Breaking News
Home / ਕੈਨੇਡਾ / ਬਰੈਂਪਟਨ ‘ਚ ਰੁੱਖ ਲਗਾਉਣ ਲਈ ਫੈੱਡਰਲ ਸਰਕਾਰ ਵੱਲੋਂ 1,280,000 ਡਾਲਰ ਦਾ ਨਿਵੇਸ਼

ਬਰੈਂਪਟਨ ‘ਚ ਰੁੱਖ ਲਗਾਉਣ ਲਈ ਫੈੱਡਰਲ ਸਰਕਾਰ ਵੱਲੋਂ 1,280,000 ਡਾਲਰ ਦਾ ਨਿਵੇਸ਼

ਇਹ ਨਿਵੇਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਹੇਵੰਦ ਹੋਵੇਗਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਫੈੱਡਰਲ ਸਰਕਾਰ ਵੱਲੋਂ ਬਰੈਂਪਟਨ ਸ਼ਹਿਰ ਨੂੰ ਰੁੱਖ ਲਗਾਉਣ 1,280,000 ਡਾਲਰ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਗਿਆ। ਇਹ ਨਿਵੇਸ਼ ਕੈਨੇਡਾ ਦੀ 10 ਸਾਲਾਂ ਵਿੱਚ ਦੋ ਅਰਬ ਰੁੱਖ ਲਗਾਉਣ ਦੀ ਯੋਜਨਾ ਤਹਿਤ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ ਸਾਲ ਭਰ ਸ਼ਹਿਰ ਵਿੱਚ 8,000 ਰੁੱਖ ਲਗਾਏ ਜਾਣਗੇ। ਇਹ ਰੁੱਖ ਸਿਟੀ ਨੈਚੁਰਲਾਈਜ਼ੇਸ਼ਨ ਸਾਈਟਾਂ, ਗਲੀਆਂ ਦੇ ਨਾਲ, ਪਾਰਕਾਂ ਵਿੱਚ ਟੇਬਲਲੈਂਡ ਦੇ ਰੁੱਖਾਂ ਦੇ ਰੂਪ ਵਿੱਚ, ਬੁਲੇਵਾਰਡਸ ਦੇ ਅੰਦਰ ਆਦਿ ਖੇਤਰਾਂ ਵਿੱਚ ਲਗਾਏ ਜਾਣਗੇ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਬਰੈਂਪਟਨ ਦੇ ਸਮੇਤ ਪੂਰੇ ਕੈਨੇਡਾ ਵਿੱਚ 2 ਅਰਬ ਰੁੱਖ ਲਗਾਉਣ ਦੀ ਮੁਹਿੰਮ ਵਾਤਾਵਰਨ ਨੂੰ ਬਚਾਉਣ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ ਜੋ ਕਿ ਵਾਤਾਵਰਨ ਲਈ ਮਿੱਥੇ ਟੀਚਿਆਂ ਨੂੰ ਸਮੇਂ ਸਿਰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ।
ਇਸ ਨਾਲ ਬਰੈਂਪਟਨ ਦੇ ਵਸਨੀਕਾਂ ਨੂੰ ਨਾ ਸਿਰਫ ਵਧੀਆ ਵਾਤਾਵਰਨ ਅਤੇ ਵਿਸਤ੍ਰਿਤ ਜੰਗਲ ਦਾ ਲਾਹਾ ਮਿਲੇਗਾ, ਬਲਕਿ ਨਾਲ ਹੀ ਗ੍ਰੀਨ ਨੌਕਰੀਆਂ ਪੈਦਾ ਹੋਣਗੀਆਂ ਅਤੇ ਇਸ ਪੀੜ੍ਹੀ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਲਾਹੇਵੰਦ ਸਾਬਤ ਹੋਵੇਗਾ!
ਦੋ ਬਿਲੀਅਨ ਟ੍ਰੀਜ਼ ਪ੍ਰੋਗਰਾਮ ਜਲਵਾਯੂ ਤਬਦੀਲੀ ਦੇ ਹੱਲ ਦੇ ਮਹੱਤਵਪੂਰਨ ਹਿੱਸੇ ਵਜੋਂ ਕੈਨੇਡਾ ਸਰਕਾਰ ਦੇ ਮੌਜੂਦਾ ਯਤਨਾਂ ਦੀ ਲੜੀ ਵਿਚ ਇੱਕ ਪ੍ਰੋਗਰਾਮ ਹੈ। ਕੈਨੇਡਾ ਦੀ ਦੋ ਅਰਬ ਰੁੱਖ ਲਗਾਉਣ ਦੀ ਯੋਜਨਾ ਦਾ ਅਨੁਮਾਨ ਹੈ ਕਿ 2050 ਤੱਕ ਗ੍ਰੀਨਹਾਉਸ ਗੈਸ ਦੇ ਨਿਕਾਸ ਨੂੰ ਸਾਲਾਨਾ 12 ਮੈਗਾਟਨਸ ਤੱਕ ਘਟਾ ਦਿੱਤਾ ਜਾਵੇਗਾ।
ਦੇਸ਼ ਭਰ ਵਿੱਚ ਸਮਰਪਿਤ ਸੰਸਥਾਵਾਂ ਦੀ ਸਹਾਇਤਾ ਨਾਲ, ਕੈਨੇਡਾ ਸਰਕਾਰ ਵੱਲੋਂ ਸਥਾਈ ਪ੍ਰਬੰਧਿਤ ਜੰਗਲਾਂ ਨੂੰ ਉਗਾਉਣ ਦੀ ਉਮੀਦ ਕੀਤੀ ਜਾ ਰਹੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਬਚਾਇਆ ਜਾ ਸਕੇ। ਕੁਦਰਤੀ ਸਰੋਤ ਕੈਨੇਡਾ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਅਤੇ ਖੇਤੀਬਾੜੀ ਅਤੇ ਐਗਰੀ-ਫੂਡ ਕੈਨੇਡਾ ਦੇ ਸਹਿਯੋਗ ਨਾਲ ਇਸ ਯੋਜਨਾ ਨੂੰ ਲਾਗੂ ਕਰ ਰਿਹਾ ਹੈ। ਟੂ ਬਿਲੀਅਨ ਟ੍ਰੀ ਪ੍ਰੋਗਰਾਮ ਤਹਿਤ ਕੈਨੇਡਾ ਵਿੱਚ ਦਰਖਤਾਂ ਦੀ ਸੰਖਿਆ ਵਿੱਚ 40 ਪ੍ਰਤੀਸ਼ਤ ਸਾਲਾਨਾ ਵਾਧਾ ਹੋਣ ਦੀ ਉਮੀਦ ਹੈ ਅਤੇ ਆਉਣ ਵਾਲੇ 10 ਸਾਲਾਂ ਵਿੱਚ, ਨਵੇਂ ਰੁੱਖ 1.1 ਮਿਲੀਅਨ ਹੈਕਟੇਅਰ ਤੋਂ ਵੱਧ ਖੇਤਰ ਨੂੰ ਕਵਰ ਕਰਨਗੇ, ਜੋ ਕਿ ਵਾਤਾਵਰਨ ਲਈ ਬਹੁਤ ਵਧੀਆ ਸਾਬਤ ਹੋਵੇਗਾ।

 

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …