ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਅਬਾਦੀ ਪੱਖੋਂ ਸਭ ਤੋਂ ਵੱਡੇ ਰਾਜ ਉਨਟਾਰੀਓ ਵਿਚ ਵਿਧਾਨ ਸਭਾ ਦੀ ਚੋਣ 2 ਜੂਨ ਨੂੰ ਹੋਵੇਗੀ, ਜਿਸ ਵਾਸਤੇ 124 ਹਲਕਿਆਂ ਵਿਚ ਕੁੱਲ 900 ਉਮੀਦਵਾਰ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨ ਤੋਂ ਬਾਅਦ ਚੋਣ ਪ੍ਰਚਾਰ ‘ਚ ਜੁਟੇ ਹੋਏ ਹਨ ਜੋ 2018 ਦੀ ਚੋਣ ਤੋਂ 75 ਵੱਧ ਹਨ। ਟੋਰਾਂਟੋ ਇਲਾਕੇ ਵਿਚ ਖਾਸ ਤੌਰ ‘ਤੇ ਮਿਸੀਸਾਗਾ ਅਤੇ ਬਰੈਂਪਟਨ ਦੇ ਹਲਕਿਆਂ ਵਿਚ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਚਰਚਾ ਅਤੇ ਉਨ੍ਹਾਂ ਦੇ ਸਮਰੱਥਕਾਂ ਦੀ ਚਹਿਲ ਪਹਿਲ ਹੈ। ਮੁੱਖ ਮੰਤਰੀ ਡਗਲਸ ਫੋਰਡ ਦੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ, ਗਰੀਨ ਪਾਰਟੀ ਅਤੇ ਨਿਊ ਬਲੂ ਪਾਰਟੀ ਵਲੋਂ ਸਾਰੀਆਂ 124 ਸੀਟਾਂ ਉਪਰ ਉਮੀਦਵਾਰ ਉਤਾਰੇ ਗਏ ਹਨ, ਜਦਕਿ ਲਿਬਰਲ ਪਾਰਟੀ ਦੇ 122 ਹਲਕਿਆਂ ਵਿਚ ਉਮੀਦਵਾਰ ਹਨ। 41 ਆਜ਼ਾਦ ਉਮੀਦਵਾਰ ਮੈਦਾਨ ਵਿਚ ਹਨ। ਰਾਜ ਵਿਚ 30 ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਹਨ ਜਿਨ੍ਹਾਂ ਵਿਚੋਂ 25 ਪਾਰਟੀਆਂ ਦੇ ਉਮੀਦਵਾਰ ਮੈਦਾਨ ਵਿਚ ਹਨ ਪਰ 3 ਪਾਰਟੀਆਂ ਨੇ ਹੀ ਸਾਰੇ ਹਲਕਿਆਂ ਵਿਚ ਉਮੀਦਵਾਰ ਉਤਾਰੇ ਹਨ। ਦੋ ਕੁ ਦਰਜਨ ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ‘ਚ ਕੁੱਦੇ ਹਨ, ਜਿਨ੍ਹਾਂ ਵਿਚ ਕੰਸਰਵੇਟਿਵ ਪਾਰਟੀ ਦੇ ਮੌਜੂਦਾ ਮੰਤਰੀ ਪ੍ਰਭਮੀਤ ਸਰਕਾਰੀਆ, ਸਹਾਇਕ ਮੰਤਰੀ ਨੀਨਾ ਤਾਂਗੜੀ, ਸੰਸਦੀ ਸਕੱਤਰ ਦੀਪਕ ਆਨੰਦ, ਅਮਰਜੋਤ ਸੰਧੂ, ਲਿਬਰਲ ਪਾਰਟੀ ਤੋਂ ਸਾਬਕਾ ਮੰਤਰੀ ਹਰਿੰਦਰ ਮੱਲੀ ਤੇ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਵਿਧਾਇਕ ਗੁਰਰਤਨ ਸਿੰਘ ਤੇ ਸਾਰਾ ਸਿੰਘ ਸ਼ਾਮਲ ਹਨ। ਬਰੈਂਪਟਨ ਪੂਰਬੀ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਹਰਦੀਪ ਗਰੇਵਾਲ ਵਲੋਂ ਗੁਰਰਤਨ ਸਿੰਘ ਨੂੰ ਟੱਕਰ ਦਿੱਤੀ ਜਾ ਰਹੀ ਹੈ ਅਤੇ ਲਿਬਰਲ ਪਾਰਟੀ ਤੋਂ ਜੰਨਤ ਗਰੇਵਾਲ ਵੀ ਸਰਗਰਮ ਹੈ। ਬਰੈਂਪਟਨ ਪੱਛਮੀ ਵਿਚ ਕੰਸਰਵੇਟਿਵ ਅਮਰਜੋਤ ਸੰਧੂ, ਲਿਬਰਲ ਰਿਮੀ ਝੱਜ, ਐਨ.ਡੀ.ਪੀ. ਦੀ ਨਵਜੀਤ ਕੌਰ ਅਤੇ ਮਨਜੋਤ ਸੇਖੋਂ ਵਿਚਕਾਰ ਮੁਕਾਬਲਾ ਹੈ। ਬੀਬੀ ਮੱਲੀ ਨੂੰ ਐਨ.ਡੀ.ਪੀ. ਤੋਂ ਸੰਦੀਪ ਸਿੰਘ, ਗਰੀਨ ਪਾਰਟੀ ਦੇ ਅਨੀਪ ਢੱਡੇ ਦਾ ਸਾਹਮਣਾ ਹੈ ਅਤੇ ਉਨ੍ਹਾਂ ਦੇ ਮੁਕਾਬਲੇ ਕੰਸਰਵੇਟਿਵ ਉਮੀਦਵਾਰ ਗਰੈਹਮ ਮੈਕਗ੍ਰੀਗੋਰ ਹੈ। ਰਾਜ ਦੇ ਦੱਖਣ ਵਿਚ ਵਿੰਡਸਰ ਨੇੜੇ ਏਸੈਕਸ ਤੋਂ ਲਿਬਰਲ ਮਨਪ੍ਰੀਤ (ਕੌਰ) ਬਰਾੜ, ਥੌਰਨਹਿੱਲ ਤੋਂ ਐਨ.ਡੀ.ਪੀ. ਦੇ ਜਸਲੀਨ ਕੰਬੋਜ ਤੇ ਡੁਰਹਮ ਤੋਂ ਮਿੰਨੀ ਬਤਰਾ ਅਤੇ ਬਰੈਂਫਰਡ ਤੋਂ ਕੰਸਰਵੇਟਿਵ ਰੂਬੀ ਤੂਰ ਚੋਣ ਮੈਦਾਨ ਵਿਚ ਹਨ। ਮਿਸੀਸਾਗਾ ਮਾਲਟਨ ਵਿਚ ਦੀਪਕ ਆਨੰਦ ਦੇ ਮੁਕਾਬਲੇ ਲਿਬਰਲ ਉਮੀਦਵਾਰ ਅਮਨ ਗਿੱਲ ਚੋਣ ਮੈਦਾਨ ਵਿਚ ਹੈ। ਕੁਲ ਮਿਲਾ ਕੇ ਦਰਜਨ ਪੰਜਾਬੀ ਮੂਲ ਦੇ ਉਮੀਦਵਾਰ ਉਨਟਾਰੀਓ ‘ਚ ਦੋ ਪ੍ਰਮੁੱਖ ਪਾਰਟੀਆਂ, ਕੰਸਰਵੇਟਿਵ ਅਤੇ ਲਿਬਰਲ ਪਾਰਟੀ ਤੋਂ ਹਨ ਜਦਕਿ ਪੰਜ ਉਮੀਦਵਾਰ ਐਨ.ਡੀ.ਪੀ. ਦੇ ਹਨ।
ਵੋਟਾਂ ਦਾ ਦਿਨ ਭਾਵੇਂ 2 ਜੂਨ ਹੈ ਪਰ ਉਸ ਤੋਂ ਪਹਿਲਾਂ ਵੋਟਰਾਂ ਕੋਲ 19 ਤੋਂ 29 ਮਈ ਤੱਕ ਅਗਾਊਂ ਵੋਟ ਪੋਲ ਕਰਨ ਦਾ ਮੌਕਾ ਹੋਵੇਗਾ। ਚੋਣ ਨਤੀਜੇ 2 ਜੂਨ ਦੀ ਦੇਰ ਰਾਤ ਤੱਕ ਸਪੱਸ਼ਟ ਹੋ ਜਾਣਗੇ।