ਬਰੈਂਪਟਨ/ਡਾ. ਝੰਡ
ਲੰਘੇ ਸ਼ਨੀਵਾਰ 22 ਜੂਨ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਟਜ਼ ਕਲੱਬ ਜੋ ਬਰੈਂਪਟਨ ਤੇ ਮਿਸੀਸਾਗਾ ਏਰੀਏ ਵਿਚ ‘ਟੀ.ਪੀ.ਏ.ਆਰ ਕਲੱਬ’ ਦੇ ਨਾਂ ਨਾਲ ਜਾਣੀ ਜਾਂਦੀ ਹੈ, ਦੇ 45 ਮੈਂਬਰਾਂ ਨੇ ਖ਼ੂਬਸੂਰਤ ਸ਼ਹਿਰ ਪੀਟਰਬੋਰੋ ਦਾ ਦਿਲਚਸਪ ਟੂਰ ਲਗਾਇਆ। ਜ਼ਿਕਰਯੋਗ ਹੈ ਕਿ ਇਸ ਕਲੱਬ ਦੇ ਮੈਂਬਰ ਹਰ ਸਾਲ ਕਿਸੇ ਨਾ ਕਿਸੇ ਦੂਰ-ਦੁਰਾਡੀ ਜਗ੍ਹਾ ‘ਤੇ ਜਾ ਕੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹਨ ਅਤੇ ਉੱਥੇ ਹੀ ਉਨ੍ਹਾਂ ਦਾ ਖਾਣ-ਪੀਣ ਤੇ ਹਾਸੇ-ਮਜ਼ਾਕ ਦਾ ਦੌਰ ਵੀ ਚੱਲਦਾ ਹੈ।
ਕਲੱਬ ਦੇ ਮੈਂਬਰ ਸਵੇਰੇ ਸਾਢੇ ਛੇ ਵਜੇ ਕੁਲਵੰਤ ਦੇ ‘ਸਬਵੇਅ ਰੈਸਟੋਰੈਂਟ’ ਵਿਚ ਇਕੱਠੇ ਹੋ ਗਏ ਅਤੇ ਉੱਥੇ ਹਲਕਾ ਜਿਹਾ ਬਰੇਕਫ਼ਾਸਟ ਕਰਕੇ ਸਵੇਰੇ ਸੱਤ ਵਜੇ ਸਕੂਲ ਬੱਸ ‘ਤੇ ਸਵਾਰ ਹੋ ਕੇ ਪੀਟਰਬੋਰੋ ਸ਼ਹਿਰ ਵੱਲ ਚੱਲ ਪਏ। ਬੱਸ 10-30 ਵਜੇ ਪੀਟਰਬੋਰੋ ਸ਼ਹਿਰ ਪਹੁੰਚ ਗਈ। ਏਧਰ-ਓਧਰ ਥੋੜ੍ਹਾ ਬਹੁਤ ਟਹਿਲਣ ਤੋਂ ਬਾਅਦ ਮੈਂਬਰਾਂ ਨੇ ਨਾਲ ਲਿਆਂਦਾ ਹੋਇਆ ਪੈਕਡ-ਲੰਚ ਛਕਿਆ ਅਤੇ ਬਾਅਦ ਦੁਪਹਿਰ 12.30 ਵਜੇ ਝੀਲ-ਨੁਮਾ ਨਹਿਰ ਦੇ ਕੰਢੇ ਖੜੀ ਤਿਆਰ-ਬਰ-ਤਿਆਰ ਫ਼ੈਰੀ ਵਿਚ ਸਵਾਰ ਹੋ ਗਏ। ਪੰਜ-ਸੱਤ ਮਿੰਟਾਂ ਬਾਅਦ ਹੀ ਫ਼ੈਰੀ ਚਾਲਕ ਨੇ ਉਸ ਦਾ ਹੂਟਰ ਵਜਾਇਆ ਅਤੇ ਫ਼ੈਰੀ ਨੀਲੇ ਰੰਗ ਦੀ ਭਾਅ ਮਾਰਦੇ ਪਾਣੀ ਵਿਚ ਠਿੱਲ੍ਹ ਪਈ। ਰਸਤੇ ਵਿਚ ਗੱਲਾਂ-ਬਾਤਾਂ ਕਰਦਿਆਂ ਅਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦਿਆਂ ਹੋਇਆਂ ਕਿਸੇ ਨੂੰ ਵੀ ਪਤਾ ਨਾ ਲੱਗਾ ਕਿ ਕਦੋਂ ਫ਼ੈਰੀ ਘੁੰਮਦੀ-ਘੁਮਾਉਂਦੀ ਤੇ ਪਾਣੀਆਂ ਨੂੰ ਚੀਰਦੀ ਹੋਈ ਵਾਪਸ ਆਪਣੇ ਠਹਿਰਨ ਵਾਲੇ ਸਥਾਨ ‘ਤੇ ਆਣ ਰੁਕੀ। ਮੈਂਬਰਾਂ ਦਾ ਦਿਲ ਤਾਂ ਕਰਦਾ ਸੀ ਕਿ ਇਹ ਹੋਰ ਕੁਝ ਸਮਾਂ ਉਨ੍ਹਾਂ ਪਾਣੀਆਂ ਵਿਚ ਵਿਚਰਦੀ ਅਤੇ ਉਨ੍ਹਾਂ ਨੂੰ ਇਸ ਨਜ਼ਾਰੇ ਦਾ ਹੋਰ ਨਿੱਘ ਮਾਣਨ ਦਿੰਦੀ ਪਰ ਇੱਥੇ ਕੈਨੇਡਾ ਵਿਚ ਤਾਂ ਹਰੇਕ ਚੀਜ਼ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਚੱਲਦੀ ਹੈ ਅਤੇ ਇੱਥੇ ਕੁਝ ਮਿੰਟਾਂ ਦੀ ਵੀ ਅਗੇਤ-ਪਛੇਤ ਨਹੀਂ ਹੁੰਦੀ।
ਫ਼ੈਰੀ ਦਾ ਆਨੰਦ ਮਾਣਨ ਤੋਂ ਬਾਅਦ ਸਾਰੇ ਮੈਂਬਰ ਨਿਸ਼ਚਿਤ ਥਾਂ ‘ਤੇ ਪਹੁੰਚ ਗਏ ਜਿੱਥੇ ਰਾਜੂ ਕੁੱਕ ਉਨ੍ਹਾਂ ਲਈ ਸ਼ਾਮ ਦੇ ਸੁਆਦਲੀ ਖਾਣੇ ਦੇ ਜੁਗਾੜ ਵਿਚ ਪੂਰੀ ਤਰ੍ਹਾਂ ਜੁੱਟਿਆ ਹੋਇਆ ਸੀ। ਕਲੱਬ ਦੇ ਕੁਝ ਵਾਲੰਟੀਅਰ ਮੈਂਬਰਾਂ ਦੀ ਮਦਦ ਨਾਲ ਉਸ ਨੇ ਗੋਟ-ਮੀਟ ਅਤੇ ਇਕ ਸਬਜ਼ੀ ਤਿਆਰ ਕੀਤੀ ਅਤੇ ਸਾਰਿਆਂ ਨੇ ਮਿਲ ਕੇ ਗਰਮ-ਗਰਮ ਨਾਨਾਂ ਦੇ ਨਾਲ ਇਸ ਦਾ ਭਰਪੂਰ ਆਨੰਦ ਲਿਆ। ਇੱਥੇ ਮੈਂਬਰਾਂ ਦਾ ਗੀਤਾਂ-ਗਾਣਿਆਂ ਅਤੇ ਚੁਟਕਲਿਆਂ ਦਾ ਖ਼ੂਬ ਦੌਰ ਚੱਲਿਆ। ਖਾਣ-ਪੀਣ ਅਤੇ ਕੁਦਰਤੀ ਨਜ਼ਾਰੇ ਮਾਣਨ ਤੋਂ ਬਾਅਦ ਤੋਂ ਬਾਅਦ ਸ਼ਾਮ ਦੇ ਅੱਠ ਕੁ ਵਜੇ ਮੈਂਬਰਾਂ ਨੇ ਘਰ-ਵਾਪਸੀ ਕੀਤੀ। ਰਸਤੇ ਵਿਚ ਸਾਰੇ ਹੀ ਮੈਂਬਰ ਇਸ ਦਿਲਚਸਪ ਟੂਰ ਦੀਆਂ ਯਾਦਾਂ ਇਕ ਦੂਸਰੇ ਨਾਲ ਸਾਂਝੀਆਂ ਕਰ ਰਹੇ ਸਨ। ਉੱਥੇ ਹੀ ਬੱਸ ਵਿਚ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਅਨਾਊਂਸ ਕੀਤਾ ਗਿਆ ਕਿ ਅਗਲੇ ਸਾਲ ਕਲੱਬ ਦਾ ਟੂਰ 20 ਜੂਨ ਨੂੰ ‘ਥਰਟੀ ਆਈਲੈਂਡਜ਼’ ਜਾਏਗਾ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਵਾਲੰਟੀਅਰ ਵਰਕ ਖੁੱਲ੍ਹ-ਦਿਲੀ ਨਾਲ ਕਰਨ ਦੀ ਵੀ ਸਲਾਹ ਦਿੱਤੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …