ਬਰੈਂਪਟਨ : 20 ਅਗਸਤ 2022 ਦਿਨ ਸ਼ਨੀਵਾਰ ਨੂੰ ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵੱਲੋਂ ਮੈਰੀਕੇਨਾ ਫਰੈਂਡਸ਼ਿਪ ਪਾਰਕ ਵਿਖੇ ਤੀਆਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸ਼ਿੰਦਰਪਾਲ ਬਰਾੜ ਵਾਈਸ ਪ੍ਰੈਜੀਡੈਂਟ, ਸੁਰਿੰਦਰਜੀਤ ਕੌਰ ਛੀਨਾ ਜਨਰਲ ਸੈਕਟਰੀ, ਕੰਵਲਜੀਤ ਕੌਰ ਤਾਤਲਾ ਕੈਸ਼ੀਅਰ, ਇੰਦਰਜੀਤ ਕੌਰ ਢਿੱਲੋਂ ਸਟੇਜ ਸੈਕਟਰੀ ਨੇ ਹਾਜ਼ਰ ਬੀਬੀਆਂ ਨੂੰ ਸੰਬੋਧਨ ਕਰਕੇ ਮੇਲੇ ਦਾ ਅਰੰਭ ਕੀਤਾ। ਇੰਦਰਜੀਤ ਕੌਰ ਢਿੱਲੋਂ ਅਤੇ ਕੁਲਵੰਤ ਕੌਰ ਗਰੇਵਾਲ ਨੇ ਸਟੇਜ ਸੈਕਟਰੀ ਦੀ ਸਫਲ ਭੂਮਿਕਾ ਨਿਭਾਉਂਦਿਆਂ ਬੜੀਆਂ ਰੌਣਕਾਂ ਲਾਈਆਂ। ਖਾਸ ਤੌਰ ‘ਤੇ ਬੱਚਿਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਜਿਸ ਤਹਿਤ ਕਲੱਬ ਦੇ ਡਾਇਰੈਕਟਰਾਂ ਵੱਲੋਂ ਜੇਤੂ ਬੱਚਿਆਂ ਨੂੰ ਮੈਡਲ ਆਦਿ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਤੀਆਂ ਮੌਕੇ ਇੰਦਰ ਦੇਵਤਾ ਨੇ ਵੀ ਮੀਂਹ ਪਾ ਕੇ ਬੀਬੀਆਂ ਦੀ ਖੁਸ਼ੀ ਵਿਚ ਯੋਗਦਾਨ ਪਾਇਆ। ਰੁਪਿੰਦਰ ਰਿੰਪੀ ਸਿੰਗਰ ਨੇ ਆਪਣੇ ਗੀਤਾਂ ਨਾਲ ਬਾਰਸ਼ ਦੀ ਪ੍ਰਵਾਹ ਨਾ ਕਰਦੇ ਹੋਏ ਚੰਗਾ ਰੰਗ ਬੰਨ੍ਹਿਆ ਅਤੇ ਬੀਬੀਆਂ ਨੂੰ ਖੂਬ ਨਚਾਇਆ। ਬਾਰਸ਼ ਰੁਕਣ ਉਪਰੰਤ 6 ਕੁ ਵਜੇ ਬਾਅਦ ਬੀਬੀਆਂ ਨੇ ਡਟ ਕੇ ਭੰਗੜਾ, ਗਿੱਧਾ ਅਤੇ ਬੋਲੀਆਂ ਪਾ ਚੰਗਾ ਸਮਾਂ ਬੰਨ੍ਹਿਆ ਜਿਸ ਦਾ ਸਭ ਨੇ ਬਹੁਤ ਅਨੰਦ ਮਾਣਿਆ। ਕੌਂਸਲਰ ਹਰਕੀਰਤ ਸਿੰਘ, ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਉੱਘੇ ਸਮਾਜਸੇਵੀ ਸਤਪਾਲ ਜੌਹਲ ਹੁਰਾਂ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਹਰਪਾਲ ਸਿੰਘ ਛੀਨਾ ਨੇ ਆਏ ਪਤਵੰਤਿਆਂ ਨੂੰ ਜੀ ਆਇਆਂ ਕਿਹਾ। ਦਰਸ਼ਨ ਸਿੰਘ ਬਰਾੜ, ਦਰਸ਼ਨ ਸਿੰਘ ਤਾਤਲਾ ਅਤੇ ਕਲੱਬ ਦੀਆਂ ਡਾਇਰੈਕਟਰ ਬੀਬੀਆਂ ਗੁਰਮੀਤ ਰਾਏ, ਹਰਪਾਲ ਰੰਧਾਵਾ ਅਤੇ ਅਵਤਾਰ ਕੌਰ ਨੇ ਮੇਲਾ ਪ੍ਰਬੰਧ ਵਿਚ ਬਾਖੂਬੀ ਯੋਗਦਾਨ ਪਾ ਇਸ ਨੂੰ ਸਫਲ ਬਨਾਉਣ ਵਿਚ ਮਦਦ ਕੀਤੀ। ਚਾਹ ਪਾਣੀ ਵਿਚ ਜਲੇਬੀਆਂ, ਸਮੋਸੇ ਅਤੇ ਹੋਰ ਮਿਠਾਈਆਂ ਨਾਲ ਭਰਪੂਰ ਲੰਗਰ ਵਰਤਾਇਆ ਗਿਆ। ਦਾਨੀ ਸੱਜਣਾਂ ਜਿਨ੍ਹਾਂ ਲੰਗਰ ਅਤੇ ਮਾਇਆ ਪੱਖੋਂ ਮਦਦ ਕੀਤੀ ਉਨ੍ਹਾਂ ਦਾ ਧੰਨਵਾਦ ਕਰਦਿਆਂ ਇਹ ਮੇਲਾ ਬਰੈਂਪਟਨ ਦੇ ਕਲੱਬਾਂ ਦੀਆਂ ਸਰਗਰਮੀਆਂ ਵਿਚ ਇੱਕ ਯਾਦਗਾਰ ਹੋ ਨਿਬੜਿਆ।