Breaking News
Home / ਕੈਨੇਡਾ / ਪੈਟਰਿਕ ਬਰਾਊਨ ਵਲੋਂ ਧਾਰਮਿਕ ਆਜ਼ਾਦੀ ਦੇ ਹੱਕ ਨੂੰ ਬਰਕਰਾਰ ਰੱਖਣ ਲਈ ਵਚਨਬੱਧਤਾ

ਪੈਟਰਿਕ ਬਰਾਊਨ ਵਲੋਂ ਧਾਰਮਿਕ ਆਜ਼ਾਦੀ ਦੇ ਹੱਕ ਨੂੰ ਬਰਕਰਾਰ ਰੱਖਣ ਲਈ ਵਚਨਬੱਧਤਾ

logo-2-1-300x105-3-300x105ਮਿਸੀਸਾਗਾ/ਬਿਊਰੋ ਨਿਊਜ਼
ਉਨਟਾਰੀਓ ਪੀ ਸੀ ਪਾਰਟੀ ਦੇ ਲੀਡਰ ਅਤੇ ਸੂਬੇ ਦੀ ਅਸੈਂਬਲੀ ਵਿਚ ਮੁੱਖ ਵਿਰੋਧੀ ਧਿਰ ਦੇ ਆਗੂ, ਪੈਟਰਿਕ ਬਰਾਊਨ ਅਤੇ ਪਾਰਟੀ ਦੀ ਕੈਮਪੇਨ ਕਮੇਟੀ ਦੇ ਕੋ-ਚੇਅਰ, ਵਾਲੀਦ ਸੌਲੀਮਾਨ ਨੇ ਬੰਦੀ ਛੋੜ ਦਿਵਸ ਮੌਕੇ ਉਨਟਾਰੀਓ ਦੇ ਸਿੱਖਾਂ ਨਾਲ ਖੁਸ਼ੀਆਂ ਸਾਂਝੀਆ ਕਰਨ ਲਈ ਉਨਟਾਰੀਓ ਖਾਲਸਾ ਦਰਬਾਰ ਵਿਖੇ ਸੰਗਤਾਂ ਨਾਲ ਸਾਂਝ ਪਾਈ । ਆਪਣੀ ਇਸ ਫੇਰੀ ਦੌਰਾਨ ਉਨ੍ਹਾਂ ਨੇ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੇ ਕੰਮ-ਕਾਜ਼ ਵਿਚ ਹੱਥ ਵੰਡਾਉਣ ਵਾਲੇ ਸੇਵਾਦਾਰਾਂ ਨਾਲ ਮੀਟਿੰਗ ਕੀਤੀ ਉਥੇ ਉਨ੍ਹਾਂ ਨੇ ਸਟੇਜ ਤੋਂ ਸੰਗਤਾਂ ਨੂੰ ਵਧਾਈ ਦੇਣ ਤੋਂ ਇਲਾਵਾ ਲੰਗਰ ਹਾਲ ਅਤੇ ਮਿਊਜ਼ੀਅਮ ਵਿਚ ਵੀ ਸੰਗਤਾਂ ਨਾਲ ਸਮਾਂ ਬਿਤਾਇਆ ।
ਵਰਲਡ ਸਿੱਖ ਆਰਗੇਨਈਜੇਸ਼ਨ ਦੀ ਉਨਟਾਰੀਓ ਇਕਾਈ ਦੇ ਮੁੱਖੀ ਅਤੇ ਨੌਜਵਾਨ ਵਕੀਲ, ਸ੍ਰ: ਪ੍ਰਭਮੀਤ ਸਿੰਘ ਸਰਕਾਰੀਆ ਜੋ ਕਿ ਨੈਸ਼ਨਲ ਪੱਧਰ ਦੀ ਇਕ ਲਾਅ ਫਰਮ ਵਿਚ ਕੰਮ ਕਰਦੇ ਹਨ ਨੇ ਪੈਟਰਿਕ ਬਰਾਊਨ ਅਤੇ ਉਨ੍ਹਾਂ ਨਾਲ ਆਏ ਪੀ ਸੀ ਉਨਟਾਰੀਓ ਪਾਰਟੀ ਦੇ ਕੰਪੇਨ ਚੇਅਰ, ਵਾਲੀਦ ਸੌਲੀਮਾਨ ਨੂੰ ਉਨਟਾਰੀਓ ਖਾਲਸਾ ਦਰਬਾਰ ਵਿਖੇ ਬੰਦੀ ਛੋੜ ਦਿਵਸ ਦੀ ਖੁਸ਼ੀ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਸਵਾਗਤ ਕਰਦੇ ਹੋਏ ਇਸ ਪਵਿੱਤਰ ਦਿਹਾੜੇ ਹੋ ਰਹੀ ਦੀਪਮਾਲਾ ਦਾ ਹਵਾਲਾ ਦਿੰਦੇ ਹੋਏ ਸੰਗਤਾਂ ਨੂੰ ਗੁਰੂ ਦੇ ਸਿਧਾਂਤ ਦੀ ਰੋਸ਼ਨੀ ਨੂੰ ਆਪਣੀ ਆਤਮਾ ਅੰਦਰ ਸਥਾਪਿਤ ਕਰਨ ਦੀ ਬੇਨਤੀ ਕਰਦੇ ਹੋਏ ਵਰਲਡ ਸਿੱਖ ਆਰਗੇਨਾਈਜੇਸ਼ਨ ਵਲੋਂ ਵਧਾਈਆਂ ਦਿੰਦੇ ਹੋਏ ਸੰਸਥਾਂ ਵਲੋਂ ਕੈਨੇਡੀਅਨ ਸਮਾਜ ਵਿਚ ਸੰਸਥਾਂ ਵਲੋਂ ਪਾਏ ਜਾਂਦੇ ਕੰਮਾਂ ਦਾ ਹਵਾਲਾ ਦਿੱਤਾ ਗਿਆ । ਪ੍ਰਭਮੀਤ ਸਿੰਘ ਨੇ ਕਿਹਾ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਹਮੇਸ਼ਾਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਿੱਖਾਂ ਦੇ ਹੱਕਾਂ ਦੀ ਰਖਵਾਲੀ ਅਤੇ ਤਰਜ਼ਮਾਨੀ ਕਰਨ ਤੋਂ ਇਲਾਵਾ ਹੋਰ ਕੈਨੇਡੀਅਨ ਲੋਕਾਂ ਦੇ ਹਿਊਮਨ ਰਾਈਟਸ ਲਈ ਵੀ ਪਹਿਰਾ ਦੇਣਾ ਹੈ ਤਾਂ ਜੋ ਆਪਸੀ ਸਹਿਯਗ ਦਿੰਦੇ ਹੋਏ ਆਪਾਂ ਇਕ ਵਧੀਆ ਅਤੇ ਸਹਿਣਸ਼ੀਲਤਾ ਵਾਲਾ ਮਾਹੌਲ ਕਾਇਮ ਰੱਖ ਸਕੀਏ । ਉਨ੍ਹਾਂ ਵਾਲੀਦ ਸੌਲੀਮਾਨ ਅਤੇ ਨੈਸ਼ਨਲ ਕੌਂਸਿਲ ਆਫ ਕੈਨੇਡੀਅਨ ਮੁਸਲਿਮ ਦਾ ਧੰਨਵਾਦ ਕੀਤਾ ਕਿ ਕੁਝ ਦਿਨ ਪਹਿਲਾਂ ਜਦੋਂ 9 ਅਕਤੂਬਰ ਨੂੰ ਅਲਬਰਟਾ ਸੂਬੇ ਵਿਚ ਇਕ ਕੈਨੇਡੀਅਨ ਸਿੱਖ ਪ੍ਰੀਵਾਰ ਵਲੋਂ ਚਲਾਏ ਜਾਂਦੇ ਬਾਸ਼ਾ ਮੋਟਰ ਇੰਨ ਨਾਮ ਦੇ ਮੋਟਲ ਨੂੰ ਅਲਬਰਟਾ ਸੂਬੇ ਦੇ ਛੋਟੇ ਜਿਹੇ ਕਸਬੇ, ਬਾਸ਼ਾ ਵਿਚ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ ਜਿਸ ਵਿਚ 54 ਸਾਲ ਦੇ ਬਰਿੰਦਰ ਸਿੰਘ ਟੀਵਾਣਾ ਦੀ ਮੌਤ ਹੋ ਗਈ ਸੀ ਤਾਂ ਵਾਲੀਦ ਸੌਲੀਮਾਨ ਅਤੇ ਕੈਨੇਡੀਅਨ ਮੁਸਲਮ ਸੰਸਥਾ ਨੇ ਸਿੱਖ ਭਾਈਚਾਰੇ ਦੇ ਹੱਕ ਵਿਚ ਆਵਾਜ਼ ਉਠਾਈ ਅਤੇ ਮਾਇਕ ਸਹਾਇਤਾ ਕਰਨ ਦੀ ਪੇਸ਼ਕਸ਼ ਕੀਤੀ ਸੀ ।
ਇਸ ਸਮਾਗਮ ਵਿਚ ਉਨਟਾਰੀਓ ਪੀ ਸੀ ਪਾਰਟੀ ਦੇ ਲੀਡਰ, ਪੈਟਰਿਕ ਬਰਾਊਨ ਨੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਧਾਰਮਿਕ ਆਜ਼ਾਦੀ ਦੇ ਹੱਕ ਨੂੰ ਬਰਕਰਾਰ ਰੱਖਣ ਦੀ ਵਚਨਬੱਧਤਾ ਦੁਹਰਾਂਉਦੇ ਹੋਏ ਉਨਟਾਰੀਓ ਸੂਬੇ ਵਿਚ ਦਸਤਾਰਧਾਰੀ ਸਿੱਖ ਮੋਟਰਸਾਈਕਲ ਡਰਾਈਵਰਾਂ ਦੇ ਹੱਕਾਂ ਲਈ ਖਲੋਣ ਨੂੰ ਆਪਣੀ ਤਕਰੀਰ ਦਾ ਮੁੱਖ ਮੁੱਦਾ ਬਣਾਂਉਦੇ ਹੋਏ ਕਿਹਾ ਕਿ ਧਾਰਮਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਦਾ ਫੈਸਲਾ ਰਾਜਨੀਤਕ ਨਹੀਂ ਬਲਕਿ ਸਿਧਾਂਤਕ ਹੈ ਜਿਸ ਕਰਕੇ ਉਨ੍ਹਾਂ ਦੀ ਪਾਰਟੀ ਨੇ ਉਨਟਾਰੀਓ ਅਸੈਂਬਲੀ ਵਿਚ ਇਸ ਮੁੱਦੇ ਦੇ ਹੱਕ ਵਿਚ ਵੋਟ ਪਾਈ ਸੀ ।
ਇਥੇ ਇਹ ਵਰਨਣਯੋਗ ਹੈ ਕਿ ਉਨਟਾਰੀਓ ਦੀ ਲਿਬਰਲ ਸਰਕਾਰ ਵਲੋਂ ਦਸਤਾਰਧਾਰੀ ਸਿੱਖ ਮੋਟਰਸਾਈਕਲ ਸਵਾਰਾਂ ਦੇ ਮਸਲੇ ਦੀ ਅਸੈਂਬਲੀ ਵਿਚ ਵਿਰੋਧਤਾ ਹੀ ਕੀਤੀ ਗਈ ਹੈ ਅਤੇ ਕੈਥਲੀਨ ਵਿੰਨ ਦੀ ਅਗਵਾਈ ਹੇਠਲੀ ਲਿਬਰਲ ਸਰਕਾਰ ਇਸ ਮੰਗ ਨੂੰ ਸਵਿਕਾਰਣ ਤੋਂ ਇਨਕਾਰੀ ਹੈ । ਪੈਟਰਿਕ ਬਰਾਊਨ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੇ ਮੁੱਦਿਆਂ ਅਤੇ ਭਾਵਨਾਵਾਂ ਦਾ ਅਹਿਸਾਸ ਹੈ ਅਤੇ ਆਪਣੇ ਹੁਣ ਤੱਕ ਦੇ ਰਾਜਨੀਤਕ ਜੀਵਨ ਦੌਰਾਨ ਉਹ 8 ਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ ।
ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਖਿੱਤੇ ਦੇ ਨਾਲ ਸਬੰਧਤ ਕੈਨੇਡੀਅਨ ਲੋਕਾਂ ਨਾਲ ਉਨ੍ਹਾਂ ਦੀ ਰਾਜਨੀਤਕ ਜੀਵਨ ਵਿਚ ਬਹੁਤ ਨੇੜਤਾ ਹੋਈ ਜਿਸ ਸਦਕਾ ਉਨ੍ਹਾਂ ਨੂੰ ਸਿੱਖਾਂ ਤੋਂ ਇਲਾਵਾ ਹੋਰ ਕੌਮਾਂ ਦੇ ਮੁੱਦਿਆਂ ਨੂੰ ਸਮਝਣ ਅਤੇ ਮਹਤੱਤਾ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਗਲੀਆਂ ਸੂਬਾਈ ਇਲੈਕਸ਼ਨ ਵਿਚ ਉਨਟਾਰੀਓ ਦੇ ਲੋਕ ਉਨ੍ਹਾਂ ਦੀ ਲੀਡਰਸ਼ਿੱਪ ਵਿਚ ਭਰੋਸਾ ਪ੍ਰਗਟਾਉਂਦੇ ਹੋਏ ਜੇਕਰ ਪੀ ਸੀ ਪਾਰਟੀ ਦੇ ਹੱਥ ਸੂਬੇ ਦੀ ਸੱਤਾ ਸੰਭਾਲਦੇ ਹਨ ਤਾਂ ਉਹ ਯਕੀਨੀ ਬਣਾਉਣਗੇ ਕਿ ਸੂਬੇ ਦੇ ਲੋਕਾਂ ਦੇ ਸਰਬ-ਪੱਖੀ ਵਿਕਾਸ ਨੂੰ ਮੁੱਖ ਮੁੱਦਾ ਬਣਾਉਣ ਤੋਂ ਇਲਾਵਾ ਭਾਈਚਾਰਕ ਸੰਸਥਾਵਾਂ ਦੇ ਨਾਲ ਤਾਲ-ਮੇਲ ਮਜ਼ਬੂਤ ਕਰਕੇ ਲੋਕਾਂ ਦੀਆਂ ਲੌੜਾਂ ਨੂੰ ਪੂਰੇ ਕਰਨ ਵਾਲੇ ਪ੍ਰੋਗਰਾਮਾਂ ਲਈ ਪਾਰਟਰਨਰਸ਼ਿੱਪ ਵਾਲਾ ਮਾਹੌਲ ਸਥਾਪਿਤ ਕੀਤਾ ਜਾਵੇ। ਪੈਟਰਿਕ ਬਰਾਊਨ ਅਤੇ ਵਾਲੀਦ ਸੌਲੀਮਾਨ ਤੋਂ ਇਲਾਵਾ ਸਥਾਨਕ ਇਲਾਕੇ ਦੇ ਸਰਕਰਦਾ ਪੀ ਸੀ ਪਾਰਟੀ ਆਗੂ ਅਤੇ ਵੱਖੋ-ਵੱਖਰੇ ਹਲਕਿਆਂ ਵਿਚ ਨੌਮੀਨੇਸ਼ਨ ਲਈ ਖਲੋਤੇ ਉਮੀਦਵਾਰ ਪਹੁੰਚੇ ਸਨ ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …