ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਸੀਨੀਅਰ ਵੂਮੈਨ ਕਲੱਬ ਵੱਲੋਂ ਰਿਵਰਟੋਨ ਕਮਿਊਨਿਟੀ ਸੈਂਟਰ ਵਿਖੇ ਸਾਲਾਨਾ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਸਮਾਗਮ ਦੁਪਹਿਰ 2 ਵਜੇ ਸ਼ੁਰੂ ਹੋ ਕੇ ਸ਼ਾਮ 7 ਵਜੇ ਤੱਕ ਚੱਲਿਆ। ਕਲੱਬ ਪ੍ਰਧਾਨ ਕੁਲਦੀਪ ਕੌਰ ਗਰੇਵਾਲ ਨੇ ਕਲੱਬ ਦੇ ਸਾਰੇ ਹੀ ਡਾਇਰੈਕਟਰਜ਼ ਦੀ ਜਾਣ-ਪਛਾਣ ਕਰਾਉਂਦੇ ਹੋਏ ਮੰਚ ਸੰਚਾਲਨ ਕਲੱਬ ਦੀ ਡਾਇਰੈਕਟਰ ਇੰਦਰਜੀਤ ਢਿੱਲੋਂ ਨੂੰ ਸੌਂਪ ਦਿੱਤਾ। ਬਰੈਂਪਟਨ ਸੀਨੀਅਰ ਕਲੱਬਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਜਗੀਰ ਸਿੰਘ ਸੈਂਭੀ ਨੇ ਖਾਣ-ਪੀਣ ਸਮੇਤ ਸਾਊਂਡ ਸਿਸਟਮ ਰਾਹੀਂ ਇਸ ਸਮਾਗਮ ਵਿਚ ਬਹੁਤ ਮਦਦ ਕੀਤੀ। ਕਲੱਬ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਖਚਾਖਚ ਭਰੇ ਹਾਲ ਵਿੱਚ ਬੱਚਿਆਂ ਵੱਲੋਂ ਡਾਂਸ, ਭੰਗੜਾ ਅਤੇ ਬੀਬੀਆਂ ਵੱਲੋਂ ਗਿੱਧਾ ਅਤੇ ਗੀਤਾਂ ਰਾਹੀਂ ਰੰਗਾ ਰੰਗ ਆਈਟਮਾਂ ਪੇਸ਼ ਕਰਨ ਉਪਰੰਤ ਜਾਗੋ ਵੀ ਕੱਢੀ ਗਈ ਜਿਸ ਦਾ ਸਭ ਨੇ ਬੜਾ ਅਨੰਦ ਮਾਣਿਆ। ਚਾਹ ਸਨੈਕਸ ਬਾਅਦ ਛੋਲੇ-ਪੂਰੀਆਂ ਦਾ ਲੰਗਰ ਵਰਤਾਇਆ ਗਿਆ। ਸਮਾਗਮ ਵਿੱਚ ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ, ਐਮ ਪੀ ਮਨਿੰਦਰ ਸਿੰਘ ਸੰਧੂ ਤੇ ਹਰਦੀਪ ਸਿੰਘ ਗਰੇਵਾਲ ਦੇ ਦਫਤਰਾਂ ਦੇ ਨੁਮਾਇੰਦੇ ਹਾਜਰ ਰਹੇ। ਸਤਪਾਲ ਸਿੰਘ ਜੌਹਲ ਸਕੂਲ ਟਰੱਸਟੀ ਹੁਰਾਂ ਵੀ ਹਾਜਰੀ ਲਵਾ ਆਪਣੇ ਵਿਚਾਰ ਪੇਸ਼ ਕੀਤੇ। ਕਲੱਬ ਮੀਤ ਪ੍ਰਧਾਨ ਸ਼ਿੰਦਰ ਪਾਲ ਬਰਾੜ, ਕੈਸ਼ੀਅਰ ਕਮਲਜੀਤ ਤਾਤਲਾ, ਸੁਰਿੰਦਰਜੀਤ ਕੌਰ ਛੀਨਾ ਸੈਕਟਰੀ, ਇੰਦਰਜੀਤ ਕੌਰ ਢਿੱਲੋਂ, ਗੁਰਮੀਤ ਰਾਏ, ਅਵਤਾਰ ਰਾਏ, ਹਰਦੀਪ ਹੈਲਿਨ, ਚਰਨਜੀਤ ਮਰਾੜ, ਪਰਮਜੀਤ ਬਾਜਵਾ ਅਤੇ ਰਵਿੰਦਰ ਕੌਰ ਚਾਹਲ ਦੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰ ਹੋ ਨਿਬੜਿਆ।