1.6 C
Toronto
Friday, February 20, 2026
spot_img
Homeਕੈਨੇਡਾਪੈਰਿਟੀ ਰੋਡ ਬਰੈਂਪਟਨ ਵਿਖੇ ਪੰਜਾਬਣਾਂ ਨੇ ਮਨਾਇਆ ਤੀਆਂ ਦਾ ਮੇਲਾ

ਪੈਰਿਟੀ ਰੋਡ ਬਰੈਂਪਟਨ ਵਿਖੇ ਪੰਜਾਬਣਾਂ ਨੇ ਮਨਾਇਆ ਤੀਆਂ ਦਾ ਮੇਲਾ

ਬਰੈਂਪਟਨ/ਬਿਊਰੋ ਨਿਊਜ਼
ਲੰਘੇ ਐਤਵਾਰ, ਬਰੈਂਪਟਨ ਦੇ ਪੈਰਿਟੀ ਰੋਡ ਨੇੜਲੀਆਂ ਪੰਜਾਬਣਾਂ ਨੇ ਨਵੇਂ ਬਣੇ ਪਾਰਕ ਵਿਚ ਤੀਆਂ ਦਾ ਤਿਉਹਾਰ ਮਨਾਇਆ। ਉਨ੍ਹਾਂ ਬੜੇ ਉਤਸ਼ਾਹ ਨਾਲ ਰਲ ਮਿਲ ਕੇ ਇਸ ਦਾ ਸਾਰਾ ਇੰਤਜ਼ਾਮ ਕੀਤਾ, ਜਿਸ ਵਿਚ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀ। ਪੰਜਾਬਣਾਂ, ਸੌਣ ਮਹੀਨੇ ਦੀ ਤੀਜ ਤੋਂ ਪੂਰਨਮਾਸ਼ੀ ਤੱਕ ਮਨਾਈਆਂ ਜਾਂਦੀਆਂ ਤੀਆਂ ਨੂੰ, ਜੋ 50-60 ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਬੜੀਆਂ ਪ੍ਰਚੱਲਤ ਸਨ, ਬੜੀ ਉਤਸੁਕਤਾ ਨਾਲ ਉਡੀਕਦੀਆਂ। ਇਹ ਉਹ ਦਿਨ ਹੁੰਦੇ ਸਨ, ਜਦ ਔਰਤਾਂ ਪੇਕੇ ਜਾਣਾ ਆਪਣਾ ਹੱਕ ਸਮਝਦੀਆਂ ਸਨ। ਖੇਤਾਂ ਵਿਚ ਔਰਤਾਂ ਦੇ ਕਰਨ ਵਾਲੇ ਕੰਮ ਵੀ ਇਹਨੀ ਦਿਨੀ ਘੱਟ ਹੁੰਦੇ। ਭਰਾ ਅਪਣੀਆਂ ਭੈਣਾਂ ਨੂੰ ਉਨ੍ਹਾਂ ਦੇ ਸੁਹਰਿਓਂ ਲੈ ਕੇ ਆਉਂਦੇ। ਆਪਣੇ ਵਿਆਹ ਤੋਂ ਬਾਅਦ ਵੱਖੋ ਵੱਖਰੀਆਂ ਥਾਂਵਾਂ ਤੇ ਖਿਲਰੀਆਂ ਸਹੇਲੀਆਂ ਨੂੰ ਫਿਰ ਤੋਂ ਬੈਠ, ਰਲ ਮਿਲ ਸੁੱਖ ਦੁੱਖ ਦੀਆਂ ਗੱਲਾਂ ਕਰਨ ਦਾ ਇਹ ਵਧੀਆ ਮੌਕਾ ਹੁੰਦਾ। ਪਿੰਡ ਦੇ ਬਾਹਰ ਵੱਡੇ ਬੋਹੜਾਂ ਤੇ ਪਿਪਲਾਂ ਦੁਆਲੇ ਸ਼ਾਮ ਵੇਲੇ ਕੁੜੀਆਂ ਦਾ ਇਕੱਠ ਹੁੰਦਾ, ਚੰਗੇ ਰੱਸੇ ਲਿਆ ਪੀਘਾਂ ਪਾਈਆਂ ਤੇ ਝੂਟੀਆਂ ਜਾਂਦੀਆਂ। ਵੱਡੇ ਘੇਰੇ ਵਿਚ ਜੁੜ, ਔਰਤਾਂ, ਬੋਲੀਆਂ ਪਾਉਂਦੀਆਂ ਨੱਚਦੀਆਂ ਤੇ ਗਿੱਧਾ ਪਾਉਂਦੀਆਂ। ਅਖੀਰਲੇ ਦਿਨ, ਇਹ ਇਕੱਠ, ਭੀੜ ਦਾ ਰੂਪ ਧਾਰਨ ਕਰਦਾ ਅਤੇ ਕੁਝ ਕੁ ਦੁਕਾਨਾਂ ਦੀਆਂ ਰਿਉੜੀਆਂ ਪਤਾਸਿਆਂ ਦਾ ਮੁਫ਼ਤ ਵਿਚ ਆਨੰਦ ਮਾਣਦਾ। ਇਨ੍ਹਾਂ ਛੋਟੀਆਂ ਹੱਟਾਂ ਦੇ ਬਾਣੀਆਂ ਨੂੰ ਵੀ ਇਸ ਦਾ ਪਤਾ ਹੁੰਦਾ ਅਤੇ ਉਹ ਇਸ ਮੁਫ਼ਤ ਖੋਰੀ ਨੂੰ ਹੱਸ ਖੇਡ ਵਿਚ ਜਰ ਜਾਂਦੇ। ਆਪਣੇ ਵਿਰਸੇ ਨੂੰ ਯਾਦ ਕਰਦਿਆਂ, ਪੰਜਾਬਣਾਂ ਵਲੋਂ ਅੱਜ ਕਲ੍ਹ ਵਿਦੇਸ਼ਾਂ ਵਿਚ ਸਗੋਂ ਪੰਜਾਬ ਨਾਲੋਂ ਵੀ ਵਧ ਚੜ੍ਹ ਕੇ ਇਸ ਤਿਉਹਾਰ ਨੂੰ ਕਈ ਦਿਨ ਤਾਂ ਨਹੀਂ, ਪਰ ਕਿਸੇ ਇੱਕ ਦਿਨ ਮਨਾਇਆ ਜਾਣ ਲੱਗਾ ਹੈ। ਜਦ ਪੁਰਾਣੇ ਜਮਾਨੇ, ਇਹਨੀ ਦਿੱਨੀਂ ਘਰਾਂ ਵਿਚ ਮਾਲ੍ਹ ਪੂੜੇ, ਗੁਲਗਲੇ ਆਦਿ ਬਣਾਏ ਜਾਂਦੇ, ਇਥੇ ਬਣੇ ਬਣਾਏ ਲੱਡੂ, ਜਲੇਬੀਆਂ, ਗੁਲਾਬ ਜਾਮਣਾਂ, ਸਮੋਸੇ ਤੇ ਪਕੌੜੇ ਖੁਲ੍ਹੇ ਵਰਤਾਏ ਜਾਂਦੇ ਹਨ। ਬੱਚੇ ਇਸ ਮੌਕੇ ਕੋਕੇ ਕੋਲੇ ਦੀਆਂ ਵੱਡੀਆਂ ਬੋਤਲਾਂ ਦਾ ਆਨੰਦ ਮਾਣਦੇ ਹਨ। ਪੰਜਾਬ ਵਾਂਗ ਜੁੜੀਆਂ ਔਰਤਾਂ, ਖਾਸ ਕਰ ਵੱਡੀ ਉਮਰ ਦੀਆਂ, ਪੁਰਾਣੀਆਂ ਬੋਲੀਆਂ, ਗਿੱਧਾ ਪਾਉਂਦੀਆਂ ਅਤੇ ਨਚਦੀਆਂ ਹਨ। ਹਰ ਪਾਰਕ ਵਿਚ ਜਿਥੇ ਕਿਤੇ ਵੀ ਇਹ ਇਕੱਠ ਹੁੰਦਾ ਹੈ, ਇੱਕ ਬੋਲੀ ਬੜੀ ਆਮ ਸੁਣੀ ਜਾ ਸਕਦੀ ਹੈ। ਇਸ ਤੀਆਂ ਦੇ ਮੇਲੇ ਵਿਚ ਵੀ ਇਹ ਵਾਰ ਵਾਰ ਦੁਹਰਾਈ ਜਾ ਰਹੀ ਸੀ:
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ
ਇੱਕੋ ਤਵੀਤ ਉਹਦੇ ਘਰ ਦਾ ਨੀ,
ਜਦੋਂ ਲੜਦਾ ਤਾਂ ਲਾਹਦੇ ਲਾਹਦੇ ਕਰਦਾ ਨੀ।
ਬੋਲੀ ਛੋਟੀ ਹੈ, ਛੇਤੀ ਮੁੱਕ ਜਾਂਦੀ ਹੈ ਅਤੇ ਨਾਲ ਹੀ ਗਿੱਧੇ ਅਤੇ ਨੱਚਣ ਲਈ ਮਾਹੌਲ ਸਿਰਜ ਜਾਂਦੀ ਹੈ, ਜਿਸ ਵਿਚ ਛੋਟੀ ਤੋਂ ਵੱਡੀ ਉਮਰ ਦੀਆਂ ਔਰਤਾਂ ਰੱਲ ਮਿਲ ਮੇਲੇ ਦਾ ਰੰਗ ਬੰਨ ਦਿੰਦੀਆਂ ਹਨ। ਇਸ ਤੀਆਂ ਦੇ ਮੇਲੇ ਵਿਚ ਵੀ ਇਸ ਤਰ੍ਹਾਂ ਦੀਆਂ ਬੋਲੀਆਂ ਨੇ ਚੰਗੀ ਰੌਣਕ ਬਣਾਈ ਰੱਖੀ। ਇਸ ਸਮਾਗਮ ਵਿਚ ਖਾਣ ਪੀਣ ਦਾ ਪ੍ਰਬੰਧ ਬਲਵਿੰਦਰ ਕੌਰ, ਮਨਜੀਤ ਕੌਰ, ਅਮ੍ਰਿਤਪਾਲ ਕੌਰ ਅਤੇ ਸਿਮਰਨਜੀਤ ਕੌਰ ਨੇ ਕੀਤਾ ਅਤੇ ਚਾਹ ਪਾਣੀ ਵਰਤਾਉਣ ਵਿਚ ਮੁੱਖ ਭੂਮਿਕਾ ਕੈਪਟਨ ਇਕਬਾਲ ਸਿੰਘ ਵਿਰਕ, ਹਰਬੰਸ ਸਿੰਘ ਸਿੱਧੂ, ਜਸਵੰਤ ਸਿੰਘ ਗਿੱਲ ਅਤੇ ਰਾਜਿੰਦਰ ਸਿੰਘ ਗਰੇਵਾਲ ਨੇ ਨਿਭਾਈ।

 

RELATED ARTICLES
POPULAR POSTS