15.6 C
Toronto
Saturday, September 13, 2025
spot_img
Homeਕੈਨੇਡਾਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲਟਨ ਦੇ ਕੈਲਸੋ...

ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲਟਨ ਦੇ ਕੈਲਸੋ ਪਾਰਕ ‘ਚ ਮਨਾਈ ਪਰਿਵਾਰਿਕ ਪਿਕਨਿਕ

ਬਰੈਂਪਟਨ/ਡਾ.ਝੰਡ : ਮਲੂਕ ਸਿੰਘ ਕਾਹਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਪਿਛਲੇ ਸਾਲ ਅਪ੍ਰੈਲ 2017 ਵਿਚ ਬਣੀ ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਵੱਲੋਂ ਆਪਣੀਆਂ ਸਰਗ਼ਰਮੀਆਂ ਜਾਰੀ ਰੱਖਦਿਆਂ ਹੋਇਆਂ ਬੀਤੇ ਐਤਵਾਰ 24 ਜੂਨ ਨੂੰ ਮਿਲਟਨ ਦੇ ਕੈਲਸੋ ਪਾਰਕ ਵਿਚ ਪਰਿਵਾਰਿਕ ਪਿਕਨਿਕ ਮਨਾਈ ਗਈ। ਸਵੇਰ ਤੋਂ ਹੀ ਮੌਸਮ ਖ਼ਰਾਬ ਹੋਣ ਦੇ ਬਾਵਜੂਦ ਇਸ ਸੀਨੀਅਜ਼ ਕਲੱਬ ਦੇ ਲੱਗਭੱਗ 100 ਮੈਂਬਰ ਆਪੋ ਆਪਣੇ ਸਾਧਨਾਂ ਰਾਹੀਂ 11 ਵਜੇ ਦੇ ਕਰੀਬ ਮਿਲਟਨ ਸਥਿਤ ਕੈਲਸੋ ਪਾਰਕ ਵਿਚ ਪਹੁੰਚ ਗਏ। ਉਨ੍ਹਾਂ ਦੇ ਉੱਥੇ ਪਹੁੰਚਣ ਤੱਕ ਪਿਕਨਿਕ ਦੇ ਪ੍ਰਬੰਧਕਾਂ ਵੱਲੋਂ ਚਾਹ-ਪਾਣੀ ਅਤੇ ਸਨੈਕਸ ਦਾ ਪ੍ਰਬੰਧ ਕੀਤਾ ਜਾ ਚੁੱਕਾ ਸੀ। ਚਾਹ-ਪਾਣੀ ਤੋਂ ਵਿਹਲੇ ਹੋ ਕੇ ਥੋੜ੍ਹਾ ਬਹੁਤ ਟਹਿਲਣ ਤੋਂ ਬਾਅਦ ਸਾਰੇ ਪਾਰਕ ਵਿਚ ਮੌਜੂਦ ਬੈਂਚਾਂ ‘ਤੇ ਸੱਜ ਗਏ।
ਉਪਰੰਤ, ਮੰਚ-ਸੰਚਾਲਕ ਗੁਰਚਰਨ ਸਿੰਘ ਖੱਖ ਨੇ ਮੰਚ ਦੀ ਕਾਰਵਾਈ ਸ਼ੁਰੂ ਕਰਦਿਆਂ ਹੋਇਆਂ ਦੱਸਿਆ ਕਿ ਇਹ ਪਿਕਨਿਕ ਇਕੱਤਰਤਾ ਪੰਜਾਬ ਐਂਡ ਸਿੰਧ ਬੈਂਕ ਦੀ 24 ਜੂਨ 1908 ਨੂੰ ਹੋਈ ਸ਼ੁਰੂਆਤ ਨੂੰ ਸਮੱਰਪਿਤ ਹੈ। ਇਸ ਨੂੰ ਮਹਿਜ਼ ਇਤਫ਼ਾਕ ਹੀ ਕਿਹਾ ਜਾ ਸਕਦਾ ਹੈ।
ਇਸ ਮਨੋਰੰਜਕ ਪ੍ਰੋਗਰਾਮ ਦੌਰਾਨ ਸੁਖਦੇਵ ਸਿੰਘ ਬੇਦੀ, ਮਲੂਕ ਸਿੰਘ ਕਾਹਲੋਂ, ਵਰਿੰਦਰਜੀਤ ਸਿੰਘ ਤੂਰ ਅਤੇ ਗੈੱਸਟ-ਸਪੀਕਰ ਜਨਾਬ ਮਕਸੂਦ ਚੌਧਰੀ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਅਤੇ ਹੋਰ ਕਈਆਂ ਵੱਲੋਂ ਹਲਕੇ-ਫੁਲਕੇ ਚੁਟਕਲੇ ਸੁਣਾਏ ਗਏ ਤੇ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ। ਔਜਲਾ ਬ੍ਰਦਰਜ਼ ਫੇਮ ਦੇ ਅਨੋਖ ਸਿੰਘ ਔਜਲਾ ਨੇ ਲੱਗਭੱਗ ਇਕ ਘੰਟਾ ਆਪਣੀ ਸੁਰੀਲੀ ਆਵਾਜ਼ ਵਿਚ ਗਾਏ ਸੱਭਿਆਚਾਰਕ ਗੀਤਾਂ ਨਾਲ ਸਭਨਾਂ ਦਾ ਭਰਪੂਰ ਮਨੋਰੰਜਨ ਕੀਤਾ।
ਔਜਲਾ ਵੱਲੋਂ ਗਾਏ ਮਿਆਰੀ ਗੀਤਾਂ ਨੂੰ ਕਲੱਬ ਦੇ ਮੈਂਬਰਾਂ ਵੱਲੋਂ ਭਰਪੂਰ ਦਾਦ ਪ੍ਰਾਪਤ ਹੋਈ। ਕਲੱਬ ਦੇ ਸਕੱਤਰ ਹਰਚਰਨ ਸਿੰਘ ਵੱਲੋਂ ਪਰਿਵਾਰਿਕ ਰੂਪ ਵਿਚ ਇਸ ਪਿਕਨਿਕ ਵਿਚ ਸ਼ਾਮਲ ਹੋਣ ਲਈ ਸਾਰੇ ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਉਨ੍ਹਾਂ ਬੈਂਕ ਵਿਚ ਕੰਮ ਕਰਦੇ ਸਮੇਂ ਦੀਆਂ ਆਪਣੀਆਂ ਕੁਝ ਯਾਦਾਂ ਵੀ ਸਾਂਝੀਆਂ ਕੀਤੀਆਂ। ਮਨੋਰੰਜਨ ਦੇ ਇਸ ਦਿਲਚਸਪ ਪ੍ਰੋਗਰਾਮ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਸੁਆਦਲੇ ਭੋਜਨ ਦਾ ਅਨੰਦ ਮਾਣਿਆਂ।
ਇਸ ਤਰ੍ਹਾਂ ਹੱਸਦਿਆਂ ਗਾਉਂਦਿਆਂ ‘ਤੇ ਖ਼ੁਸ਼ੀ ਮਨਾਉਂਦਿਆਂ ਸ਼ਾਮੀ ਚਾਰ ਕੁ ਵਜੇ ਇਸ ਪਿਕਨਿਕ ਦੀਆਂ ਮਿੱਠੀਆਂ ਯਾਦਾਂ ਨੂੰ ਸਮੇਟਦੇ ਹੋਏ ਫਿਰ ਮਿਲਣ ਦੇ ਵਾਅਦੇ ਨਾਲ ਸਾਰੇ ਮੈਂਬਰ ਆਪੋ ਆਪਣੇ ਘਰਾਂ ਨੂੰ ਰੁਖ਼ਸਤ ਹੋਏ। ਪਿਕਨਿਕ ਵਿਚ ਮਨਜੀਤ ਸਿੰਘ ਗਿੱਲ, ਗਿਆਨ ਪਾਲ, ਰਾਮ ਸਿੰਘ, ਸੁਰਜੀਤ ਸਿੰਘ ਸੰਧੂ, ਗੁਰਮੀਤ ਸਿੰਘ, ਅਵਤਾਰ ਸਿੰਘ ਨਾਰੰਗ, ਬਲਵੰਤ ਸਿੰਘ, ਸੁਰਜੀਤ ਸਿੰਘ ਥਿੰਦ, ਬਲਕਾਰ ਸਿੰਘ, ਐੱਸ.ਪੀ. ਸੋਨੀ, ਅਮਰਜੀਤ ਸਿੰਘ ਚੱਠਾ, ਸੰਤੋਖ ਸਿੰਘ ਔਲੱਖ ਤੇ ਹੋਰਨਾਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ।

RELATED ARTICLES
POPULAR POSTS