Breaking News
Home / ਕੈਨੇਡਾ / 25 ਸਾਲ ਪਹਿਲਾਂ ਆਪਣੇ ਜੱਦੀ ਪਿੰਡ ਠੀਕਰੀਵਾਲ ਆਏ ਸਨ ਕੈਨੇਡਾ ਦੇ ਪੀ.ਐਮ. ਅਹੁਦੇ ਦੇ ਦਾਅਵੇਦਾਰ

25 ਸਾਲ ਪਹਿਲਾਂ ਆਪਣੇ ਜੱਦੀ ਪਿੰਡ ਠੀਕਰੀਵਾਲ ਆਏ ਸਨ ਕੈਨੇਡਾ ਦੇ ਪੀ.ਐਮ. ਅਹੁਦੇ ਦੇ ਦਾਅਵੇਦਾਰ

ਜਗਮੀਤ, 2013 ਵਿਚ ਭਾਰਤ ਸਰਕਾਰ ਨੇ ਵੀਜ਼ਾ ਦੇਣ ਤੋਂ ਕੀਤਾ ਸੀ ਇਨਕਾਰ
ਬਰਨਾਲਾ/ਬਿਊਰੋ ਨਿਊਜ਼ : ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲ ਨਾਲ ਸਬੰਧਿਤ ਜਗਮੀਤ ਸਿੰਘ ਉਰਫ ਜਿੰਮੀ ਨੇ ਕੈਨੇਡਾ ਦੇ ਬਰਨਬੀ ਸਾਊਥ ਵਿਚ ਹੋਈ ਉਪ ਚੋਣ ਵਿਚ ਜਿੱਤ ਹਾਸਲ ਕੀਤੀ। ਇਸੇ ਸਾਲ ਅਕਤੂਬਰ ਵਿਚ ਹੋਣ ਵਾਲੀਆਂ ਫੈਡਰਲ ਚੋਣਾਂ ਵਿਚ ਉਹ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ। ਮੰਗਲਵਾਰ ਰਾਤ ਨੂੰ ਉਨ੍ਹਾਂ ਵਲੋਂ ਉਪ ਚੋਣ ਜਿੱਤਣ ਦੀ ਖਬਰ ਆਈ। ਬੁੱਧਵਾਰ ਸਵੇਰੇ ਪਿੰਡ ਦੇ ਲੋਕ ਗੁਰਦੁਆਰਾ ਸਾਹਿਬ ਵਿਚ ਇਕੱਠੇ ਹੋਏ ਅਤੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ।

ਪਿਤਾ ਨੇ ਸਰਕਾਰੀ ਸਕੂਲ ‘ਚ ਕਮਰੇ ਬਣਾਉਣ ਨੂੰ ਭੇਜੀ ਸੀ ਆਰਥਿਕ ਸਹਾਇਤਾ
ਪਿੰਡ ਵਾਸੀ ਨਰਦੇਵ ਸਿੰਘ ਨੇ ਦੱਸਿਆ ਕਿ ਜਗਮੀਤ ਸਿੰਘ ਸਾਲ 1993 ਵਿਚ ਆਖਰੀ ਵਾਰ ਭਾਰਤ ਆਏ ਸਨ। ਤਦ ਉਨ੍ਹਾਂ ਦੀ ਉਮਰ ਸਿਰਫ 14 ਸਾਲ ਦੀ ਸੀ। ਕੈਨੇਡਾ ਤੋਂ ਉਨ੍ਹਾਂ ਦੇ ਪਿਤਾ ਡਾ. ਜਗਤਰਣ ਸਿੰਘ ਨੇ ਪਿੰਡ ਦੇ ਸਰਕਾਰੀ ਸਕੂਲ ਵਿਚ ਕਮਰੇ ਬਣਾਉਣ ਲਈ ਆਰਥਿਕ ਸਹਾਇਤਾ ਭੇਜੀ ਸੀ। ਜਦ ਕਮਰੇ ਬਣ ਕੇ ਤਿਆਰ ਹੋ ਗਏ, ਤਦ ਉਨ੍ਹਾਂ ਦਾ ਪੂਰਾ ਪਰਿਵਾਰ ਪਿੰਡ ਆਇਆ ਸੀ। ਉਸ ਤੋਂ ਬਾਅਦ ਜਗਮੀਤ ਸਿੰਘ 2013 ਵਿਚ ਸੰਸਦ ਮੈਂਬਰ ਬਣੇ। ਸੰਸਦ ਰਹਿੰਦੇ ਹੋਏ ਉਨ੍ਹਾਂ ਨੇ ਕੈਨੇਡਾ ਦੀ ਸੰਸਦ ਵਿਚ 1984 ਦੇ ਸਿੱਖ ਕਤਲੇਆਮ ਦਾ ਮਾਮਲਾ ਚੁੱਕਿਆ ਸੀ। ਉਨ੍ਹਾਂ ਨੇ 2013 ਵਿਚ ਭਾਰਤ ਆਉਣ ਲਈ ਵੀਜ਼ਾ ਅਪਲਾਈ ਕੀਤਾ ਸੀ, ਪਰ ਸਰਕਾਰ ਨੇ ਉਨ੍ਹਾਂ ਨੂੰ ਵੀਜ਼ਾ ਨਹੀਂ ਦਿੱਤਾ।
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪਰਿਵਾਰ ਵਿਚੋਂ ਹਨ ਜਗਮੀਤ ਸਿੰਘ
ਜਗਮੀਤ ਸਿੰਘ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਅਹਿਮ ਯੋਗਦਾਨ ਦੇਣ ਵਾਲੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪਰਿਵਾਰ ਵਿਚੋਂ ਹਨ। ਜਗਮੀਤ ਸਿੰਘ ਦੇ ਦਾਦਾ ਸਮਸ਼ੇਰ ਸਿੰਘ ਅਤੇ ਸੇਵਾ ਸਿੰਘ ਠੀਕਰੀਵਾਲਾ ਦੋਵੇਂ ਭਰਾ ਸਨ। ਸੇਵਾ ਸਿੰਘ ਠੀਕਰੀਵਾਲਾ 1935 ਵਿਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦਾ ਅੱਧਾ ਪਰਿਵਾਰ ਬਰਨਾਲਾ ਵਿਚ ਰਹਿੰਦਾ ਸੀ ਅਤੇ ਅੱਧਾ ਪਿੰਡ ਵਿਚ ਹੀ ਰਹਿੰਦਾ ਸੀ। ਉਨ੍ਹਾਂ ਦੇ ਪਰਿਵਾਰ ਨੂੰ ਪਿੰਡ ਅਤੇ ਜ਼ਿਲ੍ਹੇ ਵਿਚ ਪੂਰਾ ਸਨਮਾਨ ਦਿੱਤਾ ਜਾਂਦਾ ਹੈ। ਪਿੰਡ ਠੀਕਰੀਵਾਲ ਦੀ ਐਵਰਗ੍ਰੀਨ ਸੋਸਾਇਟੀ ਦੇ ਵਾਈਸ ਪ੍ਰਧਾਨ ਨਰਦੇਵ ਸਿੰਘ, ਬਲਵੰਤ ਭੁੱਲਰ, ਬਲਵਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਜਗਮੀਤ ਸਿੰਘ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਦਾ ਜਨਮ ਵੀ ਕੈਨੇਡਾ ਵਿਚ ਹੀ ਹੋਇਆ ਹੈ। ਉਨਾਂ ਦੇ ਪਿਤਾ ਡਾ. ਜਗਤਰਣ ਸਿੰਘ ਕਰੀਬ 60 ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਗਏ ਸਨ। ਕੈਨੇਡਾ ਵਿਚ ਹੀ ਜਗਮੀਤ ਦਾ ਜਨਮ ਹੋਇਆ ਸੀ। ਜਗਮੀਤ ਨੇ ਸਿਰਫ ਪਿੰਡ ਜਾਂ ਪੰਜਾਬ ਦਾ ਹੀ ਨਹੀਂ ਸਗੋਂ ਪੂਰੀ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਕੈਨੇਡਾ ਵਰਗੇ ਦੇਸ਼ ਵਿਚ ਇਕ ਮਜ਼ਬੂਤ ਪਾਰਟੀ ਦਾ ਪ੍ਰਧਾਨ ਮੰਤਰੀ ਅਹੁਦੇ ਦਾ ਨੇਤਾ ਬਣਨਾ ਪੂਰੀ ਦੁਨੀਆ ਦੇ ਸਿੱਖਾਂ ਲਈ ਖੁਸ਼ੀ ਦੀ ਗੱਲ ਹੈ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …