0.7 C
Toronto
Thursday, December 25, 2025
spot_img
Homeਕੈਨੇਡਾ'ਸੁਨਹਿਰੀ ਯਾਦੇਂ' ਲਿਵਿੰਗ ਆਰਟ ਸੈਂਟਰ ਵਿਚ ਸਫ਼ਲਤਾ-ਪੂਰਵਕ ਸੰਪੰਨ ਹੋਇਆ

‘ਸੁਨਹਿਰੀ ਯਾਦੇਂ’ ਲਿਵਿੰਗ ਆਰਟ ਸੈਂਟਰ ਵਿਚ ਸਫ਼ਲਤਾ-ਪੂਰਵਕ ਸੰਪੰਨ ਹੋਇਆ

ਮਿਸੀਸਾਗਾ/ਡਾ. ਝੰਡ : ਆਰਜ਼ੀਆਂ ਐਂਟਰਟੇਨਮੈਂਟ ਵੱਲੋਂ ਆਯੋਜਿਤ ਕੀਤਾ ਗਿਆ ਸੱਤਵਾਂ ਸਲਾਨਾ ਸ਼ੋਅ ‘ਸੁਨਹਿਰੀ ਯਾਦੇਂ’ ਲੰਘੇ ਸ਼ਨੀਵਾਰ 20 ਜੁਲਾਈ ਨੂੰ ਮਿਸੀਸਾਗਾ ਦੇ ਵਿਸ਼ਾਲ ‘ਲਿਵਿੰਗ ਆਰਟ ਸੈਂਟਰ’ ਸਫ਼ਲਤਾ-ਪੂਰਵਕ ਸੰਪੰਨ ਹੋਇਆ। ਪਹਿਲਾਂ ਇਹ ਬਰੈਂਪਟਨ ਦੇ ‘ਰੋਜ਼ ਥੀਏਟਰ’ ਵਿਚ ਰੱਖਿਆ ਗਿਆ ਸੀ ਪਰ ਪ੍ਰੋਗਰਾਮ ਵੇਖਣ ਦੇ ਚਾਹਵਾਨਾਂ ਦੀ ਗਿਣਤੀ ਵਧੇਰੇ ਹੋ ਜਾਣ ਕਰਕੇ ਪ੍ਰਬੰਧਕਾਂ ਨੂੰ ਇਸ ਦੀ ਜਗ੍ਹਾ ਦੀ ਤਬਦੀਲੀ ਹਫ਼ਤਾ ਕੁ ਪਹਿਲਾਂ ਵਡੇਰੇ ਹਾਲ ਵਿਚ ਕਰਨੀ ਪਈ। ਸ਼ੋਅ ਸ਼ਾਮ ਦੇ 6.30 ਵਜੇ ਸ਼ੁਰੂ ਹੋਇਆ ਅਤੇ ਰਾਤ ਦੇ 11.00 ਵਜੇ ਤੱਕ ਚੱਲਦਾ ਰਿਹਾ। ਪ੍ਰਬੰਧਕਾਂ ਅਨੁਸਾਰ 1300 ਤੋਂ ਵਧੀਕ ਸੰਗੀਤ-ਪ੍ਰੇਮੀਆਂ ਨੇ ਇਸ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ। ਇਸ ਸ਼ੋਅ ਦੇ ਪ੍ਰਬੰਧਕ ਮਸ਼ਹੂਰ ਮਿਊਜ਼ਿਕ ਡਾਇਰੈੱਕਟਰ ਤੇ ਗਾਇਕ ਰਮਨਕਾਂਤ ਅਤੇ ਗਾਇਕ ਸ਼ਾਹੀ ਸਨ। ਇਸ ਸ਼ੋਅ ਵਿਚ ਐੱਮ.ਸੀ. ਦੀ ਅਹਿਮ ਭੂਮਿਕਾ ਸ਼ਿਰਿਨ ਤੇ ਜੈਕ ਨੇ ਮਿਲ ਕੇ ਬਾਖ਼ੂਬੀ ਨਿਭਾਈ।
ਸ਼ੋਅ ਦੇ ਲਾਈਵ-ਬੈਂਡ ਵਿਚ 30 ਤੋਂ ਵਧੇਰੇ ਵਿਅੱਕਤੀਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਰਮਨਕਾਂਤ ਜੀ ਨੇ ਨਿਰਦੇਸ਼ਨਾ ਦਿੱਤੀ ਅਤੇ ਉਨ੍ਹਾਂ ਨੇ ਆਪ ਵੀ ਮੁਹੰਮਦ ਰਫ਼ੀ ਸਾਹਿਬ ਦੇ ਗਾਏ ਹੋਏ ਕਈ ਗੀਤ ਗਾਏ ਜਿਨ੍ਹਾਂ ਦੀ ਸਰੋਤਿਆਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ। ਇਸ ਸ਼ੋਅ ਦਾ ਮੁੱਖ-ਆਕਰਸ਼ਣ ਬੀਤੇ ਸਮੇਂ ਦੀ ਮਸ਼ਹੂਰ ਫ਼ਿਲਮੀ ਐੱਕਟਰਸ ਮੀਨੂ ਮੁਮਤਾਜ਼, ਉਸ ਦੀ ਬੇਟੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਸਨ। ਜ਼ਿਕਰਯੋਗ ਹੈ ਕਿ ਮੀਨੂ ਮੁਮਤਾਜ਼ ਨੇ 50਼ਵਿਆਂ ਤੋਂ ਲੈ ਕੇ 80਼ਵਿਆਂ ਤੱਕ 125 ਫ਼ਿਲਮਾਂ ਵਿਚ ਕੰਮ ਕੀਤਾ ਜਿਨ੍ਹਾਂ ਵਿਚ ‘ਮੁਗ਼ਲ-ਏ-ਆਜ਼ਮ’ ਅਤੇ ਪ੍ਰਸਿੱਧ ਐਕਟਰ ਗੁਰੂ ਦੱਤ ਦੀਆਂ ਲੱਗਭੱਗ ਸਾਰੀਆਂ ਹੀ ਫ਼ਿਲਮਾਂ ਸ਼ਾਮਲ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੀਨੂ ਮੁਮਤਾਜ਼ ਆਪਣੇ ਸਮੇਂ ਦੇ ਮਸ਼ਹੂਰ ਕਾਮੇਡੀਅਨ ਕਲਾਕਾਰ ਸਵਰਗਵਾਸੀ ਮਹਿਮੂਦ ਦੀ ਛੌਟੀ ਭੈਣ ਹੈ। ਇਸ ਸ਼ੋਅ ਵਿਚ ਭਾਰਤੀ ਸਿਨੇਮੇ ਦੀ ‘ਸੁਨਹਿਰੀ ਯੁੱਗ’ ਦੇ 24 ਗੀਤ ਜੀ.ਟੀ.ਏ. ਦੇ ਸਥਾਨਕ ਕਲਾਕਾਰਾਂ ਦੀਆਂ ਖ਼ੂਬਸੂਰਤ ਆਵਾਜ਼ਾਂ ਵਿਚ ਪੇਸ਼ ਕੀਤੇ ਗਏ ਅਤੇ ਇਕ ਗੀਤ ਮੀਨੂ ਮੁਮਤਾਜ਼ ਵੱਲੋਂ ਵੀ ਆਪਣੀ ਇਕ ਫ਼ਿਲਮ ਦਾ ਸੁਣਾਇਆ ਗਿਆ। ਸਰੋਤੇ ਬਾਲੀਵੁੱਡ ਦੀ ਮਸ਼ਹੂਰ ਕਲਾਕਾਰ ਨੂੰ ਆਪਣੇ ਵਿਚ ਸ਼ਾਮਲ ਵੇਖ ਕੇ ਬੜੇ ਉਤਸ਼ਾਹਿਤ ਅਤੇ ਖ਼ੁਸ਼ ਸਨ। ਮੀਨੂ ਜੀ ਹੁਣ ਫਿਲਮੀ ਦੁਨੀਆਂ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਇੱਥੇ ਬਰੈਂਪਟਨ ਵਿਚ ਆਪਣੀ ਬੇਟੀ ਨਾਲ ਰਹਿ ਰਹੇ ਹਨ।

RELATED ARTICLES
POPULAR POSTS