ਬਰੈਂਪਟਨ/ਡਾ.ਝੰਡ : ‘ਸੇਵਾ ਦੇ ਪੁੰਜ’ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ ਨਿੱਘੀ ਯਾਦ ਵਿਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਪ੍ਰਬੰਧਕਾਂ ਸੰਗਤਾਂ ਦੇ ਸਹਿਯੋਗ ਨਾਲ ‘ਸੱਤਵਾਂ ਪੈਦਲ-ਮਾਰਚ’ ਲੰਘੇ ਐਤਵਾਰ 30 ਜੁਲਾਈ ਨੂੰ ਆਯੋਜਿਤ ਕੀਤਾ ਗਿਆ। ਇਹ ਪੈਦਲ-ਮਾਰਚ ਭਗਤ ਪੂਰਨ ਸਿੰਘ ਜੀ ਦੇ ‘ਵਾਤਾਵਰਣ ਦੀ ਸ਼ੁੱਧਤਾ ਅਤੇ ਅਰੋਗ ਮਨੁੱਖੀ ਜੀਵਨ’ ਦੇ ਸੰਕਲਪ ਨੂੰ ਸਮਰਪਿਤ ਸੀ ਅਤੇ ਪਿਛਲੇ ਕਈ ਸਾਲਾਂ ਵਾਂਗ ਇਸ ਵਾਰ ਵੀ ਇਸ ਵਿਚ ਵਿਚ ਵੱਡੀ ਗਿਣਤੀ ਵਿਚ ਬੱਚਿਆਂ, ਬਜ਼ੁਰਗਾਂ ਅਤੇ ਨੌਜੁਆਨਾਂ ਨੇ ਭਾਗ ਲਿਆ। 585 ਪੀਟਰ ਰੌਬਰਟਸਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਇਹ ਪੈਦਲ-ਮਾਰਚ ਠੀਕ 10.45 ਵਜੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਤੋਂ ਸ਼ੁਰੂ ਹੋਇਆ। ਇਸ ਨੂੰ ਪਿੰਗਲਵਾੜਾ ਅੰਮ੍ਰਿਤਸਰ ਦੇ ਸੇਵਾਦਾਰਾਂ ਵੱਲੋਂ ਹਰੀ ਝੰਡੀ ਵਿਖਾਈ ਗਈ ਅਤੇ ਇਹ ਡਿਕਸੀ ਰੋਡ ਦੇ ਨਾਲ ਨਾਲ ਚੱਲਦਾ ਹੋਇਆਂ ਔਕਟਿਲੋ ਬੁਲੇਵਾਰਡ ਅਤੇ ਫਰਨਫੌਰੈੱਸਟ ਡਰਾਈਵ ਦੇ ਰਸਤੇ ਬੋਵੇਰਡ ਡਰਾਈਵ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ। ‘ਵਾਕ’ ਵਿਚ ਬਹੁਤ ਸਾਰੇ ਪੈਦਲ ਚੱਲਣ ਵਾਲਿਆਂ ਇਸ ਵਾਰ ਟੋਰਾਂਟੋ ਏਰੀਏ ਵਿਚ ਹੋਣ ਵਾਲੀਆਂ 42 ਕਿਲੋਮੀਟਰ ‘ਫੁੱਲ ਮੈਰਾਥਨ’ ਅਤੇ 21 ਕਿਲੋਮੀਟਰ ‘ਹਾਫ਼ ਮੈਰਾਥਨ’ ਦੌੜਾਂ ਵਿਚ ਆਪਣਾ ਸ਼ਾਨਦਾਰ ਨਾਮ ਬਣਾ ਚੁੱਕੀ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ ਦੇ ਮੈਂਬਰ ਸੰਧੂਰਾ ਸਿੰਘ ਬਰਾੜ, ਧਿਆਨ ਸਿੰਘ ਸੋਹਲ, ਕੇਸਰ ਸਿੰਘ ਬੜੈਚ, ਹਰਭਜਨ ਸਿੰਘ, ਮਨਜੀਤ ਸਿੰਘ, ਰਾਕੇਸ਼ ਸ਼ਰਮਾ, ਗੁਰਮੇਜ ਰਾਏ, ਜਸਦੀਪ ਔਲਖ, ਕੁਲਦੀਪ ਗਰੇਵਾਲ ਸਮੇਤ 50 ਮੈਂਬਰ ਇਸ ‘ਵਾਕ’ ਵਿਚ ਸ਼ਾਮਲ ਹੋਏ। ਇਸ ਤੋਂ ਇਲਾਵਾ ਕਈ ਬੱਚਿਆਂ ਅਤੇ ਬਜ਼ੁਰਗ ਬਾਬਿਆਂ ਤੇ ਮਾਤਾਵਾਂ ਨੇ ਵੀ ਇਸ ‘ਚੈਰਿਟੀ ਵਾਕ’ ਬੜੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਬੱਚਿਆਂ ਵਿਚ 4 ਸਾਲ ਦੇ ਈਥਨ ਗਰੇਵਾਲ, 6 ਸਾਲ ਦੇ ਰਣਵੀਰ ਔਲਖ, 7 ਸਾਲ ਦੀ ਹਰਮਨਦੀਪ, 8 ਸਾਲ ਦੇ ਰਣਵੀਰ ਬਰਾੜ ਅਤੇ 9 ਸਾਲ ਦੇ ਅਨੂਪ ਬਰਾੜ ਦੇ ਨਾਂ ਖ਼ਾਸ ਤੌਰ ‘ਤੇ ਵਰਨਣਯੋਗ ਹਨ ਜੋ ਰੂਟ ਦਾ ਲੱਗਭੱਗ 5 ਕਿਲੋਮੀਟਰ ਰਸਤਾ ਨਿਰੰਤਰ ਚੱਲਦੇ ਰਹੇ। ਏਸੇ ਤਰ੍ਹਾਂ ਈਥਨ ਗਰੇਵਾਲ ਦੇ ਦਾਦਾ ਜੀ 67 ਸਾਲਾ ਕੁਲਦੀਪ ਸਿੰਘ ਗਰੇਵਾਲ, 68 ਸਾਲਾ ਹਜ਼ੂਰਾ ਸਿੰਘ ਬਰਾੜ, 77 ਸਾਲਾ ਰਣਜੀਤ ਕੌਰ ਗਰੇਵਾਲ ਅਤੇ 70 ਸਾਲਾ ਜਸਵਿੰਦਰ ਕੌਰ ਬਰਾੜ ਨੇ ਵੀ ਇਸ ਵਾਕ ਵਿਚ ਭਾਰੀ ਉਤਸ਼ਾਹ ਵਿਖਾਇਆ। ਹੋਰ ਵਰਕਰਾਂ ਵਿਚ ਰੈਮੀ ਪੂਨੀਆ, ਕੈਲੀ ਪੂਨੀਆ, ਪਲਵਿੰਦਰ ਚੌਹਾਨ, ਗੁਰਜੀਤ ਲੋਟੇ, ਸਰਬਜੀਤ ਲੇਲਣਾ, ਮਨਜੀਤ ਗਿੱਲ, ਆਦਿ ਸ਼ਾਮਲ ਸਨ। ਇਸ ਪੈਦਲ-ਰੂਟ ਦੇ ਮੋੜਾਂ ‘ਤੇ ਪ੍ਰਬੰਧਕਾਂ ਵੱਲੋਂ ਭਗਤ ਪੂਰਨ ਸਿੰਘ ਜੀ ਦੀਆਂ ਵੱਡੀਆਂ ਤਸਵੀਰਾਂ ਲਗਾਈਆਂ ਗਈਆਂ ਸਨ ਜੋ ਪੈਦਲ-ਮਾਰਚ ਕਰਨ ਵਾਲਿਆਂ ਨੂੰ ਸੇਵਾ ਕਰਨ ਅਤੇ ਵਾਤਾਵਰਣ ਸਾਫ਼ ਤੇ ਸ਼ੁਧ ਰੱਖਣ ਦਾ ਸੁਨੇਹਾ ਦੇ ਰਹੀਆਂ ਸਨ। ਕਈਆਂ ਵਾਲੰਟੀਅਰਾਂ ਨੇ ਕਾਲੇ ਗਾਰਬੇਜ-ਬੈਗ ਹੱਥਾਂ ਵਿਚ ਫੜੇ ਹੋਏ ਸਨ ਅਤੇ ਉਹ ਰਸਤੇ ਵਿਚ ਪਿਆ ਗਾਰਬੇਜ ਨਾਲੋ-ਨਾਲ ਚੁੱਕੀ ਜਾ ਰਹੇ ਸਨ। ਪੈਦਲ-ਮਾਰਚ ਵਿਚ ਹਿੱਸਾ ਲੈਣ ਵਾਲਿਆਂ ਲਈ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਏਰੀਏ ਅਤੇ ਰਸਤੇ ਵਿਚ ਜੂਸ, ਚਾਹ, ਪਾਣੀ ਤੇ ਖਾਣ-ਪੀਣ ਦੀਆਂ ਵਸਤਾਂ ਦੇ ਸਟਾਲ ਲਗਾਏ ਗਏ ਸਨ ਅਤੇ ਉੱਥੋਂ ਇਹ ਵਸਤਾਂ ਵਾਲੰਟੀਅਰਾਂ ਰਾਹੀਂ ਲੋਕਾਂ ਤੀਕ ਪਹੁੰਚਾਈਆਂ ਜਾ ਰਹੀਆਂ ਸਨ। ਸਧਾਰਨ ਚਾਲੇ ਚੱਲਣ ਵਾਲਿਆਂ ਨੇ ‘ਵਾਕ’ ਦਾ ਨਿਰਧਾਰਤ ਰੂਟ ਦਾ ਪੰਧ ਲੱਗਭੱਗ ਡੇਢ ਕੁ ਘੰਟੇ ਵਿਚ ਮੁਕਾਇਆ, ਜਦ ਕਿ ਰੋਜ਼ਾਨਾ ਸੈਰ ਕਰਨ ਵਾਲੇ ‘ਵਾਕਰ’ ਅਤੇ ਦੌੜਾਕ 40-45 ਮਿੰਟਾਂ ਵਿਚ ਹੀ ਇਹ ਪੈਂਡਾ ਤੈਅ ਕਰਕੇ ਗੁਰਦੁਆਰਾ ਸਾਹਿਬ ਵਾਪਸ ਆ ਗਏ। ਪ੍ਰਬੰਧਕਾਂ ਵਿਚ ਸ਼ਾਮਲ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਜਗਰਾਉਂ ਤੇ ਉਨ੍ਹਾਂ ਦੇ ਸਾਥੀਆਂ ਮਨੋਹਰ ਸਿੰਘ ਬੱਲ, ਪ੍ਰਿਤਪਾਲ ਸਿੰਘ, ਬਲਦੇਵ ਸਿੰਘ ਸਮੇਤ ਕਮੇਟੀ ਮੈਂਬਰਾਂ ਨੇ ਇਸ ‘ਵਾਕ’ ਵਿਚ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ।
ਇਸ ਪੈਦਲ-ਮਾਰਚ ਦੀ ਵਾਪਸੀ ‘ਤੇ ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ‘ਟੋਰਾਂਟੋ ਪੀਅਰਸਨ ਰੱਨਰਜ਼ ਕਲੱਬ’ ਦੇ ਬਾਨੀ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਰੱਨਰਜ਼ ਕਲੱਬ ਦੇ ਇਸ ਸਮੇਂ 150 ਮੈਂਬਰ ਹਨ ਤੇ ਉਨ੍ਹਾਂ ਵਿੱਚੋਂ 50 ਮੈਂਬਰਾਂ ਨੇ ਇਸ ‘ਵਾਕ’ ਵਿਚ ਪਹਿਲੀ ਵਾਰ ਭਾਗ ਲਿਆ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਇਸ ਵਿਚ ਸ਼ਾਮਲ ਹੋ ਕੇ ਬਹੁਤ ਚੰਗਾ ਲੱਗਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪ੍ਰਬੰਧਕਾਂ ਨੂੰ ਇਸ ‘ਵਾਕ’ ਨੂੰ ਹੌਲੀ-ਹੌਲੀ ਪ੍ਰੋਫ਼ੈਸ਼ਨਲ ਰੰਗਤ ਦੇਣੀ ਚਾਹੀਦੀ ਹੈ। ਇਸ ਦੀ ਰਜਿਸਟ੍ਰੇਸ਼ਨ ਬਾ-ਕਾਇਦਾ ਅਗਾਊਂ 10-15 ਦਿਨ ਜਾਂ ਮਹੀਨਾ ਕੁ ਪਹਿਲਾਂ ‘ਆਨ-ਲਾਈਨ’ ਹੋਣੀ ਚਾਹੀਦੀ ਹੈ ਅਤੇ ਪ੍ਰਬੰਧਕਾਂ ਨੂੰ ਇਸ ਦੀ ਫ਼ੀਸ ਨਿਰਧਾਰਤ ਕਰਨੀ ਚਾਹੀਦੀ ਹੈ ਜੋ ਇਸ ਚੈਰਿਟੀ ਵਿਚ ਜਾਣੀ ਚਾਹੀਦੀ ਹੈ। ਪੈਦਲ ਮਾਰਚ ਦੌਰਾਨ ਦਾਨ ਦੇਣ ਵਾਲੇ ਦਾਨੀਆਂ ਦੇ ਨਾਂ ਰਕਮਾਂ ਸਮੇਤ ਵਾਲੰਟੀਅਰਾਂ ਵੱਲੋਂ ਬਾ-ਕਾਇਦਾ ‘ਪਲੈੱਜ’ ਕਰਨੇ ਚਾਹੀਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …