Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮੀਟਿੰਗ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਰਹੀ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮੀਟਿੰਗ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਰਹੀ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਕੋਸੋ ਦੇ ਹਾਲ ਵਿੱਚ 17 ਨਵੰਬਰ ਦਿਨ ਐਤਵਾਰ ਬਾਅਦ ਦੁਪਿਹਰ ਦੋ ਵਜੇ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਭ ਸਾਹਿਤਕ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ। ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਦਵਿੰਦਰ ਮਲਹਾਂਸ ਦੇ ਨਾਲ ਜਗਦੇਵ ਸਿੱਧੂ ਤੇ ਐਡਮਿੰਟਨ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੀ ਕੁਲਦੀਪ ਕੌਰ ਨੂੰ ਸੱਦਾ ਦਿੱਤਾ। ਨਵੰਬਰ ਮਹੀਨੇ ਦੀਆਂ ਗਤੀਵਿਧੀਆਂ ਸਾਂਝੀਆਂ ਕਰਦਿਆਂ ਉਹਨਾਂ ਸਾਰੀ ਲੁਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ। ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਤੇ ਉਹਨਾਂ ਨੂੰ ਯਾਦ ਕੀਤਾ ਗਿਆ। ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਦੀ ਪ੍ਰਸੰਸਾ ਕੀਤੀ। ਡੌਨ ਚੈਰੀ ਵਲੋਂ ਕੈਨੇਡੀਅਨ ਫੌਜੀਆਂ ਦੇ ਯਾਦਗਾਰੀ ਦਿਵਸ ਉੱਤੇ ਪਰਵਾਸੀਆਂ ਲਈ ਬੋਲੀ ਗਈ ਅਸਭਿਅਕ ਸ਼ਬਦਾਬਲੀ ਦੀ ਨਿਖੇਧੀ ਕੀਤੀ ਗਈ, ਨਵੰਬਰ 84 ਦੇ ਕਾਲੇ ਮੰਦਭਾਗੇ ਵਰਤਾਰੇ ਦੀ ਗੱਲ ਵੀ ਕੀਤੀ ਗਈ। ਸ਼ੋਕ ਮਤੇ ਸਾਂਝੇ ਕਰਦਿਆਂ ਪੰਜਾਬੀ ਕਵੀ ਸੁਖਚੈਨ ਮਿਸਤਰੀ, ਉੱਘੇ ਸਾਹਿਤਕਾਰੀ ਪੂਰਨ ਮੁਦਗਿੱਲ, ਕਹਾਣੀਕਾਰ ਕਸ਼ਮੀਰ ਸਿੰਘ ਪੰਨੂ, ਐਗਰੀਕਲਚਰ ਯੂਨੀਵਰਸਿਟੀ ਵਾਈਸ ਚਾਂਸਲਰ ਖੇਮ ਸਿੰਘ, ਅਦਾਕਾਰ ਤੇ ਰੰਗ ਕਰਮੀ ਨਰਿੰਦਰ ਜੱਟੂ ਦੇ ਸਦੀਵੀ ਵਿਛੋੜੇ ਉੱਤੇ ਪੰਜਾਬੀ ਲਿਖਾਰੀ ਸਭਾ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਹਨਾਂ ਹਸਤੀਆਂ ਦਾ ਪੰਜਾਬੀ ਸਾਹਿਤ ਅਤੇ ਕਲਚਰ ਵਿੱਚ ਵੱਡਮੁੱਲਾ ਯੋਗਦਾਨ ਰਿਹਾ। ਰਚਨਾਵਾਂ ਦੇ ਦੌਰ ਵਿੱਚ ਬਲਜਿੰਦਰ ਸੰਘਾ ਨੇ ‘ਮਜਦੂਰ’ ਤੇ ਗਦਰੀ ਬੋਲੀਆਂ, ਜੋਗਾ ਸਿੰਘ ਸਹੋਤਾ ਨੇ ਗੀਤ ਤੇ ਗਜ਼ਲ ਨਾਲ, ਗੁਰਦੀਸ਼ ਕੌਰ ਗਰੇਵਾਲ ਨੇ ਇਨਕਲਾਬੀ ਕਵਿਤਾ ‘ਮੈਂ ਨਾਨਕ ਦਾ ਪੈਰੋਕਾਰ’, ਜਗਦੇਵ ਸਿਧੂ ਨੇ ਕਵਿਤਾ ‘ਤੇਰਾ ਸੁੱਚਾ ਨਾ’, ਨਵਪ੍ਰੀਤ ਰੰਧਾਵਾ (ਕਲਸਾ) ਨੇ ‘ਪਰਦੇ ਹਨੇਰਿਆ ਦੇ’ ਗਜ਼ਲ, ਬਲਵੀਰ ਗੋਰਾ ਨੇ ‘ਤੇਰੇ ਦਰ ਉੱਤੇ’, ਹਰਮਿੰਦਰ ਚੁੱਘ ਨੇ ‘ਅਸੀ ਬਾਗੀ ਬਾਣੀ ਤੋਂ’, ਗੁਰਚਰਨ ਹੇਅਰ ਨੇ ‘ਜੰਗਲ ਰਾਜ’ , ਲਖਵਿੰਦਰ ਜੌਹਲ ਨੇ ‘ਹੇ ਬਾਬਾ ਨਾਨਕ’, ਜਸਬੀਰ ਸਹੋਤਾ ਨੇ ਚੰਦ ਕੁ ਸ਼ੇਅਰ, ਸਰਬਜੀਤ ਉੱਪਲ ਨੇ ‘ਛੇੜ ਮਰਦਾਨਿਆ’, ਬਹਾਦਰ ਡਾਲਵੀ ਨੇ ‘ਵਿੱਚ ਨਨਕਾਣੇ’ ਤੇ ਸਰਵਣ ਸਿੰਘ ਸੰਧੂ ਨੇ ਹਾਸਰਸ ਵਿਅੰਗਮਈ ਕਵਿਤਾ ‘ਕੈਨੇਡਾ’, ਤੇ ਸ਼ਿਵ ਕੁਮਾਰ ਸ਼ਰਮਾ ਨੇ ਚੁਟਕਲਿਆਂ ਨਾਲ ਹਾਜ਼ਰੀ ਲਵਾਈ। ਐਡਮਿੰਟਨ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਬਹੁਪੱਖੀ ਲੇਖਿਕਾਂ ਜਰਨੈਲ ਕੌਰ ਧਾਲੀਵਾਲ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਆਪਣੀਆਂ 12 ਕਿਤਾਬਾਂ ਦਾ ਸੈੱਟ ਪੰਜਾਬੀ ਲਿਖਾਰੀ ਸਭਾ ਨੂੰ ਭੇਂਟ ਕੀਤਾ। ਉਹਨਾਂ ਦੇ ਬੇਟੇ ਉੱਘੇ ਪੱਤਰਕਾਰ ਰਘੂਵੀਰ ਬਿਲਾਸਪੁਰੀ ਨੇ ਉਹਨਾਂ ਦੀਆਂ ਕਿਤਾਬਾਂ ਬਾਰੇ ਚਰਚਾ ਕੀਤੀ। ਸਰਬਜੀਤ ਜਵੰਦਾ, ਨਰਿੰਦਰ ਢਿੱਲੋਂ ਤੇ ਜਗਦੀਸ਼ ਸਿੰਘ ਚੋਹਕਾ ਨੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਫਲਸਫੇ ਦੀ ਗੱਲ ਕੀਤੀ ਅਤੇ ਉਹਨਾਂ ਦੀਆਂ ਸਿਖਿਆਵਾਂ ਉੱਤੇ ਅਮਲ ਕਰਨ ਲਈ ਜੋਰ ਦਿੱਤਾ। ਇਸ ਮੌਕੇ ਸੁਖਦਰਸ਼ਨ ਸਿੰਘ ਜੱਸਲ, ਅਜਾਇਬ ਸਿੰਘ ਭੰਗੂ, ਸਿਮਰ ਚੀਮਾ, ਰਜਿੰਦਰ ਕੌਰ ਚੋਹਕਾ, ਸੱਤਪਾਲ ਕੌਸ਼ਲ, ਪਿਆਰਾ ਲਾਲ ਕੌਸ਼ਲ, ਹਰੀਪਾਲ , ਨਛੱਤਰ ਪੁਰਬਾ, ਤਰਲੋਚਨ ਸੈਂਭੀ, ਰਣਜੀਤ ਸਿੰਘ , ਮਨਜੀਤ ਕੌਰ, ਸਤਵਿੰਦਰ ਸਿੰਘ, ਜਸਜੀਤ ਸਿੰਘ ਧਾਮੀ, ਮਹਿੰਦਰਪਾਲ, ਪਵਨਦੀਪ ਬਾਂਸਲ ਆਦਿ ਸ਼ਾਮਲ ਸਨ। ਅਖੀਰ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਆਏ ਹੋਏ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੀ ਮੀਟਿੰਗ ਜੋ 15 ਦਸੰਬਰ ਨੂੰ ਆ ਰਹੀ ਹੈ ਉਸ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ। ਹੋਰ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 587 437 7805 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …