਾ ਰਹਿਣ ਦੇਣਾ, ਨਹਾਉਣ ਵੇਲੇ ਪਾਣੀ ਦੀ ਸੁਚੱਜੀ ਵਰਤੋਂ, ਕੱਪੜੇ ਅਤੇ ਭਾਂਡੇ ਧੋਣ ਵਾਲੀਆਂ ਮਸ਼ੀਨਾਂ ਦੇ ਲੋਡ ਪੂਰੇ ਕਰਕੇ ਚਲਾਉਣਾ, ਬਾਰਸ਼ ਦੇ ਦਿਨਾਂ ਵਿੱਚ ਸਪਰਿੰਕਲਿਗ-ਸਿਸਟਮ ਬੰਦ ਰੱਖਣਾ ਅਤੇ ਵੱਡੇ-ਵੱਡੇ ਢੋਲਾਂ ਵਿੱਚ ਬਾਰਸ਼ ਦਾ ਪਾਣੀ ਇਕੱਠਾ ਕਰ ਲੈਣਾ, ਆਦਿ ਸ਼ਾਮਲ ਸਨ। ਕਈਆਂ ਨੇ ਧਰਤੀ ‘ਤੇ ਪਾਣੀ ਅਤੇ ਮਨੁੱਖੀ ਸਰੀਰ ਵਿੱਚ ਪਾਣੀ ਦੀ ਪ੍ਰਤੀਸ਼ਤਤਾ, ਗੁਰਬਾਣੀ ਵਿੱਚ ਪਾਣੀ ਨਾਲ ਸਬੰਧਿਤ ਸ਼ਬਦਾਂ ”ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭ ਕੋਇ”, ”ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ”, ਕਵਿਤਾਵਾਂ ਦੇ ਕਈ ਬੰਦ ਜਿਵੇਂ ”ਧਰਤੀ ਹੇਠੋਂ ਜੇ ਮੁੱਕ ਗਿਆ ਪਾਣੀ, ਮੁੱਕ ਜਾਣੀ ਫਿਰ ਇਸ ਦੁਨੀਆਂ ‘ਤੇ ਜੀਵਨ ਕਹਾਣੀ” ਆਦਿ ਦੀ ਆਪਣੇ ਭਾਸ਼ਨਾਂ ਵਿੱਚ ਸੁਚੱਜੀ ਵਰਤੋਂ ਕੀਤੀ। ਬੁਲਾਰਿਆਂ ਵਿੱਚ ਇੱਕ ਬੱਚੀ ਵੱਲੋਂ ਪਾਣੀ ਅਤੇ ਔਰਤ ਦੀ ਸਮਾਨਤਾ ਬੜੇ ਹੀ ਖ਼ੂਬਸੂਰਤ ਸ਼ਬਦਾਂ ਵਿੱਚ ਦਰਸਾਈ ਗਈ। ਉਸ ਦਾ ਕਹਿਣਾ ਸੀ ਕਿ ਜਿਵੇਂ ਪਾਣੀ ਨੂੰ ਜਿਹੋ ਜਿਹੇ ਭਾਂਡੇ ਵਿੱਚ ਪਾਓ, ਇਹ ਓਹੋ ਜਿਹਾ ਰੂਪ ਅਖ਼ਤਿਆਰ ਕਰ ਲੈਂਦਾ ਹੈ, ਏਸੇ ਤਰ੍ਹਾਂ ਔਰਤ ਵੀ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੀ ਹੈ। ਇੰਜ ਹੀ, ਇੱਕ ਹੋਰ ਬੱਚੀ ਨੇ ਪਾਣੀ ਦੇ ਵੱਖ-ਵੱਖ ‘ਰੂਪਾਂ’ ਦਾ ਜ਼ਿਕਰ ਬਹੁਤ ਵਧੀਆ ਢੰਗ ਨਾਲ ਕੀਤਾ ਕਿ ਜੇਕਰ ਪਾਣੀ ਧਰਤੀ ਉੱਪਰ ਡਿੱਗੇ ਤਾਂ ਇਹ ‘ਮੀਂਹ’ ਹੈ ਅਤੇ ਜੇ ਧਰਤੀ ਉੱਪਰੋਂ ਉੱਡੇ ਤਾਂ ‘ਭਾਫ਼’। ਜੇਕਰ ਇਹ ਧਰਤੀ ‘ਤੇ ਜੰਮ ਕੇ ਡਿੱਗੇ ਤਾਂ ‘ਬਰਫ਼’ ਹੈ, ਜੇ ਫੁੱਲਾਂ ਅਤੇ ਹਰੇ ਘਾਹ ‘ਤੇ ਆਰਾਮ ਨਾਲ ਪਵੇ ਤਾਂ ‘ਤਰੇਲ’ ਹੈ, ਜੇ ਸਰੀਰ ਦੇ ਮੁਸਾਮਾਂ ‘ਚੋਂ ਬਾਹਰ ਆਵੇ ਤਾਂ ‘ਮੁੜ੍ਹਕਾ’ ਹੈ ਅਤੇ ਜੇਕਰ ਅੱਖਾਂ ‘ਚੋਂ ਆਵੇ ਤਾਂ ‘ਅੱਥਰੂ’ ਤੇ ‘ਖ਼ਾਰਾ-ਪਾਣੀ’ ਹੈ। ਕਦੀ ਇਹ ‘ਹੜ੍ਹ’ ਬਣ ਕੇ ਵੀ ਜਾਂਦਾ ਹੈ ਅਤੇ ਮਨੁੱਖਤਾ ਦਾ ਬੇਹੱਦ ਨੁਕਸਾਨ ਕਰਦਾ ਹੈ।
ਭਾਸ਼ਨਾਂ ਦੇ ਅਖ਼ੀਰ ‘ਤੇ ਜੱਜਾਂ ਵੱਲੋਂ ਨਤੀਜਿਆਂ ਦੇ ਬਣਨ ਦੌਰਾਨ ਪੰਜਾਬ ਤੋਂ ਆਏ ਤਰਕਸ਼ੀਲ ਆਗੂ ਬਲਵਿੰਦਰ ਸਿੰਘ ਬਰਨਾਲਾ ਜੋ ਵੱਖ-ਵੱਖ ਸਕੂਲਾਂ ਵਿੱਚ ਬਤੌਰ ਅਧਿਆਪਕ ਅਤੇ ਪ੍ਰਿੰਸੀਪਲ ਵਿਚਰੇ ਹਨ, ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵਿੱਦਿਆ ਦੇ ਚਾਰ ਥੰਮ੍ਹਾਂ ਅਧਿਆਪਕ, ਵਿਦਿਆਰਥੀ, ਮਾਪੇ ਅਤੇ ਪ੍ਰਬੰਧਕ ਕਮੇਟੀਆਂ/ਸਰਕਾਰਾਂ ਦਾ ਜ਼ਿਕਰ ਬੜੇ ਵਧੀਆ ਸ਼ਬਦਾਂ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਵਿੱਚੋਂ ਇੱਕ ਵੀ ਅਵੇਸਲਾ ਹੋ ਜਾਏ ਤਾਂ ਸਮੁੱਚੇ ਵਿਦਿਅਕ-ਢਾਂਚੇ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਬਲਵਿੰਦਰ ਬਰਨਾਲਾ ਅਤੇ ਹਾਜ਼ਰੀਨ ਵਿੱਚ ਸ਼ਾਮਲ ਸਕੂਲ-ਟਰੱਸਟੀ ਹਰਕੀਰਤ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ ਅਤੇ ਹਰਜੀਤ ਸਿੰਘ ਬੇਦੀ ਕੋਲੋਂ ਬੱਚਿਆਂ ਨੂੰ ਇਨਾਮ ਤਕਸੀਮ ਕਰਵਾਏ ਗਏ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਵਿੱਚ ਬਲਿਹਾਰ ਸਿੰਘ ਨਵਾਂ-ਸ਼ਹਿਰ, ਗਗਨਦੀਪ ਮਹਾਲੋਂ, ਮਨਜਿੰਦਰ ਸਿੰਘ ਥਿੰਦ, ਗੁਰਨਾਮ ਸਿੰਘ ਢਿੱਲੋਂ, ਗੁਰਜੀਤ ਸਿੰਘ, ਹਰਕੀਰਤ ਸਿੰਘ ਲੰਬੜ ਅਤੇ ਅਜਾਇਬ ਸਿੰਘ ਸਿੱਧੂ ਆਦਿ ਸ਼ਾਮਲ ਸਨ। ਪ੍ਰੋਗਰਾਮ ਨੂੰ ਤਰਤੀਬ ਦੇਣ ਅਤੇ ਮੰਚ-ਸੰਚਾਲਨ ਦੀ ਕਾਰਵਾਈ ਵਿਗਿਆਨ ਦੇ ਅਧਿਆਪਕ ਗੁਰਨਾਮ ਸਿੰਘ ਢਿੱਲੋਂ ਨੇ ਖ਼ੂਬਸੂਰਤ ਪੰਜਾਬੀ ਬੋਲਦਿਆਂ ਬਾਖ਼ੂਬੀ ਨਿਭਾਈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …