ਬਰੈਂਪਟਨ : ਬਰੈਂਪਟਨ ਦੀ ਰੋਬਰਟ ਪੋਸਟ ਸੀਨੀਅਰਜ਼ ਕਲੱਬ ਨੇ ਇਸ ਵਾਰ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਵਿਚ, ਕਲੱਬ ਦੇ ਪਾਰਕ ਵਿਚ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ, ਕੈਨੇਡਾ ਡੇਅ ਮਨਾਉਣ ਲਈ ਵੱਡੇ ਪੱਧਰ ‘ਤੇ ਪ੍ਰੋਗਰਾਮ ਉਲੀਕਿਆ।
ਕੋਵਿਡ ਮਹਾਮਾਰੀ ਕਾਰਨ ਦੋ ਸਾਲ ਤੋਂ ਵੱਧ ਸਮਾਂ ਸਾਰੀਆਂ ਸਮਾਜਿਕ ਤੇ ਕਲਚਰਲ ਗਤੀਵਿਧੀਆਂ ਵਿਚ ਖੜੋਤ ਆ ਗਈ ਸੀ। ਪਰ ਇਸ ਮਹਾਮਾਰੀ ਨੂੰ ਕਾਬੂ ਕਰ ਲਏ ਜਾਣ ‘ਤੇ, ਸਮੇਂ ਨੇ ਕਰਵਟ ਲਈ ਹੈ ਤੇ ਇਕ ਵਾਰ ਫਿਰ ਪਾਰਕਾਂ ਤੇ ਮਨੋਰੰਜਨ ਵਾਲੀਆਂ ਥਾਵਾਂ ‘ਤੇ ਹੱਸਦੇ ਮੁਸਕਰਾਉਂਦੇ ਹੋਏ ਚਿਹਰੇ ਵਹੀਰਾਂ ਘੱਤ ਕੇ ਆਉਣ ਲੱਗ ਪਏ।
ਇਸੇ ਤਰ੍ਹਾਂ ਲੰਮੀ ਤਿਆਰੀ ਨਾਲ ਰੋਬਰਟ ਪੋਸਟ ਸੀਨੀਅਰਜ਼ ਕਲੱਬ ਦਾ ਕੈਨੇਡਾ ਡੇਅ ਮਨਾਉਣ ਦਾ ਸਮਾਗਮ ਸ਼ੁਰੂ ਹੋਇਆ।
ਕਲੱਬ ਦੇ ਸਾਰੇ ਮੈਂਬਰ ਖਾਸ ਕਰ ਲੇਡੀਜ਼, ਕਲੱਬ ਦੇ ਪਾਰਕ ਨੂੰ ਗੁਬਾਰਿਆਂ ਤੇ ਗੁਲਦਸਤਿਆਂ ਤੇ ਮਾਣ ਸਨਮਾਨ ਕਰਨ ਵਾਲੀਆਂ ਟਰਾਫੀਆਂ ਨਾਲ ਸਜਾ ਰਹੇ ਸਨ। ਪੱਕੇ ਤੇ ਵੱਡੇ ਸ਼ੈਡ ਤੋਂ ਇਲਾਵਾ ਦਰਸ਼ਕਾਂ ਦੀ ਵੱਡੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ, ਇਕ ਖੁੱਲ੍ਹਾ ਸ਼ਾਮਿਆਨਾ ਵੀ ਲਗਾਇਆ ਹੋਇਆ ਸੀ। ਸਮਾਗਮ ਦੇ ਪਹਿਲੇ ਦੌਰ ਵਿਚ ਸੀਨੀਅਰਜ਼ ਦੇ ਤਾਸ਼ (ਸੀਪ) ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵੱਡੀ ਗਿਣਤੀ ਵਿਚ ਟੀਮਾਂ ਨੇ ਹਿੱਸਾ ਲਿਆ।
ਸੀਨੀਅਰਜ਼ ਨੇ ਆਪਣੀ ਯਾਦਦਾਸ਼ਤ ਤੇ ਗਿਣਤੀ ਮਿਣਤੀ ਦੇ ਅਧਾਰ ‘ਤੇ ਸਾਰੇ ਮੈਚਾਂ ਵਿਚ ਦਿਲਚਸਪੀ ਬਣਾਈ ਰੱਖੀ। ਤਾਸ਼ ਮੁਕਾਬਲੇ ਸਮਾਪਤ ਹੋਣ ਤੋਂ ਸਭ ਤੋਂ ਪਹਿਲਾਂ ਬੱਚਿਆਂ ਨੇ ‘ਓ ਕੈਨੇਡਾ’ ਦਾ ਕੌਮੀ ਗੀਤ ਗਾ ਕੇ ਪ੍ਰੋਗਰਾਮ ਦੇ ਦੂਜੇ ਦੌਰ ਦੀ ਸ਼ੁਰੂਆਤ ਕਰ ਦਿੱਤੀ।
ਪ੍ਰੀਤਮ ਸਿੰਘ ਸਰਾਂ ਵਲੋਂ ਸਟੇਜ ਸੰਚਾਲਨ ਦੀ ਡਿਊਟੀ ਵਧੀਆ ਢੰਗ ਨਾਲ ਨਿਭਾਈ ਗਈ। ਉਹਨਾਂ ਨੇ ਸਾਰੇ ਸਰੋਤਿਆਂ, ਬਾਹਰੋ ਆਏ ਪਤਵੰਤੇ ਮਹਿਮਾਨਾਂ ਤੇ ਵੱਖ ਵੱਖ ਸੀਨੀਅਰਜ਼ ਕਲੱਬਾਂ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੂੰ ਜੀ ਆਇਆਂ ਕਿਹਾ। ਡਾਇਰੈਕਟਰ ਸੁਖਵੰਤ ਕੌਰ ਸਿੱਧੂ ਨੇ ਕੈਨੇਡਾ ਡੇਅ ‘ਤੇ ਆਪਣੇ ਵੱਲੋਂ ਲਿਖੀ ਕਵਿਤਾ ਪੜ੍ਹੀ, ਜਿਸ ਵਿਚ ਕੈਨੇਡਾ ਦੀ ਖੂਬਸੂਰਤੀ ਤੇ ਖੁਸਹਾਲੀ ਦੀ ਸਚਾਈ ਦਾ ਵਰਨਣ ਸੀ। ਇਸਦੇ ਨਾਲ ਹੀ ਬਰੈਂਪਟਨ ਦੀ ਮਸ਼ਹੂਰ ਗਾਇਕਾ ਵਲੋਂ ਸਾਜ਼ਾਂ ਨਾਲ ਸਭਿਆਚਾਰਕ ਗੀਤ ਗਾਏ। ਜਿਸ ਨੂੰ ਦਰਸ਼ਕਾਂ ਵਲੋਂ ਸਲਾਹਿਆ ਗਿਆ।
ਸਭਿਆਚਾਰਕ ਪ੍ਰੋਗਰਾਮ ਦੀ ਸਮਾਪਤੀ ਹੋ ਜਾਣ ਪਿੱਛੋਂ ਡਾਕਟਰ ਬਲਜਿੰਦਰ ਸਿੰਘ ਸੇਖੋਂ ਵਲੋਂ ਆਪਣੇ ਲੈਕਚਰ ਵਿਚ ਕੈਨੇਡਾ ਦੇ ਇਤਿਹਾਸ ਬਾਰੇ ਤਰਕ ਭਰਪੂਰ ਜਾਣਕਾਰੀ ਦਿੱਤੀ ਤੇ ਇਸ ਦਿਨ ਦੀ ਮਹਾਨਤਾ ਬਾਰੇ ਚਾਨਣਾ ਪਾਇਆ।
ਕੈਨੇਡਾ ਵੈਸਟ ਦੇ ਐਮਪੀਪੀ ਪਰਮਜੋਤ ਸਿੰਘ ਸੰਧੂ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਨੀਤੀ ਤੇ ਇਥੋਂ ਦੀਆਂ ਸਿਹਤ ਸਹੂਲਤਾਂ ਦੀ ਪ੍ਰਸੰਸਾ ਕਰਦੇ ਹੋਏ, ਕੈਨੇਡਾ ਨੂੰ ਉਦਮੀਆਂ ਦੀ ਧਰਤੀ ਕਹਿ ਕੇ ਇਸਦੀ ਵਡਿਆਈ ਕੀਤੀ ਤੇ ਆਪਣੀ ਖੁਦ ਦੀ ਸਿਆਸਤ ਵਿਚ ਕਾਮਯਾਬੀ ਦੀ ਉਦਾਹਰਣ ਦਿੱਤੀ।
ਮਹਿੰਦਰ ਸਿੰਘ ਮੋਹੀ ਵਲੋਂ ਕੈਨੇਡਾ ਵਿਚ ਰਹਿਣ ਵਾਲੇ ਤੇ ਇਸਦੇ ਸਾਫ ਵਾਤਾਵਰਣ ਤੇ ਵਧੀਆ ਸਿਹਤ ਸਹੂਲਤਾਂ ਨੂੰ ਮਾਣਦੇ ਸਾਰੇ ਪਰਵਾਸੀਆਂ ਨੂੰ ਭਾਗਸ਼ਾਲੀ ਦੱਸਿਆ ਤੇ ਇਸ ਦੁਨੀਆ ਦੇ ਸਭ ਤੋਂ ਸੋਹਣੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ।
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜਗੀਰ ਸਿੰਘ ਸ਼ੈਂਭੀ ਵਲੋਂ ਕੈਨੇਡਾ ਡੇਅ ‘ਤੇ ਸੁਚੱਜੇ ਤੇ ਅਨੁਸ਼ਾਸ਼ਿਤ ਭਰਪੂਰ ਪ੍ਰਬੰਧ ਨਾਲ ਆਯੋਜਿਤ ਕੀਤੇ ਗਏ ਸਮਾਗਮ ਦੀ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਅਗਲੇ ਸਮੇਂ ਵਿਚ ਵੱਖ ਵੱਖ ਕਲੱਬਾਂ ਵਲੋਂ ਹੋਣ ਵਾਲੇ ਕੈਨੇਡਾ ਡੇਅ ਸਮਾਗਮਾਂ ਦੀ ਜਾਣਕਾਰੀ ਸਾਂਝੀ ਕੀਤੀ।
ਸਮਾਗਮ ਦੇ ਤੀਜੇ ਤੇ ਆਖਰੀ ਦੌਰ ਵਿਚ ਸਤਨਾਮ ਸਿੰਘ ਬਰਾੜ ਦੀ ਨਿਗਰਾਨੀ ਹੇਠ ਬੱਚਿਆਂ ਤੇ ਸੀਨੀਅਰਜ਼ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਗਏ, ਜੋ ਬਹੁਤ ਦਿਲਚਸਪ ਰਹੇ। ਸਾਰਾ ਸਮਾਂ ਚਾਹ ਪਾਣੀ ਤੇ ਖਾਣ ਪੀਣ ਦੀ ਸਟਾਲ ‘ਤੇ ਪੂਰੀ ਰੌਣਕ ਰਹੀ ਤੇ ਮਹਿੰਦਰ ਸਿੰਘ ਥਿਆੜਾ ਤੇ ਸ਼ਿਵਦੇਵ ਸਿੰਘ ਮੁਲਤਾਨੀ ਦੀ ਅਗਵਾਈ ਵਿਚ ਨਾਜ਼ਰ ਸਿੰਘ, ਦਰਸ਼ਨ ਸਿੰਘ ਤੇ ਹੋਰ ਵਲੰਟੀਅਰਜ਼ ਵਲੋਂ ਖਾਣ ਪੀਣ ਦੀਆਂ ਵਸਤਾਂ ਵਿਚ ਕੋਈ ਘਾਟ ਨਹੀਂ ਆਉਣ ਦਿੱਤੀ।
ਅਖੀਰ ਵਿਚ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਸਿੱਧੂ ਨੇ ਸਾਰੇ ਸੀਨੀਅਰਜ਼ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਕਲੱਬ ਇੰਨਾ ਵੱਡਾ ਫੰਕਸ਼ਨ ਕਰਨ ਵਿਚ ਕਾਮਯਾਬ ਹੋ ਸਕੀ। ਅੰਤ ਵਿਚ ਪ੍ਰਧਾਨ ਬਲਵਿੰਦਰ ਸਿੰਘ ਸਿੱਧੂ, ਸਕੱਤਰ ਮਨਜੀਤ ਸਿੰਘ ਚਾਹਲ, ਕੈਸ਼ੀਅਰ ਸਤਨਾਮ ਸਿੰਘ ਬਰਾੜ ਤੇ ਉਪ ਪ੍ਰਧਾਨ ਮਹਿੰਦਰ ਸਿੰਘ ਮੋਹੀ, ਚੀਫ ਐਡਵਾਈਜ਼ਰ ਪ੍ਰੀਤਮ ਸਿੰਘ ਸਰਾਂ, ਡਾਇਰੈਕਟਰਜ਼ (ਮਹਿੰਦਰ ਸਿੰਘ ਥਿਆੜਾ, ਸ਼ਿਵਦੇਵ ਸਿੰਘ ਮੁਲਤਾਨੀ, ਅਮਰਜੀਤ ਸਿੰਘ ਸਿੱਧੂ, ਹਰਵਿੰਦਰ ਸਿੰਘ ਬੈਨੀਪਾਲ, ਸੁਖਵੰਤ ਕੌਰ ਸਿੱਧੂ, ਸੁਖਵਿੰਦਰ ਕੌਰ ਬਰਾੜ, ਗੁਰਪ੍ਰੀਤ ਕੌਰ ਸਿੱਧੂ) ਵਲੋਂ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਤੇ ਜੇਤੂ ਬੱਚਿਆਂ ਨੂੰ ਇਨਾਮ ਦੀ ਵੰਡ ਕੀਤੀ ਗਈ। – ਮਹਿੰਦਰ ਸਿੰਘ ਮੋਹੀ 416-659-1232