Breaking News
Home / ਕੈਨੇਡਾ / ਬਲਬੀਰ ਸਿੰਘ ਸੀਚੇਵਾਲ ਦੇ ਸਨਮਾਨ ਵਿਚ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵਲੋਂ ਸ਼ਾਨਦਾਰ ਸਮਾਗ਼ਮ

ਬਲਬੀਰ ਸਿੰਘ ਸੀਚੇਵਾਲ ਦੇ ਸਨਮਾਨ ਵਿਚ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵਲੋਂ ਸ਼ਾਨਦਾਰ ਸਮਾਗ਼ਮ

ਬਰੈਂਪਟਨ/ਡਾ. ਝੰਡ : ਲੰਘੇ ਸੋਮਵਾਰ 24 ਜੂਨ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਵਾਤਾਵਰਣ-ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਰ ਦੇ ਸਨਮਾਨ ਵਿਚ ਸਲੱਡ ਡੌਗ ਪਾਰਕ ਵਿਚ ਸ਼ਾਨਦਾਰ ਸਮਾਗ਼ਮ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਬਹੁਤ ਹੀ ਥੋੜ੍ਹੇ ਜਿਹੇ ਸਮੇਂ ਵਿਚ ਸੂਚਨਾ ਮਿਲਣ ਦੇ ਬਾਵਜੂਦ ਕਲੱਬ ਦੇ ਕਾਫ਼ੀ ਮੈਂਬਰ ਪਾਰਕ ਵਿਚ ਨਿਰਧਾਰਤ ਜਗ੍ਹਾਂ ‘ਤੇ ਸਮੇਂ-ਸਿਰ ਪਹੁੰਚ ਗਏ। ਸੰਗਤਾਂ ਨੂੰ ਬਾਬਾ ਸੀਚੇਵਾਲ ਦੇ ਸ਼ੁਭ-ਵਿਚਾਰ ਸੁਣਨ ਦਾ ਇਹ ਮੌਕਾ ਬੀਬੀ ਸੁਰਿੰਦਰ ਕੌਰ ਪੂਨੀ ਦੇ ਪਰਿਵਾਰ ਦੇ ਉੱਦਮ ਸਦਕਾ ਪ੍ਰਾਪਤ ਹੋਇਆ।
ਪ੍ਰੋਗਰਾਮ ਦੀ ਸ਼ੁਰੂਆਤ ਗੁਰਦੇਵ ਸਿੰਘ ਹੰਸਰਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਆਰੰਭੇ ਗਏ ਲੋਕ-ਕਲਿਆਣ ਦੇ ਕੰਮਾਂ ਦੇ ਵੇਰਵੇ ਹਾਜ਼ਰੀਨ ਨਾਲ ਸਾਂਝੇ ਕਰਨ ਨਾਲ ਹੋਈ। ਉਨ੍ਹਾਂ ਵੱਲੋਂ ਬਾਬਾ ਸੀਚੇਵਾਲ ਵੱਲੋਂ ਲੋਕਾਂ ਨੂੰ ਵਾਤਾਵਰਣ ਨੂੰ ਪ੍ਰਦੂਸ਼ਤ ਕਰਨ ਤੋਂ ਰੋਕਣ ਅਤੇ ਪਾਣੀ ਦੀ ਸਾਂਭ-ਸੰਭਾਲ ਲਈ ਚਲਾਏ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ। ਉਪਰੰਤ, ਕਲੱਬ ਦੇ ਸਾਬਕਾ ਪ੍ਰਧਾਨ ਕਰਤਾਰ ਸਿੰਘ ਚਾਹਲ ਨੇ ਮੰਚ-ਸੰਚਾਲਨ ਕਰਦਿਆਂ ਹੋਇਆਂ ਆਪਣੇ ਵਿਚਾਰ ਸਾਂਝੇ ਕੀਤੇ। ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਪ੍ਰਾਜੈੱਕਟਾਂ ਬਾਰੇ ਦੱਸਿਆ ਜਿਨ੍ਹਾਂ ਵਿਚ ਵਾਤਾਵਰਣ ਨੂੰ ਸ਼ੁਧ ਰੱਖਣਾ, ਵੱਧ ਤੋਂ ਵੱਧ ਰੁੱਖ ਲਗਾਉਣੇ ਅਤੇ ਨਦੀਆਂ-ਨਾਲਿਆਂ ਦੀ ਸਫ਼ਾਈ ਵਿਸ਼ੇਸ਼ ਤੌਰ ‘ਤੇ ਸ਼ਾਮਲ ਹਨ। ਇਸ ਦੌਰਾਨ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ 1600 ਡਾਲਰ ਦੀ ਰਕਮ ਇਕੱਤਰ ਕਰਕੇ ਬਾਬਾ ਸੀਚੇਵਾਲ ਨੂੰ ਭੇਂਟ ਕੀਤੀ ਗਈ ਜਿਸ ਵਿਚ ਵਧੇਰੇ ਯੋਗਦਾਨ ਕਲੱਬ ਦੀਆਂ ਬੀਬੀਆਂ ਵੱਲੋਂ ਪਾਇਆ ਗਿਆ। ਕਲੱਬ ਵੱਲੋਂ ਸੰਤਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਖ਼ਾਸੀਅਤ ਬੱਚਿਆਂ ਵੱਲੋਂ ਬਾਬਾ ਸੀਚੇਵਾਲ ਕੋਲੋਂ ਆਸ਼ੀਰਵਾਦ ਪ੍ਰਾਪਤ ਕਰਨਾ ਸੀ। ਅਖ਼ੀਰ ਵਿਚ ਪ੍ਰਧਾਨ ਰਣਜੀਤ ਸਿੰਘ ਤੱਗੜ ਵੱਲੋਂ ਬਾਬਾ ਸੀਚੇਵਾਲ ਦਾ ਉੱਥੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ।

Check Also

ਇੰਟਰਨੈਸ਼ਨਲ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ ਵਿਸ਼ੇਸ ਮੀਟਿੰਗ ਹੋਈ

ਟੋਰਾਂਟੋ : ਬੀਤੇ ਸ਼ਨੀਵਾਰ ਰਾਮਗੜ੍ਹੀਆ ਭਵਨ ਵਿਖੇ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ …