ਬਰੈਂਪਟਨ/ਬਿਊਰੋ ਨਿਊਜ਼
ਲੰਘੇ ਐਤਵਾਰ, 6 ਨਵੰਬਰ, 2016 ਨੂੰ ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਵਿਚ ਲੱਗੇ ਕਾਨਸੂਲੇਟ ਕੈਂਪ ਵਿਚ 1000 ਤੋਂ ਵੱਧ ਲਾਈਫ ਸਰਟੀਫਿਕੇਟ ਬਣਾਏ ਗਏ। ਵੈਲ ਆਗੇਨਾਈਜ਼ਡ ਕੈਂਪ ਸਮੇ ਇਹ ਗੱਲ ਅਜੀਬ ਲੱਗੀ ਕਿ ਸਰਟੀਫਿਕੇਟ ਤਾਂ ਲੋਕਾਂ ਦਾ 5 ਤੋਂ 10 ਮਿੰਟ ਵਿਚ ਬਣਦਾ ਰਿਹਾ ਪਰ ਸਮੋਸਿਆਂ ਦੀ ਲਾਈਨ ਉਪਰ ਲੋਕ ਕਈ ਕਈ ਦੇਰ ਮਲੋ ਮਲੀ ਖੜ੍ਹੇ ਰਹੇ। ਪਿਛਲੇ ਸਾਲ ਦੀ ਤਰ੍ਹਾਂ ਸਭ ਲੋਕਾਂ ਨੂੰ ਅਗਾਊਂ ਗਰੁੱਪਾਂ ਵਿਚ ਸਮਾਂ ਦੇ ਦਿਤਾ ਗਿਆ ਸੀ, ਜਦ ਇਹ ਕੈਂਪ ਸੇਵਾਦਲ (ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ) ਦੇ ਵਲੰਟੀਅਰਜ਼ ਨੇ ਸਕੂਲ ਨਾਲ ਰਲ ਕੇ ਬਿਨਾ ਪੈਸਾ ਲਿਆਂ ਕੀਤਾ ਸੀ।
ਇਸ ਵਾਰ ਕੋਈ 800 ਬੰਦੇ ਰਜਿਸਟਰ ਹੋਏ ਸਨ ਜੋ ਬੜੇ ਮਜ਼ੇ ਨਾਲ ਦਿੱਤੇ ਸਮੇਂ ਆਉਂਦੇ ਗਏ ਅਤੇ 5 ਮਿੰਟ ਵਿਚ ਵਾਪਿਸ ਜਾਂਦੇ ਰਹੇ। ਸਕੂਲ ਵਿਚ 1000 ਤੋਂ ਵੱਧ ਲੋਕਾਂ ਨੂੰ ਫੋਨ ਕੀਤੇ ਸੀ ਪਰ 800 ਤੋਂ ਬਾਅਦ ਹਰ ਇਕ ਨੂੰ ਦੱਸਿਆ ਗਿਆ ਸੀ ਕਿ ਹੁਣ ਨਾ ਆਇਓ। 12 ਜਾਂ 19 ਤਰੀਖ ਨੂੰ ਦੁਸਰੇ ਕੈਂਪਾਂ ਵਿਚ ਸਰਟੀਫਿਕੇਟ ਬਣਵਾ ਲਿਓ। ਫਿਰ ਵੀ 200,250 ਬੰਦਾ 9 ਵਜੇ ਤੋਂ ਪਹਿਲਾਂ ਆ ਪਹੁੰਚਾ। ਜਿਨਾਂ ਨੂੰ ਅਡਜਸਟ ਕਰਨ ਦਾ ਕੋਈ ਤਰੀਕਾ ਨਹੀਂ ਬਚਿਆ ਸੀ ਪਰ ਫਿਰ ਵੀ ਕਿਸੇ ਤਰੀਕੇ ਕੁਲ 1075 ਸਰਟੀਫਿਕੇਟ ਦਸਖਤ ਕੀਤੇ ਗਏ। ਇਸ ਵਾਰ ਬਣੀ ਮੁਸ਼ਕਿਲ ਦਾ ਕਸੂਰ ਕਿਥੇ ਸੀ? ਸਮਝਣ ਵਾਲੀ ਗਲ ਹੈ। ਬਾਵਜੂਦ ਕਿ ਐਕਸ ਸਰਵਿਸਮੈਨ ਐਸੋਸੀਏਸ਼ਨ ਨੂੰ ਕੌਂਸਲੇਟ ਦਫਤਰ ਵਲੋਂ ਸਿਰਫ 19 ਤਰੀਖ ਵਾਲਾ ਕੈਂਪ ਅਲਾਟ ਹੋਇਆ ਸੀ ਅਤੇ 6 ਤਰੀਖ ਵਾਲਾ ਸੀਨੀਅਰ ਸੋਸ਼ਿਲ ਸਰਵਿਸਜ਼ ਨੂੰ ਮਿਲਿਆ ਸੀ ਪਰ ਕਿਓਂਕਿ ਬਰਗੇਡੀਅਰ ਸਾਹਿਬ ਦੋਨਾਂ ਸੰਸਥਾਵਾਂ ਦੇ ਪ੍ਰਧਾਨ ਸਨ ਇਸ ਲਈ ਇਹ 6 ਤਰੀਖ ਵਾਲਾ ਕੈਂਪ ਵੀ ਉਨ੍ਹਾਂ ਦਾ ਹੀ ਸਮਝ ਲਿਆ ਗਿਆ ਫਲਸਰੂਪ ਬੰਦੋਬਸਤ ਐਕਸ ਸਰਵਿਸਮੈਨ ਐਸੋਸੀਏਸ਼ਨ ਦੇ ਬੈਨਰ ਨੀਚੇ ਹੋਇਆ, ਕਿਓਂ ਕਿ ਹਰ ਬੰਦੇ ਤੋਂ 5 ਡਾਲਰ ਲੈਣ ਦੀ ਸਕੀਮ ਬਣਾਈ ਗਈ ਸੀ। ਫੌਜੀਆਂ ਦੀ ਸੰਸਥਾ ਹਮੇਸ਼ਾ ਇਨ੍ਹਾਂ ਕੈਂਪਾ ਵਿਚੋਂ ਪੈਸੇ ਕਮਾਉਂਦੀ ਆਈ ਹੈ। ਸੁਰਗਵਾਸ ਪ੍ਰਧਾਨ ਹਰਬੰਸ ਸਿੰਘ ਢੰਡ ਨੇ ਉਹ ਪੈਸੇ ਐਫ ਡੀਆਂ ਵਿਚ ਜਮਾਂ ਕਰਾ ਰੱਖੇ ਸਨ। ਪਤਾ ਨਹੀਂ ਮੌਜੂਦਾ ਕਮੇਟੀ ਨੂੰ ਉਹ ਮਿਲ ਸਕੇ ਹਨ ਜਾਂ ਨਹੀਂ। ਇਸ ਵਾਰ ਨਾਮਜਦ ਪ੍ਰਬੰਧਕਾਂ ਨੇ ਬਾਵਜੂਦ ਸਕੂਲ ਵਲੋਂ ਤਕੀਦਾਂ ਕਰਨ ਦੇ ਕਿ ਚਾਹ ਪਾਣੀ ਦੀ ਜ਼ਰੂਰਤ ਨਹੀਂ ਕਿਓਂਕਿ ਨਾਲੋ ਨਾਲ ਕੰਮ ਮੁੱਕ ਜਾਣਾ ਹੈ। ਉਨ੍ਹਾਂ ਸਮੋਸਿਆਂ ਅਤੇ ਕੁਰਸੀਆਂ ਦਾ ਬੰਦੋਬਸਤ ਫਿਰ ਵੀ ਕੀਤਾ।
ਸਮਝਣ ਵਾਲੀ ਗਲ ਇਹ ਹੈ ਕਿ ਇਕ ਵਾਰ ਸਿਸਟਮ ਦੇ ਖਿਲਾਫ ਚਲਣ ਵਾਲੇ ਲੋਕਾਂ ਨੂੰ ਅਡਜਸਟ ਨਾ ਕੀਤਾ ਜਾਵੇ ਤਾਂ ਅਗਲੇ ਸਾਲ ਕੋਈ ਮਲੋ ਮਲੀ ਪਹੁੰਚੇਗਾ ਹੀ ਨਹੀਂ। ਪਰ ਸਾਡੇ ਲੋਕ ਕਿਸੇ ਸਿਸਟਮ ਵਿਚ ਰਹਿਕੇ ਕੰਮ ਕਰਨਾ ਪਸੰਦ ਹੀ ਨਹੀਂ ਕਰਦੇ। ਮਨਮਰਜੀਆਂ ਕਰਨਾ ਆਪਣੀ ਜਿੱਤ ਸਮਝਿਆ ਜਾਂਦਾ ਹੈ।
ਭਰੋਸੇਯੋਗ ਵਸੀਲਿਆਂ ਤੋਂ ਪਤਾ ਲਗਾ ਹੈ ਕਿ ਜਾਣੀ ਜਾਣ ਮਾਨਯੋਗ ਦਿਨੇਸ਼ ਭਾਟੀਆ ਜੀ ਨੂੰ ਪ੍ਰਬੰਧਕੀ ਸੰਸਥਾ ਦੀ ‘ਸਮੋਸਾ ਪਾਲਿਟਿਕਸ’ ਬਾਰੇ ਗਿਆਨ ਹੋ ਗਿਆ ਸੀ ਜਿਸ ਕਾਰਨ ਉਹ ਖੁਦ ਆਏ ਅਤੇ ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਕੈਂਪ ਵਿਚ ਸਰਟੀਫਿਕੇਟ ਬਣਾਉਣ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਸੁਿਣਆ ਗਿਆ ਹੈ ਕਿ ਫੌਜੀਆਂ ਨੇ ਕੁਝ ਲੋਕਾਂ ਕੋਲੋਂ ਪੰਜ ਪੰਜ ਡਾਲਰ ਵਸੂਲ ਵੀ ਲਏ ਸਨ ਪਰ ਉਹ ਵਾਪਿਸ ਕੀਤੇ ਗਏ। ਪੈਸੇ ਕਮਾਉਣ ਵਾਲਾ ਰਸਤਾ ਪੱਕਾ ਬੰਦ ਹੋ ਗਿਆ ਹੈ। ਜੇ ਕੈਂਪ ਚਾਹੀਦਾ ਹੈ ਤਾਂ ਪ੍ਰਬੰਧ ਕਰਨ ਵਾਲੀ ਸੰਸਥਾ ਖੁਦ ਆਪਣੇ ਪੱਲਿਓ ਪੈਸਾ ਖਰਚੇ। ਜੇ ਕੋਈ ਇਸ ਕਾਬਲ ਨਹੀਂ ਤਾਂ ਸਾਨੂੰ ਦਸੇ, ਕੌਂਸਲੇਟ ਦਫਤਰ ਖੁਦ ਪੈਸਾ ਖਰਚੇਗਾ। ਇਸ ਕਾਮਯਾਬ ਕੈਂਪ ਲਈ ਪ੍ਰਿੰਸੀਪਲ ਸੰਜੀਵ ਧਵਨ ਵਧਾਈ ਦੇ ਪਾਤਰ ਹਨ ਜਿਨ੍ਹਾ ਦੇ ਸਟਾਫ ਨੇ 6 ਤਰੀਖ ਤੋਂ ਇਲਾਵਾ ਇਕ ਪੂਰਾ ਹਫਤਾ ਸਾਰਾ ਕੰਮ ਮੁਫਤ ਵਿਚ ਕੀਤਾ, ਅਤੇ ਸਿਸਟਮ ਨੂੰ ਤੋੜਨ ਵਾਲੇ ਲੋਕਾਂ ਨੂੰ ਵੀ ਅਡਜਸਟ ਕੀਤਾ।
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …