Breaking News
Home / ਕੈਨੇਡਾ / ‘ਕੈਨੇਡਾ ਫ਼ੂਡ ਗਾਈਡ’ ਵਿਗਿਆਨਕ ਤੱਥਾਂ ‘ਤੇ ਆਧਾਰਿਤ ਅਤੇ ਕੰਸਰਵੇਟਿਵ ਇਸ ਨਾਲ ਖੇਡ ਰਹੇ ਹਨ ਸਿਆਸਤ : ਸੋਨੀਆ ਸਿੱਧੂ

‘ਕੈਨੇਡਾ ਫ਼ੂਡ ਗਾਈਡ’ ਵਿਗਿਆਨਕ ਤੱਥਾਂ ‘ਤੇ ਆਧਾਰਿਤ ਅਤੇ ਕੰਸਰਵੇਟਿਵ ਇਸ ਨਾਲ ਖੇਡ ਰਹੇ ਹਨ ਸਿਆਸਤ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਦਿਨੀਂ ਕੰਸਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਲਿਬਰਲ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ‘ਕੈਨੇਡਾ ਫ਼ੂਡ ਗਾਈਡ’ ਦੀ ਆਲੋਚਨਾ ਕੀਤੀ ਅਤੇ ਇਸ ਦੇ ਬਾਰੇ ਗ਼ਲਤ ਜਾਣਕਾਰੀ ਫ਼ੈਲਾਈ ਹੈ। ਹੈੱਲਥ ਕੈਨੇਡਾ ਵੱਲੋਂ ਡੂੰਘੀ ਖੋਜ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ‘ਫ਼ੂਡ ਗਾਈਡ’ ਨੂੰ ਇਸ ਸਾਲ ਜਨਵਰੀ ਮਹੀਨੇ ਵਿਚ ਮੁੜ ਵਿਉਂਤਿਆ ਗਿਆ ਹੈ ਅਤੇ ਇਸ ਵਿਚ ਪੌਦਿਆਂ ਤੋਂ ਮਿਲਣ ਵਾਲੇ ਪ੍ਰੋਟੀਨ-ਯੁਕਤ ਪਦਾਰਥਾਂ, ਵਧੇਰੇ ਸਬਜ਼ੀਆਂ ਤੇ ਫ਼ਲਾਂ ਅਤੇ ਹੋਲ-ਗਰੇਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਹ ਇਸ ਦਸਤਾਵੇਜ਼ ਵਿਚ ਸਾਲ 2007 ਤੋਂ ਬਾਅਦ ਕੀਤੀ ਗਈ ਪਹਿਲੀ ਅਹਿਮ ਤਬਦੀਲੀ ਹੈ।
ਸਿਹਤ ਮੰਤਰੀ ਗਿਨੇਤ ਪੈਤਿਤਪਾ ਟੇਲਰ ਨੇ ਕਿਹਾ ਕਿ ਕੰਸਰਵੇਟਿਵਾਂ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਸ ਗਾਈਡ ਦਾ ਕੈਨੇਡਾ-ਵਾਸੀਆਂ ਵੱਲੋਂ ਭਰਪੂਰ ਸੁਆਗ਼ਤ ਕੀਤਾ ਗਿਆ ਹੈ ਅਤੇ ਇਸ ਨੂੰ ਸੰਸਾਰ-ਭਰ ਦੇ ਸੱਭ ਤੋਂ ਵਧੀਆ ਦਸਤਾਵੇਜ਼ਾਂ ਵਿੱਚੋਂ ਇਕ ਕਰਾਰ ਦਿੱਤਾ ਗਿਆ ਹੈ।
ਸ਼ੀਅਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਨਵੀਂ ਫ਼ੂਡ ਗਾਈਡ ਵਿਚਲੀ ਜਾਣਕਾਰੀ ਵਿਗਿਆਨ ਦੇ ਆਧਾਰਿਤ ਨਹੀਂ ਹੈ ਅਤੇ ਇਸ ਵਿਚ ਕਈ ਤਰ੍ਹਾਂ ਦੀਆਂ ਖ਼ਾਮੀਆਂ ਹਨ। ਉਸ ਨੇ ਡੇਅਰੀ ਉਤਪਾਦਕਾਂ ਨੂੰ ਇਹ ਵੀ ਕਿਹਾ ਹੈ ਕਿ ਜੇਕਰ ਉਹ ਅਗਲੀਆਂ ਫ਼ੈੱਡਰਲ ਚੋਣਾਂ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਊਹ ਇਸ ਗਾਈਡ ਨੂੰ ਰੀਵਿਊ ਕਰੇਗਾ। ਉਸ ਦਾ ਕਹਿਣਾ ਹੈ ਕਿ ਇਹ ਗਾਈਡ ਕਈ ਸਿਹਤਮੰਦ ਭੋਜਨਾਂ ਦੇ ਇਕ-ਤਰਫ਼ਾ ਖ਼ਿਲਾਫ਼ ਹੈ। ‘ਕੈਨੇਡਾ ਫ਼ੂਡ ਗਾਈਡ’ ਵਿਗਿਆਨਕ ਤੱਥਾਂ, ਸਬੂਤਾਂ ਅਤੇ ਖੋਜ ਦੇ ਆਧਾਰਿਤ ਹੈ ਅਤੇ ਇਸ ਨੂੰ ‘ਕੈਨੇਡੀਅਨ ਡਾਈਜੈੱਸਟਿਵ ਹੈੱਲਥ ਫ਼ਾਊਂਡੇਸ਼ਨ’ ਅਤੇ ‘ਡਾਇਟੀਸ਼ਨਜ਼ ਆਫ਼ ਕੈਨੇਡਾ’ ਵਰਗੀਆਂ ਸੰਸਥਾਵਾਂ ਦਾ ਸਮੱਰਥਨ ਮਿਲ ਚੁੱਕਾ ਹੈ। ਐਂਡਰਿਊ ਸ਼ੀਅਰ ਵੱਲੋਂ ਕੀਤੇ ਗਏ ਕੋਮੈਂਟ ਕਿਸੇ ਸੱਚਾਈ ਜਾਂ ਤੱਥਾਂ ਦੇ ਆਧਾਰਿਤ ਨਹੀਂ ਹਨ। ਲਿਬਰਲ ਸਰਕਾਰ ਨਵੀਂ ਕੈਨੇਡਾ ਫ਼ੂਡ ਗਾਈਡ ਦੇ ਨਾਲ ਚੱਟਾਨ ਵਾਂਗ ਖੜੀ ਹੈ।
ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ,”ਮੈਂ ਆਪਣੀ ਸਾਰੀ ਉਮਰ ਸਿਹਤ ਦੇ ਬਾਰੇ ਬੜੀ ਭਾਵੁਕ ਰਹੀ ਹਾਂ ਅਤੇ ਮੈਂ ਇਹ ਹਲਕੇ-ਫੁਲਕੇ ਅੰਦਾਜ਼ ਵਿਚ ਨਹੀਂ ਕਹਿ ਰਹੀ ਕਿ ਇਹ ਗਾਈਡ ਦੁਨੀਆਂ-ਭਰ ਦੇ ਸਿਹਤ ਸਬੰਧੀ ਉੱਤਮ ਦਸਤਾਵੇਜ਼ਾਂ ਵਿੱਚੋਂ ਇਕ ਹੈ। ਮੈਨੂੰ ਇਸ ਦਾ ਸਮੱਰਥਨ ਕਰਦਿਆਂ ਹੋਇਆਂ ਮਾਣ ਮਹਿਸੂਸ ਹੋ ਰਿਹਾ ਹੈ। ਇਹ ਕੈਨੇਡਾ-ਵਾਸੀਆਂ ਦੀ ਸਿਹਤ ਅਤੇ ਭਲਾਈ ਲਈ ਅੱਗੇ ਮਾਰੀ ਗਈ ਵੱਡੀ ਛਲਾਂਗ ਹੈ। ਚੰਦ ਵੋਟਾਂ ਹਥਿਆਉਣ ਦੀ ਖ਼ਾਤਰ ਕੰਸਰਵੇਟਿਵਾਂ ਨੂੰ ਅਜਿਹੇ ਅਹਿਮ ਮੁੱਦੇ ‘ਤੇ ਸਿਆਸਤ ਨਹੀਂ ਖੇਡਣੀ ਚਾਹੀਦੀ।”

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …