Breaking News
Home / ਕੈਨੇਡਾ / ਪੰਜਾਬੀ ਜ਼ਬਾਨ ਜੇਕਰ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਾਈ ਜਾ ਸਕਦੀ ਏ ਤਾਂ ਫਿਰ ਸਕੂਲਾਂ ‘ਚ ਕਿਉਂ ਨਹੀਂ : ਜ਼ੁਬੇਰ ਅਹਿਮਦ

ਪੰਜਾਬੀ ਜ਼ਬਾਨ ਜੇਕਰ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਾਈ ਜਾ ਸਕਦੀ ਏ ਤਾਂ ਫਿਰ ਸਕੂਲਾਂ ‘ਚ ਕਿਉਂ ਨਹੀਂ : ਜ਼ੁਬੇਰ ਅਹਿਮਦ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗਮ ‘ਚ ਲਹਿੰਦੇ ਪੰਜਾਬ ਦੇ ਲੇਖਕ ਪ੍ਰੋ. ਜ਼ੁਬੇਰ ਅਹਿਮਦ ਨਾਲ ਰੂ-ਬ-ਰੂ ਦੌਰਾਨ ਹੋਈ ਭਾਵਪੂਰਤ ਗੱਲਬਾਤ
ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਸਾਲ 2023 ਦਾ ਅਖ਼ੀਰਲਾ ਸਮਾਗ਼ਮ ਲੰਘੇ ਐਤਵਾਰ 17 ਦਸੰਬਰ ਨੂੰ 2250 ਬੋਵੇਰਡ ਡਰਾਈਵ ਸਥਿਤ ‘ਹੋਮ ਲਾਈਫ਼ ਰਿਆਲਟੀ’ ਦੇ ਮੀਟਿੰਗ ਹਾਲ ਵਿਚ ਹੋਇਆ ਜਿਸ ਵਿਚ ਲਹਿੰਦੇ ਪੰਜਾਬ ਦੇ ਉੱਘੇ ਕਵੀ ਤੇ ਕਹਾਣੀਕਾਰ ਪ੍ਰੋ. ਜ਼ੁਬੇਰ ਅਹਿਮਦ ਨਾਲ ਹੋਏ ਰੂ-ਬ-ਰੂ ਦੌਰਾਨ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਪੰਜਾਬੀ ਬੋਲੀ ਦੀ ਅਜੋਕੀ ਹਾਲਤ ਬਾਰੇ ਬੜੀਆਂ ਭਾਵਪੂਰਤ ਗੱਲਾਂ-ਬਾਤਾਂ ਹੋਈਆਂ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਉਨ੍ਹਾਂ ਦੇ ਨਾਲ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਕਮੇਟੀ ਆਫ਼ ਪ੍ਰੌਗਰੈੱਸਿਵ ਪਾਕਿਸਤਾਨੀ ਕੈਨੇਡੀਅਨਜ਼ ਦੀ ਸਰਗ਼ਰਮ ਨੁਮਾਇੰਦਾ ਫ਼ੋਜ਼ੀਆ ਤਨਵੀਰ ਤੇ ਡਾ. ਸੁਖਦੇਵ ਸਿੰਘ ਝੰਡ ਸ਼ਾਮਲ ਸਨ।
ਮਲੂਕ ਸਿੰਘ ਕਾਹਲੋਂ ਵੱਲੋਂ ਆਏ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਮੰਚ-ਸੰਚਾਲਕ ਪ੍ਰੋ. ਤਲਵਿੰਦਰ ਮੰਡ ਨੇ ਡਾ. ਜਗਮੋਹਨ ਸਿੰਘ ਸੰਘਾ ਨੂੰ ਪ੍ਰੋ. ਜ਼ੁਬੇਰ ਅਹਿਮਦ ਬਾਰੇ ਸੰਖੇਪ ਜਾਣਕਾਰੀ ਦੇਣ ਲਈ ਕਿਹਾ ਜਿਨ੍ਹਾਂ ਨੇ ਉਨ੍ਹਾਂ ਦੀਆਂ ਕਵਿਤਾਵਾਂ ਤੇ ਕਹਾਣੀਆਂ ਦੀਆਂ ਕਿਤਾਬਾਂ ਬਾਰੇ ਦੱਸਦਿਆਂ ਕਿਹਾ ਕਿ ਜੁਬੇਰ ਹੁਰਾਂ ਦੇ ਦੋ ਕਾਵਿ-ਸੰਗ੍ਰਹਿ ‘ਦਮ ਯਾਦ ਨਾ ਕੀਤਾ’ ਤੇ ‘ਸੱਦ’ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਤਿੰਨ ਕਹਾਣੀ-ਸੰਗ੍ਰਹਿ ‘ਮੀਂਹ, ਬੂਹੇ ਤੇ ਬਾਰੀਆਂ’, ‘ਕਬੂਤਰ, ਬਨੇਰੇ ਤੇ ਗਲ਼ੀਆਂ’ ਅਤੇ ‘ਪਾਣੀ ਦੀ ਕੰਧ’ ਵੱਖ-ਵੱਖ ਸਮੇਂ ਛਪੇ ਹਨ। ਇਸ ਦੇ ਨਾਲ ਹੀ ‘ਕਬੂਤਰ, ਬਨੇਰੇ ਤੇ ਗ਼ਲ਼ੀਆਂ’ ਦਾ ਅੰਗਰੇਜ਼ੀ ਅਨੁਵਾਦ ‘ਗਰੀਵਿੰਗ ਫਾਰ ਪਿਜਨਜ਼’ ਦੇ ਸਿਰਲੇਖ ਹੇਠ ਛਪਿਆ ਹੈ। ਉਪਰੰਤ, ਜਦੋਂ ਜ਼ੁਬੇਰ ਅਹਿਮਦ ਨੂੰ ਆਪਣੇ ਬਾਰੇ ਬੋਲਣ ਲਈ ਬੇਨਤੀ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਡੇਰੇ 1947 ਦੀ ‘ਵੰਡ’ ਸਮੇਂ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ‘ਵਟਾਲਾ’ (ਬਟਾਲਾ) ਨੂੰ ਛੱਡ ਕੇ ਲਾਹੌਰ ਪਹੁੰਚੇ ਸਨ। ਉਹ ਲਾਹੌਰ ਦੇ ਜੰਮਪਲ ਹਨ ਜਿਸ ਦੇ ਬਾਰੇ ਮਸ਼ਹੂਰ ਹੈ, ”ਜੀਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆਂ ਨਹੀਂ” ਪਰ ਅੱਜਕੱਲ੍ਹ ਉੱਥੇ ਪ੍ਰਦੂਸ਼ਣ ਦੇ ਵਧ ਜਾਣ ਕਾਰਨ ਇਹ ਵੀ ਮਸ਼ਹੂਰ ਹੋ ਗਿਆ ਹੈ, ”ਜੀਹਨੇ ਲਾਹੌਰ ਨਹੀਂ ਘੁੰਮਿਆਂ, ਉਹ ਖੰਘਿਆ ਨਹੀਂ”।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅੰਮੀ ਨੂੰ ਪੰਜਾਬੀ ਦੀਆਂ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਕ ਸੀ ਅਤੇ ਇਸ ਤਰ੍ਹਾਂ ਪੰਜਾਬੀ ਵਿਚ ਲਿਖਣ-ਪੜ੍ਹਨ ਦੀ ‘ਗੁੜ੍ਹਤੀ’ ਉਨ੍ਹਾਂ ਨੂੰ ਆਪਣੀ ਅੰਮੀ ਕੋਲੋਂ ਬਚਪਨ ਵਿਚ ਹੀ ਮਿਲ ਗਈ।
ਉਨ੍ਹਾਂ ਦੱਸਿਆ ਕਿ ਭਾਵੇਂ ਅੰਗਰੇਜ਼ੀ ਵਿਚ ਐੱਮ.ਏ. ਕਰਨ ਤੋਂ ਬਾਅਦ ਉਨ੍ਹਾਂ ਨੇ ਕਾਲਜ ਤੇ ਯੂਨੀਵਰਸਿਟੀ ਵਿਚ ਅੰਗਰੇਜ਼ੀ ਪੜ੍ਹਾਈ ਹੈ ਪਰ ਲਿਖਿਆ ਪੰਜਾਬੀ ਵਿਚ ਹੀ ਹੈ। ਆਪਣੀਆਂ ਕਹਾਣੀਆਂ ਕਿਤਾਬਾਂ ਵਿੱਚੋਂ ਉਨ੍ਹਾਂ ਤਿੰਨ ਕਹਾਣੀਆਂ ਦੀਆਂ ਕੁਝ ਟੂਕਾਂ ਵੀ ਪੜ੍ਹ ਕੇ ਸੁਣਾਈਆਂ। ‘ਪਾਣੀ ਦੀ ਕੰਧ’ ਕਹਾਣੀ ਦਾ ਅਖ਼ੀਰਲਾ ਹਿੱਸਾ ਜੋ ਭਾਰਤ-ਪਾਕਿਸਤਾਨ ਦੀ ਵੰਡ ਨੂੰ ਦਰਸਾਉਂਦਾ ਹੋਇਆ ਡਾਹਡਾ ਸੰਵੇਦਨਸ਼ੀਲ ਸੀ, ਨੂੰ ਉਹ ਪੜ੍ਹ ਕੇ ਸੁਣਾਉਂਦਿਆਂ ਤਾਂ ਉਹ ਡਾਹਡੇ ਭਾਵੁਕ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਲਾਹੌਰ ਵਿਚ ਪੰਜਾਬੀ ਪੁਸਤਕਾਂ ‘ਨੋ ਪ੍ਰਾਫ਼ਿਟ ਨੋ ਲੌਸ’ ਅਧਾਰ ‘ਤੇ ਪਾਠਕਾਂ ਤੀਕ ਪਹੁੰਚਾਉਣ ਲਈ ਇਕ ਸੰਸਥਾ ‘ਤ੍ਰਿੰਜਣ’ ਬਣਾਈ ਹੋਈ ਹੈ ਜਿਹੜੀ ਆਪਣਾ ਕੰਮ ਬਾਖ਼ੂਬੀ ਕਰ ਰਹੀ ਹੈ।
ਸਰੋਤਿਆਂ ਵਿੱਚੋਂ ਡਾ. ਜਗਮੋਹਨ ਸੰਘਾ, ਡਾ. ਸੁਖਦੇਵ ਸਿੰਘ ਝੰਡ, ਮਲੂਕ ਸਿੰਘ ਕਾਹਲੋਂ, ਰਛਪਾਲ ਕੌਰ ਗਿੱਲ, ਹਰਜਸਪ੍ਰੀਤ ਗਿੱਲ ਤੇ ਸੁੰਦਰਪਾਲ ਰਾਜਾਸਾਂਸੀ ਵੱਲੋਂ ਉਨ੍ਹਾਂ ਨੂੰ ਲਹਿੰਦੇ ਪੰਜਾਬ ਵਿਚ ਪੰਜਾਬੀ ਬੋਲੀ ਦੀ ਅਜੋਕੀ ਸਥਿਤੀ, ਸ਼ਾਹਮੁਖੀ ਤੇ ਗੁਰਮੁਖੀ ਲਿਪੀਆਂ ਦੇ ਆਪਸੀ ਅਦਾਨ-ਪ੍ਰਦਾਨ, ਗੁਰਮੁਖੀ ਅੱਖਰਾਂ ਵਿਚ ਲਿਖੀਆਂ ਪੁਸਤਕਾਂ ਪੜ੍ਹਨ, ਆਦਿ ਬਾਰੇ ਪੁੱਛੇ ਗਏ ਸੁਆਲਾਂ ਦੇ ਜੁਆਬ ਉਨ੍ਹਾਂ ਵੱਲੋਂ ਤਸੱਲੀ-ਪੂਰਵਕ ਦਿੱਤੇ ਗਏ। ਓਧਰ ਸਕੂਲ ਪੱਧਰ ‘ਤੇ ਪੰਜਾਬੀ ਨਾ ਪੜ੍ਹਾਏ ਜਾਣ ਬਾਰੇ ਪੁੱਛੇ ਗਏ ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ, ”ਸਮਝ ਨਹੀਂ ਲੱਗਦੀ ਕਿ ਪੰਜਾਬੀ ਜੇਕਰ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਾਈ ਜਾ ਸਕਦੀ ਹੈ ਤਾਂ ਫਿਰ ਸਕੂਲਾਂ ਵਿਚ ਇਹ ਪੜ੍ਹਾਉਣ ‘ਤੇ ਹਕੂਮਤ ਨੂੰ ਕਿਉਂ ਤਕਲੀਫ਼ ਹੁੰਦੀ ਹੈ। ਜ਼ਾਹਿਰ ਹੈ ਕਿ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਲਈ ਉਸ ਨੂੰ 50-60 ਲੱਖ ਪੰਜਾਬੀ ਦੇ ‘ਕਾਇਦੇ’ ਛਪਵਾਉਣੇ ਪੈਣਗੇ।” ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਬਹੁਤ ਹੀ ਥੋੜ੍ਹਾ ਸਮਾਂ ਪਹਿਲਾਂ ਪ੍ਰੋ. ਜ਼ੁਬੇਰ ਅਹਿਮਦ ਹੁਰਾਂ ਨੂੰ ਕੀਤੀ ਗਈ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਆਪਣੇ ਜ਼ਰੂਰੀ ਰੁਝੇਵਿਆਂ ਵਿਚੋਂ ਸਭਾ ਦੇ ਲਈ ਸਮਾਂ ਕੱਢਣ ਲਈ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ, ਜਦਕਿ ਓਸੇ ਦਿਨ ਹੀ ਸ਼ਾਮ ਨੂੰ ਉਨ੍ਹਾਂ ਦੀ ਲਾਹੌਰ ਨੂੰ ਵਾਪਸੀ ਵੀ ਸੀ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਹੋਏ ਕਵੀ-ਦਰਬਾਰ ਦਾ ਸੰਚਾਲਣ ਪਰਮਜੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਇਸ ਵਿਚ ਸੱਭ ਤੋਂ ਪਹਿਲਾਂ ਰਿੰਟੂ ਭਾਟੀਆ ਨੇ ਜ਼ੁਬੇਰ ਅਹਿਮਦ ਦੇ ਲਿਖੇ ਹੋਏ ਟੱਪੇ ਆਪਣੀ ਸੁਰੀਲੀ ਆਵਾਜ਼ ਵਿਚ ਪੇਸ਼ ਕੀਤੇ। ਉਪਰੰਤ, ਵਾਰੀ-ਵਾਰੀ ਮਕਸੂਦ ਚੌਧਰੀ, ਕਰਨ ਅਜਾਇਬ ਸਿੰਘ ਸੰਘਾ, ਡਾ. ਪਰਗਟ ਸਿੰਘ ਬੱਗਾ, ਸੁਖਿੰਦਰ, ਗਿਆਨ ਸਿੰਘ ਦਰਦੀ, ਫ਼ੋਜ਼ੀਆ ਤਨਵੀਰ, ਅਹਿਮਦ ਭੱਟੀ, ਹਰਪਾਲ ਸਿੰਘ ਭਾਟੀਆ, ਜੱਸੀ ਭੁੱਲਰ, ਮਲੂਕ ਸਿੰਘ ਕਾਹਲੋਂ, ਤਲਵਿੰਦਰ ਮੰਡ, ਸੁਖਚਰਨਜੀਤ ਗਿੱਲ, ਰੂਬੀ ਕਰਤਾਰਪੁਰੀ, ਸੁੰਦਰਪਾਲ ਰਾਜਾਸਾਂਸੀ, ਹਰਭਜਨ ਕੌਰ ਗਿੱਲ, ਹਰਜਸਪ੍ਰੀਤ ਗਿੱਲ, ਰਮਿੰਦਰ ਵਾਲੀਆ, ਮਲਵਿੰਦਰ ਸ਼ਾਇਰ, ਸੁਖਦੇਵ ਸਿੰਘ ਝੰਡ, ਸੁਰਿੰਦਰ ਸ਼ਰਮਾ, ਬਲਜੀਤ ਸਿੰਘ ਗਰੋਵਰ, ਗੁਰਮੇਲ ਸਿੰਘ, ਡਾ. ਦਵਿੰਦਰ ਸਿੰਘ ਲਿੱਧੜ ਤੇ ਕਈ ਹੋਰਨਾਂ ਵੱਲੋਂ ਆਪਣੀਆਂ ਕਵਿਤਾਵਾਂ ਸੁਣਾਈਆਂ ਅਤੇ ਵਿਚਾਰ ਪੇਸ਼ ਕੀਤੇ ਗਏ। ਇਸ ਦੌਰਾਨ ਇਕਬਾਲ ਬਰਾੜ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿਚ ਖ਼ੂਬਸੂਰਤ ਹਿੰਦੀ ਫ਼ਿਲਮੀ ਗੀਤ ‘ਆਜ ਮੌਸਮ ਬੜਾ ਬੇਈਮਾਨ ਹੈ’ ਗਾ ਕੇ ਮਾਹੌਲ ਨੂੰ ਸੰਗੀਤਮਈ ਬਣਾਇਆ ਗਿਆ।
ਉਪਰੰਤ, ਪਰਮਜੀਤ ਸਿੰਘ ਗਿੱਲ ਨੇ ਇਕ ਗ਼ਜ਼ਲ ਅਤੇ ਪੰਜਾਬ ਸਿੰਘ ਕਾਹਲੋਂ ਵੱਲੋਂ ਪੰਜਾਬ ਦੇ ਅਜੋਕੇ ਹਾਲਾਤ ‘ਤੇ ਗੀਤ ਤਰੰਨਮ ਵਿਚ ਪੇਸ਼ ਕੀਤਾ ਗਿਆ। ਪ੍ਰਧਾਨਗੀ-ਮੰਡਲ ਵਿੱਚੋਂ ਗੁਰਮੇਲ ਸਿੰਘ ਸੰਧੂ ਅਤੇ ਮੰਚ-ਸੰਚਾਲਕ ਪਰਮਜੀਤ ਢਿੱਲੋਂ ਵੱਲੋਂ ਵੱਲੋਂ ਕੈਨੇਡਾ ਦੇ ਅਜੋਕੇ ਹਾਲਾਤ ਆਪਣੇ ਗੀਤਾਂ ਵਿਚ ਬਾਖ਼ੂਬੀ ਪੇਸ਼ ਕੀਤੇ ਗਏ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਬਲਰਾਜ ਚੀਮਾ ਨੇ ਸਮਾਗ਼ਮ ਦੇ ਮੁੱਖ-ਬੁਲਾਰੇ ਜ਼ੁਬੇਰ ਅਹਿਮਦ ਅਤੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ੁਬੇਰ ਅਹਿਮਦ ਤੇ ਉਨ੍ਹਾਂ ਦੇ ਸਾਥੀ ਲਹਿੰਦੇ ਪੰਜਾਬ ਵਿਚ ਪੰਜਾਬੀ ਬੋਲੀ ਦੇ ਵਿਸਥਾਰ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ।
ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਉਂਦੇ ਸਾਲਾਂ ਵਿਚ ਉਹ ਇਸ ਵਿਚ ਹੋਰ ਵੀ ਕਾਮਯਾਬ ਹੋਣਗੇ। ਇਸ ਮੌਕੇ ਸਰੋਤਿਆਂ ਵਿਚ ਬਿਕਰਮ ਸਿੰਘ ਗਿੱਲ, ਕਰਨੈਲ ਸਿੰਘ ਮਰਵਾਹਾ, ਹਰਦਿਆਲ ਸਿੰਘ ਝੀਤਾ, ਪਰਸ਼ੋਤਮ ਸਿੰਘ, ਸ਼ਮਸ਼ੇਰ ਸਿੰਘ, ਹਰਮੇਸ਼ ਜੀਂਦੋਵਾਲ, ਮੋਹਿੰਦਰਪਾਲ ਸਿੰਘ, ਸੁਰਿੰਦਰ ਸਿੰਘ, ਮਿਸਿਜ਼ ਅਤਿੰਦਰਪਾਲ ਸਿੰਘ, ਗੁਰੰਜਲ ਕੌਰ ਅਤੇ ਲਹਿੰਦੇ ਪੰਜਾਬ ਤੋਂ ਮੁਹੰਮਦ ਅਫ਼ਜ਼ਲ ਰਾਜ਼, ਵਸੀਮ ਅਹਿਮਦ, ਮੁਹੰਮਦ ਇਕਬਾਲ ਗੌਂਡਲ, ਅਰਸ਼ਦ ਭੱਟੀ, ਜ਼ਹੀਰ ਅਹਿਮਦ, ਉਜ਼ਮਾ ਅਜ਼ੀਜ਼ ਇਰਫ਼ਾਨ ਤੇ ਕਈ ਹੋਰ ਸ਼ਾਮਲ ਸਨ।

Check Also

ਕੈਨੇਡਾ ਸਰਕਾਰ ‘ਮੌਰਟਗੇਜ’ ਨਿਯਮਾਂ ‘ਚ ਬਦਲਾਅ ਲਿਆ ਰਹੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿਚ ਘਰਾਂ ਦੀ ਘਾਟ ਦੀ ਸਮੱਸਿਆ ਹੈ। ਇਸ ਦੇ ਹੱਲ ਲਈ …