8.6 C
Toronto
Monday, October 27, 2025
spot_img
Homeਕੈਨੇਡਾ'ਰੋਟੀ ਵਾਇਆ ਲੰਡਨ' ਦੀ ਬਾ-ਕਮਾਲ ਪੇਸ਼ਕਾਰੀ

‘ਰੋਟੀ ਵਾਇਆ ਲੰਡਨ’ ਦੀ ਬਾ-ਕਮਾਲ ਪੇਸ਼ਕਾਰੀ

logo-2-1-300x105-3-300x105ਗੁਰੂ ਤੇਗ਼ ਬਹਾਦਰ ਸਕੂਲ ਦੇ ਬੱਚਿਆਂ ਨੇ ਵੀ ਵਾਹਵਾ ਰੰਗ ਬੰਨ੍ਹਿਆਂ
ਬਰੈਂਪਟਨ/ਡਾ. ਝੰਡ
23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ‘ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ’ ਵੱਲੋਂ ਬੀਤੇ ਐਤਵਾਰ 27 ਮਾਰਚ ਨੂੰ ਕਰਵਾਏ ਪ੍ਰੋਗਰਾਮ ਵਿੱਚ ਉਂਕਾਰਪ੍ਰੀਤ ਦਾ ਲਿਖਿਆ ਹੋਇਆ ਨਾਟਕ ‘ਰੋਟੀ ਵਾਇਆ ਲੰਡਨ’ ਕਰਵਾਇਆ ਗਿਆ। ਜਸਪਾਲ ਢਿੱਲੋਂ ਦੀ ਨਿਰਦੇਸ਼ਨਾ ਅਤੇ ਉਨ੍ਹਾਂ ਦੀ ਖ਼ੁਦ ਇਕੱਲਿਆਂ ਦੀ ਸਵਾ ਘੰਟੇ ਤੋਂ ਵਧੀਕ ਨਿਰੰਤਰ ਚੱਲੀ ਕਲਾਕਾਰੀ ਜਿਸ ਵਿੱਚ ਉਨ੍ਹਾਂ ਨੇ ਕਈ ਕਰੈਕਟਰਾਂ ਨੂੰ ਬਾਖ਼ੂਬੀ ਨਿਭਾਇਆ, ਨੂੰ ਵੇਖ ਕੇ ਦਰਸ਼ਕ ਮੰਤਰ-ਮੁਘਧ ਹੋ ਗਏ ਅਤੇ ਨਾਟਕ ਦੇ ਦੌਰਾਨ ਇਸ ਨੂੰ ਤਾੜੀਆਂ ਦੀ ਭਰਪੂਰ ਦਾਦ ਦਿੰਦੇ ਰਹੇ। ਰੋਜ਼ੀ ਰੋਟੀ ਨਾਲ ਜੁੜਿਆ ਨਾਟਕ ਦਾ ਵਿਸ਼ਾ ਵੀ ਬੜਾ ਹੀ ਦਿਲਚਸਪ ਸੀ।
ਇਸ ਤੋਂ ਪਹਿਲਾਂ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਨੌਜਆਨਾਂ ਦੇ ਮੂੰਹ ‘ਤੇ ਚੜ੍ਹੇ ਹਰਮਨ-ਪਿਆਰੇ ਗੀਤ ”ਮੇਰਾ ਰੰਗ ਦੇ ਬਸੰਤੀ ਚੋਲਾ” ਉੱਪਰ ਖ਼ੂਬਸੂਰਤ ਕੋਰੀਓਗ੍ਰਾਫ਼ੀ ਪੇਸ਼ ਕੀਤੀ ਜਿਸ ਵਿੱਚ ਬੱਚਿਆਂ ਦੇ ਖ਼ੂਬਸੂਰਤ ਤਾਲ-ਮੇਲ ਤੋਂ ਸਾਫ਼ ਨਜ਼ਰ ਆਉਂਦਾ ਸੀ ਉਨ੍ਹਾਂ ਨੂੰ ਇਸ ਦੀ ਕਾਫ਼ੀ ਪ੍ਰੈਕਟਿਸ ਕਰਵਾਈ ਗਈ ਸੀ। ਇੰਜ ਹੀ, ਇਸ ਸਕੂਲ ਦੇ ਬੱਚਿਆਂ ਵੱਲੋਂ ਦੇਸ਼-ਪ੍ਰੇਮ ਵਿਚ ਰਮੀਆਂ ਬੋਲੀਆਂ ਨਾਲ ਤਿਆਰ ਕੀਤੇ ਗਏ ਭੰਗੜੇ ਦਾ ਪ੍ਰਦਰਸ਼ਨ ਵੀ ਬੇਹੱਦ ਸਲਾਹੁਣਯੋਗ ਸੀ। ਇੰਟਰਨੈਸ਼ਨਲ ਢੋਲੀ ਨਸੀਬ ਸਿੰਘ ਜਿਸ ਨੇ ‘ਵੀਰ ਜ਼ਾਰਾ’ ਅਤੇ ‘ਸਿੰਘ ਇਜ਼ ਕਿੰਗ’ ਵਿੱਚ ਪਏ ਹੋਏ ਧੜੱਲੇਦਾਰ ਭੰਗੜੇ ਵਿੱਚ ਢੋਲ ਵਜਾਉਣ ਨਾਲ ਵਧੀਆ ਨਾਮਣਾ ਖੱਟਿਆ ਹੈ, ਦੇ ਢੋਲ ਦੇ ਡੱਗੇ ਦੀ ਤਾਲ ਉੱਪਰ ਬੱਚਿਆਂ ਦੇ ਥਿਰਕਦੇ ਪੈਰ ਅਤੇ ਭੰਗੜੇ ਦੇ ਵੱਖ-ਵੱਖ ਖ਼ੂਬਸੂਰਤ ਐਕਸ਼ਨ ਦਰਸ਼ਕਾਂ ਦਾ ਮਨ ਮੋਹ ਗਏ।
ਸਾਫ਼-ਸੁਥਰੀ ਗਾਇਕੀ ਦੇ ਅਲੰਬਰਦਾਰ ਸੁਖਵਿੰਦਰ ਘੋਮਾਣ ਨੇ ਸ਼ਹੀਦ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਬਾਰੇ ਦੇਸ਼-ਪਿਆਰ ਦੇ ਗੀਤਾਂ ਰਾਹੀਂ ਦਰਸ਼ਕਾਂ ਨਾਲ ਵਧੀਆ ਸਾਂਝ ਪਾਈ। ਇਸ ਮੌਕੇ ਨਾਟਕ ਤੋਂ ਪਹਿਲਾਂ ਕਈ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਿਨ੍ਹਾਂ ਦਾ ਮੁੱਖ-ਧੁਰਾ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੁਪਨਿਆਂ ਦੀ ਆਜ਼ਾਦੀ ਤੋਂ ਕੋਹਾਂ ਦੂਰ ‘ਅਖੌਤੀ ਆਜ਼ਾਦੀ’ ਦੇ ਦੁਆਲੇ ਘੁੰਮਦਾ ਰਿਹਾ ਜਿਸ ਵਿੱਚ ਹਾਕਮਾਂ ਦਾ ਕੇਵਲ ਰੰਗ ਹੀ ਬਦਲਣ ਅਤੇ ਭਾਰਤ ਵਿੱਚ ਅਜੋਕੇ ਭ੍ਰਿਸ਼ਟਾਚਾਰ ਨਾਲ ਲਿਬਰੇਜ਼ ਸਿਸਟਮ ਦੀ ਗੱਲ ਹੋਈ। ਬੁਲਾਰਿਆਂ ਵਿੱਚ ਪਾਕਿਸਤਾਨੀ ਪਿਛੋਕੜ ਦੇ ਮਾਂਟਰੀਅਲ ਤੋਂ ਆਏ ਨੌਸ਼ਾਦ ਸਿਦੀਕੀ, ਪ੍ਰੋ. ਜਗੀਰ ਸਿੰਘ ਕਾਹਲੋਂ, ਉਂਕਾਰਪ੍ਰੀਤ ਸਿੰਘ, ਸੁਰਿੰਦਰ ਸਿੰਘ ਸੰਧੂ ਅਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਅੰਮ੍ਰਿਤ ਢਿੱਲੋਂ ਸ਼ਾਮਲ ਸਨ। ਮੰਚ- ਸੰਚਾਲਨ ਦੀ ਜਿੰਮੇਂਵਾਰੀ ਕੁਲਦੀਪ ਰੰਧਾਵਾ ਨੇ ਸੰਭਾਲੀ। ਇਸ ਮੌਕੇ ਥੀਏਟਰ ਹਾਲ ਦੇ ਬਾਹਰਵਾਰ ‘ਉੱਤਰੀ ਅਮਰੀਕਨ ਤਰਕਸ਼ੀਲ ਸੁਸਾਇਟੀ’ ਵੱਲੋਂ ਅਗਾਂਹ-ਵਧੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਕਈ ਲੋਕ ਪੁਸਤਕਾਂ ਅਤੇ ਹੋਰ ਪੜ੍ਹਨ-ਸਮੱਗਰੀ ਖਰੀਦ ਰਹੇ ਸਨ।  ਇਸ ਖ਼ੂਬਸੂਰਤ ਅਤੇ ਭਾਵਪੂਰਤ ਸਮਾਗ਼ਮ ਕਰਵਾਉਣ ਦਾ ਸਿਹਰਾ ‘ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ’ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ। ਇਸ ਪ੍ਰੋਗਰਾਮ ਸਬੰਧੀ ਜਾਂ ਐਸੋਸੀਏਸ਼ਨ ਨਾਲ ਜੁੜੀ ਹੋਰ ਜਾਣਕਾਰੀ ਹਾਸਲ ਕਰਨ ਲਈ ਇਸ ਦੇ ਪ੍ਰਧਾਨ ਸੁਰਜੀਤ ਸਿੰਘ ਸਹੋਤਾ ਨੂੰ 416-704-0745 ਜਾਂ ਸਕੱਤਰ ਸੁਰਜੀਤ ਸਿੰਘ ਸੰਧੂ ਨੂੰ 416-721-9671 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS