ਟੋਰਾਂਟੋ : ਕੈਨੇਡਾ ਦੀ ਮਹਿਲਾਵਾਂ ਦੀ ਅੱਠ ਮੈਂਬਰੀ ਰੋਇੰਗ ਟੀਮ ਨੇ ਟੋਕੀਓ ਉਲੰਪਿਕਸ ਵਿੱਚ ਸੋਨ ਤਮਗੇ ਉੱਤੇ ਕਬਜ਼ਾ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਪਿਛਲੇ ਦਿਨੀਂ ਸੀਅ ਫੌਰੈਸਟ ਵਾਟਰਵੇਅ ਵਿੱਚ ਹੋਏ ਇਸ ਫਾਈਨਲ ਮੁਕਾਬਲੇ ਵਿੱਚ ਕੈਨੇਡਾ ਦੀਆਂ ਰੋਅਰਜ਼ ਨੇ ਪੰਜ ਮਿੰਟ 59.13 ਸੈਕਿੰਡ ਵਿੱਚ ਪਹਿਲਾਂ ਲਾਈਨ ਪਾਰ ਕਰਕੇ ਇਹ ਮੁਕਾਬਲਾ ਜਿੱਤ ਲਿਆ। ਰੋਇੰਗ ਮੁਕਾਬਲੇ ਵਿੱਚ ਕੈਨੇਡਾ ਨੂੰ 1992 ਦੀਆਂ ਬਾਰਸਲੋਨਾ ਖੇਡਾਂ ਤੋਂ ਬਾਅਦ ਪਹਿਲੀ ਵਾਰੀ ਸੋਨ ਤਮਗਾ ਹਾਸਲ ਹੋਇਆ ਹੈ। ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਚਾਂਦੀ ਦਾ ਤਮਗਾ ਜਿੱਤਿਆ ਜਦਕਿ ਚੀਨ ਨੂੰ ਕਾਂਸੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ। ਇਸ ਵਾਰੀ ਕੈਨੇਡਾ ਨੇ ਟੋਕੀਓ ਉਲੰਪਿਕਸ ਵਿੱਚ ਦੋ ਰੋਇੰਗ ਮੈਡਲ ਹਾਸਲ ਕੀਤੇ ਹਨ। ਇਸ ਤੋਂ ਪਹਿਲਾਂ ਮਹਿਲਾਵਾਂ ਦੇ ਡਬਲਜ਼ ਮੁਕਾਬਲੇ ਵਿੱਚ ਵਿਕਟੋਰੀਆ ਦੀ ਕੈਲੇਹ ਫਿਲਮਰ ਤੇ ਸਰ੍ਹੀ, ਬੀਸੀ ਦੀ ਹਿਲੇਰੀ ਜੈਨਸਨਜ਼ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ।