ਲਾਪਤਾ ਰਾਗੀਆਂ ਨੂੰ ਲੱਭਣ ਦਾ ਸੁਰਾਗ ਦੇਣ ਵਾਲੇ ਨੂੰ ਸਫਲਤਾ ਮਿਲਣ ‘ਤੇ ਮਿਲੇਗਾ ਪੰਜ ਹਜ਼ਾਰ ਡਾਲਰ ਸ਼ੁਕਰਾਨੇ ਵਜੋਂ ਇਨਾਮ
ਵਿੰਡਸਰ : ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵਿੰਡਸਰ ਸ਼ਹਿਰ ਸਥਿਤ ਸਿੱਖ ਕਲਚਰਲ ਸੁਸਾਇਟੀ ਆਫ ਮੈਟਰੋਪਾਲਿਟਨ ਵਿੰਡਸਰ ਦੇ ਪ੍ਰਬੰਧ ਹੇਠ ਗੁਰਦੁਆਰਾ ਸਾਹਿਬ ਦੇ ਸੱਦੇ ‘ਤੇ ਕੀਰਤਨ ਸੇਵਾ ਲਈ ਆਏ ਜਥੇ ਦੇ ਚਾਰ ਮੈਂਬਰਾਂ ਵਿਚੋਂ ਤਿੰਨ ਮੈਂਬਰ 32 ਸਾਲਾ ਗੁਰਿੰਦਰ ਸਿੰਘ, 25 ਸਾਲਾ ਨਵਦੀਪ ਸਿੰਘ ਅਤੇ 26 ਸਾਲਾ ਸਤਨਾਮ ਸਿੰਘ, 28 ਮਾਰਚ 2018 ਤੋਂ ਫਰਾਰ ਅਤੇ ਲਾਪਤਾ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਉਕਤ ਤਿੰਨ ਲਾਪਤਾ ਵਿਅਕਤੀਆਂ ਨੇ ਵੀਰਵਾਰ 29 ਮਾਰਚ ਨੂੰ ਆਪਣੇ ਚੌਥੇ ਸਾਥੀ ਭਾਈ ਜੋਗਿੰਦਰ ਸਿੰਘ ਸਮੇਤ ਟੋਰਾਂਟੋ ਏਅਰਪੋਰਟ ਤੋਂ ਵਾਪਸ ਪੰਜਾਬ ਪਰਤਣਾ ਸੀ ਅਤੇ 28 ਮਾਰਚ ਨੂੰ ਇਸ ਜਥੇ ਨੂੰ ਮਾਣ, ਭੱਤਾ ਅਤੇ ਸਿਰੋਪੇ ਦੇ ਕੇ ਵਿਦਾਇਗੀ ਦਿੱਤੀ ਗਈ। ਜਦੋਂ ਵੀਰਵਾਰ ਸਵੇਰੇ ਉਕਤ ਜਥੇ ਨੂੰ ਲੈ ਕੇ ਟੋਰਾਂਟੋ ਪਰਤਣਾ ਸੀ ਤਾਂ ਭਾਈ ਜੋਗਿੰਦਰ ਸਿੰਘ ਤੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਤਿੰਨ ਸਾਥੀ ਵਿੰਡਸਰ ਗੁਰਦੁਆਰਾ ਸਾਹਿਬ ਤੋਂ ਕਿਧਰੇ ਚਲੇ ਗਏ ਹਨ ਅਤੇ ਵਾਪਸ ਨਹੀਂ ਪਰਤੇ।
ਪ੍ਰਬੰਧਕ ਕਮੇਟੀ ਵਲੋਂ ਗੁਰਿੰਦਰ ਸਿੰਘ, ਸਤਨਾਮ ਸਿੰਘ ਅਤੇ ਨਵਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਤੋਂ ਬਿਨਾ ਦੱਸੇ ਚਲੇ ਜਾਣ ਅਤੇ ਲਾਪਤਾ ਹੋਣਦੀ ਸ਼ਿਕਾਇਤ ਬਕਾਇਦਾ ਪੁਲਿਸ ਕੋਲ ਦਰਜ ਕਰਵਾਈ ਗਈ। ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਦੀ ਸਲਾਹ ਨਾਲ ਕਮੇਟੀ ਵਲੋਂ ਇਸ ਕੀਰਤਨੀ ਜਥੇ ਦੇ ਆਗੂ ਭਾਈ ਜੋਗਿੰਦਰ ਸਿੰਘ ਨੂੰ ਟੋਰਾਂਟੋ ਹਵਾਈ ਅੱਡੇ ਤੋਂ ਜਹਾਜ਼ ਚੜ੍ਹਾ ਕੇ ਪੰਜਾਬ ਪਹੁੰਚਾ ਦਿੱਤਾ ਗਿਆ ਹੈ। ਪ੍ਰਬੰਧਕ ਕਮੇਟੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਰੂਪੋਸ਼ ਹੋਏ ਤਿੰਨੋ ਵਿਅਕਤੀ ਕੈਨੇਡਾ ਵਿਚ ਗੈਰਕਾਨੂੰਨੀ ਢੰਗ ਨਾਲ ਰਹਿਣ ਲਈ ਜਾਣ ਬੁੱਝ ਕੇ ਖਿਸਕ ਗਏ ਜਾਪਦੇ ਹਨ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਕੰਦੋਲਾ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਪ੍ਰਚਰਕਾਂ ਵਲੋਂ ਇਸ ਤਰ੍ਹਾਂ ਫਰਾਰ ਹੋਣ ਦੀ ਇਹ ਘਟਨਾ ਬਹੁਤ ਮੰਦਭਾਗੀ, ਸ਼ਰਮਨਾਕ ਅਤੇ ਨਿਖੇਧੀਜਨਕ ਹੈ। ਉਹਨਾਂ ਦੱਸਆ ਕਿ ਉਕਤ ਵਿਅਕਤੀਆਂ ਦੀ ਭਾਲ ਪੁਲਿਸ ਵਲੋਂ ਅਤੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਆਪਣੇ ਤੌਰ ‘ਤੇ ਅਜੇ ਤੱਕ ਜਾਰੀ ਹੈ। ਉਹਨਾਂ ਪੂਰੇ ਕੈਨੇਡਾ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਇਨ੍ਹਾਂ ਤਿੰਨ ਵਿਅਕਤੀਆਂ ਨੂੰ ਲੱਭਣ ਵਿਚ ਮੱਦਦ ਕਰਨ ਲਈ ਅਪੀਲ ਕੀਤੀ ਹੈ ਅਤੇ ਆਸ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਵਿੰਡਸਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਫਰਾਰ ਹੋਏ ਗੁਰਿੰਦਰ ਸਿੰਘ, ਸਤਨਾਮ ਸਿੰਘ ਅਤੇ ਨਵਦੀਪ ਸਿੰਘ ਨੂੰ ਲੱਭਣ ਵਿਚ ਸਫਲਤਾ ਮਿਲਣ ਤੇ ਸੂਚਨਾ ਅਤੇ ਸੁਰਾਗ ਦੇਣ ਵਾਲੇ ਨੂੰ ਪੰਜ ਹਜ਼ਾਰ ਡਾਲਰ ਸ਼ੁਕਰਾਨੇ ਵਜੋਂ ਦਿੱਤੇ ਜਾਣਗੇ।
Check Also
ਪੀਲ ਪੁਲਿਸ ਵੱਲੋਂ ਕਰਵਾਈ ਗਈ ’24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀ ਪੀ ਏ ਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ
ਮਿਸੀਸਾਗਾ/ਡਾ. ਝੰਡ : ਲੰਘੇ ਸ਼ਨੀਵਾਰ 21 ਜੂਨ ਨੂੰ ਪੀਲ ਰਿਜਨ ਪੁਲਿਸ ਵੱਲੋਂ ਮਿਸੀਸਾਗਾ ਵੈਲੀ ਕਮਿਊਨਿਟੀ …