ਆਪਣੇ ਵਿਰਸੇ, ਨਵਾਂ ਸਾਲ ਅਤੇ ਲੋਹੜੀ ਦੇ ਤਿਉਹਾਰ ਬਾਰੇ ਬੁਲਾਰਿਆਂ ਨੇ ਸਾਂਝੇ ਕੀਤੇ ਵਿਚਾਰ
ਬਰੈਂਪਟਨ/ਹਰਜੀਤ ਬੇਦੀ : ਮਨੁੱਖ ਦਾ ਇਹ ਕੁਦਰਤੀ ਸੁਭਾਅ ਹੈ ਕਿ ਉਹ ਵੱਖ ਵੱਖ ਪ੍ਰੋਗਰਾਮ ਰਚਾ ਕੇ ਸਮਾਜਿਕ ਮੇਲ ਜੋਲ ਅਤੇ ਵਿਰਸੇ ਨੂੰ ਯਾਦ ਕਰਨ ਲਈ ਪ੍ਰਬੰਧ ਕਰਨ ਦਾ ਯਤਨ ਕਰਦਾ ਰਹਿੰਦਾ ਹੈ। ਇਸੇ ਸੰਦਰਭ ਵਿੱਚ ਰੈੱਡ ਵਿੱਲੋ ਕਲੱਬ ਬਰੈਂਪਟਨ ਵਲੋਂ ਸਾਲ 2019 ਦਾ ਪਲੇਠਾ ਪ੍ਰੋਗਰਾਮ ਉਲੀਕਿਆ ਗਿਆ । ਜੋ ਸਾਹਿਬਜਾਦਿਆਂ ਦੀ ਸ਼ਹੀਦੀ, ਨਵਾਂ ਸਾਲ ਅਤੇ ਸਮਾਜਿਕ ਤਿਉਹਾਰ ਲੋਹੜੀ ਨੂੰ ਸਮਰਪਿਤ ਸੀ। ਸੋ ਇਸ ਪ੍ਰੋਗਰਾਮ ਵਿੱਚ ਆਪਣੇ ਵਿਰਸੇ, ਅੰਤਰਰਾਸ਼ਟਰੀ ਨਵਾਂ ਸਾਲ ਅਤੇ ਲੋਹੜੀ ਦੇ ਤਿਉਹਾਰ ਬਾਰੇ ਵੱਖ ਵੱਖ ਬੁਲਾਰਿਆਂ ਵਲੋਂ ਵਿਚਾਰ ਸਾਂਝੇ ਕੀਤੇ ਗਏ।
ਚਾਹ ਪਾਣੀ ਅਤੇ ਸਨੈਕਸ ਤੋਂ ਬਾਅਦ ਪ੍ਰੋਗਰਾਮ ਦੀ ਕਾਰਵਾਈ ਸ਼ੁਰੂ ਕਰਦਿਆਂ ਸਕੱਤਰ ਮਾਸਟਰ ਕੁਲਵੰਤ ਸਿੰਘ ਰਣੀਆਂ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ। ਗੋਰ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਆਪਣੇ ਵਿਰਸੇ ਨਾਲ ਜੋੜਦਿਆਂ ਕਿਹਾ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ। ਅਮਰਜੀਤ ਸਿੰਘ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਆਪਣੇ ਬੋਲ ਸਰੋਤਿਆਂ ਨਾਲ ਸਾਂਝੇ ਕੀਤੇ। ਸੀਨੀਅਰਜ਼ ਐਸੋਸੀਏਸ਼ਨ ਵਲੋਂ ਪਰਮਜੀਤ ਬੜਿੰਗ ਨੇ ਫੈਡਰਲ ਅਤੇ ਪਰੋਵਿੰਸ ਪੱਧਰ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਹੋਈਆਂ ਮੀਟਿੰਗਾ ਬਾਰੇ ਵੇਰਵੇ ਸਾਹਿਤ ਜਾਣਕਾਰੀ ਸਾਂਝੀ ਕੀਤੀ।
ਰੀਜ਼ਨਲ ਕਾਊਂਸਲਰ ਪੈਟ ਫੌਰਟੀਨੀ ਅਤੇ ਕਾਊਂਸਲਰ ਹਰਕੀਰਤ ਸਿੰਘ ਨੇ ਦੱਸਿਆ ਕਿ ਨਵੀਂ ਚੁਣੀ ਕਾਊਂਸਲ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੇਅਰ ਨਾਲ ਮਿਲਕੇ ਸਾਰੇ ਕਾਊਂਸਲਰ ਸਿਟੀ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇ ਕੇ ਉਹਨਾਂ ਦਾ ਹੱਲ ਕਰਨਗੇ। ਉਹਨਾਂ ਕਿਹਾ ਕਿ ਮੇਅਰ ਨੇ ਕਹਿ ਦਿੱਤਾ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਕਾਊਂਸਲਰ ਮੈਡਮ ਚਾਰਮੇਨ ਵਿਲੀਅਮਜ਼ ਕਾਓ ਨੇ ਚਿੰਤਾ ਪਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਦੁਆਰਾ ਮੈਰੀਜੁਆਨਾ ਦੀਆਂ ਦੁਕਾਨਾਂ ਵਿਦਿਅਕ ਸੰਸਥਾਵਾਂ ਤੋਂ 150 ਮੀਟਰ ਦੂਰੀ ‘ਤੇ ਖੋਲ੍ਹਣ ਦੀ ਯੋਜਨਾ ਹੈ। ਮੈਂ ਚਾਹੁੰਦੀ ਹਾਂ ਕਿ ਇਹ 500 ਮੀਟਰ ਤੋਂ ਵੱਧ ਦੂਰੀ ‘ਤੇ ਹੋਣ ਤਾਂ ਜੋ ਵਿਦਿਆਰਥੀਆਂ ਉਤੇ ਇਸ ਦਾ ਪ੍ਰਭਾਵ ਨਾ ਪਵੇ। ਇਹ ਖੁੱਲ੍ਹਣੀਆਂ ਹੀ ਨਹੀਂ ਚਾਹੀਦੀਆਂ। ਸਕੂਲ ਟਰੱਸਟੀ ਬਲਬੀਰ ਸੋਹੀ ਨੇ ਕਿਹਾ ਕਿ ਸਾਨੂੰ ਬੱਚਿਆਂ ਨੂੰ ਵਿਰਸੇ ਨਾਲ ਜੋੜਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਉਹ ਬਹੁ-ਸੱਭਿਆਚਾਰਕ ਕੈਨੇਡੀ ਸਮਾਜ ਦਾ ਵਧੀਆ ਅੰਗ ਬਣ ਸਕਣ। ਪ੍ਰੋਗਰਾਮ ਦੌਰਾਨ ਸ਼ਿਵਦੇਵ ਰਾਏ ਨੇ ਧਾਰਮਿਕ ਕਵਿਤਾ, ਨਿਰਮਲਾ ਪਰਾਸ਼ਰ ਨੇ ਕਵਿਤਾ ਅਤੇ ਚੁਟਕਲੇ ਸੁਣਾਏ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮਹਿੰਦਰ ਕੌਰ ਪੱਡਾ, ਬਲਜੀਤ ਸੇਖੋਂ, ਜੋਗਿੰਦਰ ਕੌਰ ਨਾਗਪਾਲ, ਪਰਕਾਸ਼ ਕੌਰ, ਨਿਰਮਲਾ ਪਰਾਸ਼ਰ, ਅਮਰਜੀਤ ਸਿੰਘ, ਸ਼ਿਵਦੇਵ ਰਾਏ, ਬਲਵੰਤ ਕਲੇਰ, ਇੰਦਰਜੀਤ ਗਰੇਵਾਲ , ਹਿੰਮਤ ਸਿੰਘ ਲੱਛੜ ਅਤੇ ਹੋਰਨਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਅੰਤ ਵਿੱਚ ਸਟੇਜ ਵਲੋਂ ਸਾਰੇ ਮੈਂਬਰਾਂ ਦਾ ਪ੍ਰੋਗਰਾਮ ਦੀ ਸਫਲਤਾ ਲਈ ਧੰਨਵਾਦ ਕੀਤਾ ਗਿਆ।
ਕਲੱਬ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਪ੍ਰਧਾਨ ਗੁਰਨਾਮ ਸਿੰਘ ਗਿੱਲ 416-908-1300, ਜਨਰਲ ਸਕੱਤਰ ਕੁਲਵੰਤ ਸਿੰਘ 647-202-7696, ਅਮਰਜੀਤ ਸਿੰਘ 418-268-6821,ਪਰਮਜੀਤ ਬੜਿੰਗ 647-963-0331 ਜਾਂ ਸ਼ਿਵਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …