ਮੇਘ ਰਾਜ ਮਿੱਤਰ
ਲਗਭਗ ਇਕ ਦਹਾਕਾ ਪਹਿਲਾ ਦੀ ਗੱਲ ਹੈ। ਇੱਕ ਅਧਿਆਪਕਾ ਦੇ ਨੌਜਵਾਨ ਪੁੱਤਰ ਦੀ ਮੌਤ ਬਿਜਲੀ ਦੇ ਕਰੰਟ ਲੱਗਣ ਨਾਲ ਹੋ ਗਈ। ਕਿਸੇ ਸਿਆਣੇ ਦੇ ਕੁਝ ਮੰਤਰਾਂ ਦੇ ਜਾਪ ਨਾਲ ਉਸਦੀ ਮ੍ਰਿਤਕ ਦੇਹ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ। ਘਟਨਾ ਸਮੇਂ ਹਾਜ਼ਰ ਵਿਅਕਤੀਆਂ ਵਿੱਚੋਂ ਬਹੁਤਿਆਂ ਦਾ ਦਾਅਵਾ ਸੀ ਕਿ ਮੰਤਰਾਂ ਦੇ ਪ੍ਰਭਾਵ ਨਾਲ ਮਿੱਟੀ ਵਿੱਚ ਦੱਬਿਆ ਨੌਜਵਾਨ ਪ੍ਰਮਾਤਮਾ ਦਾ ਨਾਮ ਜਪਦਾ ਹੋਇਆ ਉੱਠ ਖੜ੍ਹਾ ਹੋਵੇਗਾ। ਉਹ ਅਧਿਆਪਕਾ ਕਿਸੇ ਸਮੇਂ ਮੇਰੇ ਨਾਲ ਹੀ ਸਕੂਲ ਵਿੱਚ ਪੜ੍ਹਾਉਂਦੀ ਰਹੀ ਸੀ ਤੇ ਮੈਂ ਵੀ ਅਜਿਹਾ ਚਾਹੁੰਦਾ ਸਾਂ ਕਿ ਅਜਿਹਾ ਵਾਪਰ ਜਾਵੇ। ਉਸਦਾ ਨੌਜਵਾਨ ਪੁੱਤਰ ਮੁੜ ਆਵੇ ਪਰ ਸਭ ਕੁਝ ਤਾਂ ਚਾਹੁਣ ਨਾਲ ਨਹੀਂ ਹੁੰਦਾ। ਕਈ ਵਾਰ ਜ਼ਮੀਨੀ ਹਕੀਕਤਾਂ ਕੁਝ ਹੋਰ ਹੁੰਦੀਆਂ ਨੇ।
ਬੜੇ ਦਾਅਵੇ ਕੀਤੇ ਜਾਂਦੇ ਨੇ ਕਿ ਗੁਰਬਾਣੀ ਦੇ ਕੁਝ ਸ਼ਬਦ ਸੁਣਨ ਜਾਂ ਸੁਣਾਉਣ ਨਾਲ ਕੈਂਸਰ ਦੇ ਮਰੀਜ ਠੀਕ ਹੋ ਜਾਂਦੇ ਨੇ। ਗੀਤਾ ਵਿੱਚੋਂ ਕੁਝ ਸ਼ਲੋਕ ਪੜ੍ਹਨ ਨਾਲ ਟੀ.ਬੀ. ਸਦਾ ਲਈ ਅਲੋਪ ਹੋ ਜਾਂਦੀ ਹੈ। ਕੁਰਾਨ ਦੀ ਆਇਤਾਂ ਵੀ ਕਈਆਂ ਦੀ ਰੀੜ੍ਹ ਦੀ ਹੱਡੀ ਦਾ ਮਣਕਾ ਠੀਕ ਕਰ ਦਿੰਦੀਆਂ ਹਨ। ਬਾਈਬਲ ਵਿੱਚੋਂ ਕੁਝ ਕਹਾਣੀਆਂ ਗੂੰਗਿਆਂ ਤੇ ਲੰਗੜਿਆਂ ਨੂੰ ਤੁਰਨ ਲਾ ਦਿੰਦੀਆਂ ਹਨ। ਅਸੀਂ ਤਰਕਸ਼ੀਲ ਚਾਹੁੰਦੇ ਹਾਂ ਅਜਿਹਾ ਕੁਝ ਵਾਪਰ ਜਾਵੇ। ਹਸਪਤਾਲਾਂ ਦੀ ਲੋੜ ਨਾ ਰਹੇ, ਡਾਕਟਰ ਦਫ਼ਾ ਹੋ ਜਾਣ, ਗਰੀਬ ਲੋਕਾਂ ਦੇ ਘਰ ਇਲਾਜ ਕਾਰਨ ਵਿਕਣੋਂ ਬੰਦ ਹੋ ਜਾਣ। ਮਰੀਜਾਂ ਦੇ ਦੁੱਖ ਦਰਦ ਮਿਟ ਜਾਣ ਪਰ ਅਫ਼ਸੋਸ ਅਜਿਹਾ ਨਹੀਂ ਹੋ ਸਕਦਾ। ਬਿਮਾਰੀਆਂ ਕਿਸੇ ਕਾਰਨ ਕਰਕੇ ਹੀ ਸਰੀਰ ਨੂੰ ਗ੍ਰਸਤ ਕਰਦੀਆਂ ਹਨ। ਕਈ ਵਾਰ ਇਹ ਕਾਰਨ ਸਰੀਰ ਵਿੱਚ ਕਿਸੇ ਪਦਾਰਥ ਦੀ ਕਮੀ ਹੁੰਦਾ ਹੈ, ਕਈ ਵਾਰ ਕਿਸੇ ਪਦਾਰਥ ਦੀ ਬਹੁਤਾਤ, ਕਈ ਵਾਰ ਕਿਸੇ ਬਾਹਰੀ ਜਰਾਸੀਮ ਦਾ ਹਮਲਾ। ਕੁਝ ਸ਼ਬਦਾਂ ਦਾ ਉਚਾਰਨ ਨਾ ਤਾਂ ਸਰੀਰਕ ਘਾਟ ਨੂੰ ਪੂਰਾ ਕਰ ਸਕਦਾ ਹੈ ਤੇ ਨਾ ਹੀ ਕਿਸੇ ਸਰੀਰਕ ਵਾਧੇ ਨੂੰ ਖਾਰਜ ਕਰ ਸਕਦਾ ਹੈ। ਵਿਚਾਰੇ ਜਰਾਸੀਮਾਂ ਦੇ ਦਿਮਾਗ ਵੀ ਐਨੇ ਵਿਕਸਤ ਨਹੀਂ ਹੁੰਦੇ ਕਿ ਉਹ ਸ਼ਬਦਾਂ ਦੇ ਅਰਥ ਸਮਝ ਸਕਣ। ਸੋ ਬਿਮਾਰੀਆਂ ਨੂੰ ਸ਼ਬਦਾਂ ਰਾਹੀਂ ਸਰੀਰ ਵਿੱਚੋਂ ਬਾਹਰ ਕੱਢਣ ਦੀ ਕਲਾ ਮੇਰੇ ਤਾਂ ਸਮਝ ਤੋਂ ਬਾਹਰ ਹੈ।
ਪਰ ਧਾਰਮਿਕ ਸ਼ਬਦਾਂ ਵਿੱਚ ਇਕ ਕਲਾ ਜ਼ਰੂਰ ਹੈ ਕਿ ਇਸਦਾ ਅਸਰ ਲੋਕਾਂ ਦੀਆਂ ਜੇਬਾਂ ਉੱਤੇ ਜ਼ਰੂਰ ਹੋ ਜਾਂਦਾ ਹੈ। ਮੈਂ ਹਜ਼ਾਰਾਂ ਸ਼ਬਦ ਉਚਾਰਨ ਵਾਲਿਆਂ ਨੂੰ ਜਾਣਦਾ ਹਾਂ ਜੋ ਲੋਕਾਂ ਦੀਆਂ ਜੇਬਾਂ ਵਿੱਚੋਂ ਸ਼ਬਦ ਉਚਾਰਨ ਰਾਹੀਂ ਹੀ ਪੈਸੇ ਕਢਵਾਈ ਜਾਂਦੇ ਹਨ। ਉਹ ਲੋਕਾਂ ਨੂੰ ਸ਼ਬਦਾਂ ਰਾਹੀ ਠੀਕ ਹੋਣ ਵਾਲੇ ਵਿਅਕਤੀਆਂ ਦੀਆਂ ਹਜ਼ਾਰਾਂ ਉਦਾਹਰਣਾਂ ਪੇਸ਼ ਕਰ ਦਿੰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਲੋਕਾਂ ਨੇ ਤਾਂ ਇਨ੍ਹਾਂ ਗੱਲਾਂ ਦੀਆਂ ਜਾਂਚਾਂ ਪੜਤਾਲਾਂ ਕਰਨੀਆਂ ਹੀ ਹਨ ਅਤੇ ਨਾ ਹੀ ਉਨ੍ਹਾਂ ਨੇ ਇਹ ਜਾਣਨਾ ਹੈ ਕਿ ਮਰੀਜ ਜਿਸ ਬਿਮਾਰੀ ਦਾ ਦਾਅਵਾ ਕਰਦਾ ਹੈ ਕੀ ਉਸਨੂੰ ਸੱਚੀਉ ਹੀ ਉਹ ਬਿਮਾਰੀ ਸੀ? ਜਾਂ ਜਦੋਂ ਉਸਦੇ ਸ਼ਬਦਾਂ ਰਾਹੀ ਠੀਕ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਬਿਮਾਰੀ ਦੇ ਖਤਮ ਹੋਣ ਦੀ ਪੁਸ਼ਟੀ ਡਾਕਟਰਾਂ ਨੇ ਕੀਤੀ ਸੀ ਜਾਂ ਨਹੀਂ। ਜਾਂ ਉਹ ਬਿਮਾਰੀ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋਣ ਵਾਲੀ ਤਾਂ ਨਹੀਂ ਸੀ।
ਹੁਣ ਬਾਸੂ ਭਾਰਦਵਾਜ ਦੇ ਕੇਸ ਨੂੰ ਹੀ ਲੈ ਲਈਏ। ਸੂਰਤ ਗੁਜਰਾਤ ਦਾ ਇੱਕ ਸ਼ਹਿਰ ਹੈ। ਇਸ ਸ਼ਹਿਰ ਦੇ ਪੱਤਰਕਾਰ ਨੂੰ ਹੱਡੀਆਂ ਦੇ ਕੈਂਸਰ ਦੀ ਬਿਮਾਰੀ ਸੀ। ਲਗਭਗ ਸਾਢੇ ਤਿੰਨ ਸਾਲ ਬੇਹਤਰੀਨ ਹਸਪਤਾਲਾਂ ਵਿੱਚ ਉਹ ਆਪਣਾ ਇਲਾਜ ਕਰਵਾਉਂਦਾ ਰਿਹਾ। ਆਪਣੇ ਕੁਝ ਰਿਸ਼ਤੇਦਾਰਾਂ ਦੇ ਕਹਿਣ ਤੇ ਆਖਰ ਉਸਨੇ ਆਪਣੇ ਇਲਾਜ ਨੂੰ ਅਲਵਿਦਾ ਕਹਿ ਦਿੱਤੀ ਤੇ 2002 ਵਿਚ ਅੰਮ੍ਰਿਤਸਰ ਆ ਕੇ ਗੁਰਬਾਣੀ ਦਾ ਪਾਠ ਇੱਕ ਦੋ ਦਿਨ ਸੁਣਿਆ। ਕਿਹਾ ਜਾਂਦਾ ਹੈ ਉਹ ਇਸ ਨਾਲ ਠੀਕ ਹੋ ਗਿਆ। ਉਸਦੇ ਸਾਰੇ ਟੈਸਟ ਨਾਰਮਲ ਹੋ ਗਏ। ਇਸ ਘਟਨਾ ਦੇ ਵੇਰਵੇ ਤਾਂ ਸਾਰੇ ਅਖ਼ਬਾਰਾਂ ਵਾਲਿਆਂ ਨੇ ਵੱਡੀਆਂ ਵੱਡੀਆਂ ਸੁਰਖੀਆਂ ਲਾ ਕੇ ਛਾਪ ਦਿੱਤੇ। ਪਰ 2006 ਵਿੱਚ ਉਸਦੀ ਮੌਤ ਜੋ ਉਸੇ ਕੈਂਸਰ ਨਾਲ ਹੋਈ, ਦੀ ਖ਼ਬਰ ਕਿਸੇ ਵੀ ਅਖ਼ਬਾਰ ਨੇ ਨਹੀਂ ਲਾਈ। ਅੱਜ ਸੈਂਕੜੇ ਵੈਬਸਾਈਟਾਂ ਤੇ ਬਾਸੂ ਭਰਦਵਾਜ ਦੇ ਗੁਰਬਾਣੀ ਦੇ ਪਾਠ ਰਾਹੀ ਠੀਕ ਹੋਣ ਦਾ ਕਰਿਸਮਾ ਤਾਂ ਦਰਜ ਹੈ ਪਰ ਕਿਸੇ ਇੱਕ ਤੇ ਵੀ ਉਸਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ।
ਅਸਲ ਵਿਚ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਖ਼ਬਰਾਂ ਤਾਂ ਵੱਡੀਆਂ- ਵੱਡੀਆਂ ਸੁਰਖੀਆਂ ਲਾ ਕੇ ਛਾਪੀਆਂ ਜਾਂਦੀਆਂ ਹਨ ਪਰ ਮਿਟਾਉਣ ਵਾਲੀਆਂ ਖ਼ਬਰਾਂ ਸਮੇਂ ਅਖ਼ਬਾਰਾਂ ਵਿੱਚ ਥਾਂ ਦੇਣ ਦੀ ਕੰਜੂਸੀ ਵਰਤ ਲਈ ਜਾਂਦੀ ਹੈ। ਇਹ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਜਾਂ ਅਣਜਾਣ ਪੁਣੇ ਵਿੱਚ? ਇਹ ਗੱਲ ਕਦੇ ਵੀ ਮੇਰੀ ਸਮਝ ਵਿੱਚ ਨਹੀਂ ਆਈ। ਚਲੋ ਛੱਡੋ ਵੱਡੇ ਆਦਮੀਆਂ ਦੀਆਂ ਵੱਡੀਆਂ ਗੱਲਾਂ।
ਕਿਹਾ ਜਾਂਦਾ ਹੈ ਕਿ ਬੀਜ ਮੰਤਰਾਂ ਰਾਹੀ ਬਿਮਾਰੀਆਂ ਠੀਕ ਕਰਨ ਦੀ ਸਲਾਹ ਦੇਣ ਨਾਲ ਰੋਗੀਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਕਈ ਵਾਰ ਤਾਂ ਇਹ ਸਲਾਹ ਵੀ ਦੇ ਦਿੱਤੀ ਜਾਂਦੀ ਹੈ ਕਿ ਨਾਲੇ ਤਾਂ ਡਾਕਟਰੀ ਇਲਾਜ ਕਰੀ ਚਲੋ ਨਾਲੇ ਬੀਜ ਮੰਤਰਾਂ ਦਾ ਇਸਤੇਮਾਲ ਕਰੀ ਚਲੋ? ਜੇ ਮਰੀਜ ਠੀਕ ਹੋ ਗਿਆ ਤਾਂ ਠੀਕ ਹੋਣ ਦਾ ਸਿਹਰਾ ਆਪਣੇ ਸਿਰ ਬੰਨ ਲੈਣਾ ਹੈ, ਜੇ ਮਰ ਗਿਆ ਤਾਂ ਘੜਾ ਡਾਕਟਰਾਂ ਦੇ ਸਿਰ ਤੇ ਭੰਨ ਦੇਣਾ ਹੈ। ਸਾਡੇ ਤਾਂ ਦੋਹੇ ਹੱਥੀ ਲੱਡੂ ਹੁੰਦੇ ਹਨ। ਮਰੀਜ ਨੇ ਇਹ ਪਰਖ ਤਾਂ ਕਰਨੀ ਹੀ ਨਹੀਂ ਕਿ ਮੈਨੂੰ ਠੀਕ ਬੀਜ ਮੰਤਰਾਂ ਨੇ ਕੀਤਾ ਹੈ ਜਾਂ ਡਾਕਟਰੀ ਇਲਾਜ ਨੇ?
ਬੀਜ ਮੰਤਰਾਂ ਦੇ ਅਸਰ ਦੇ ਦਾਅਵੇ ਹਜ਼ਾਰਾਂ ਮਰੀਜਾਂ ਦਾ ਇਲਾਜ ਅੱਧ ਵਿਚਾਲੇ ਛੁਡਵਾ ਕੇ ਉਨ੍ਹਾਂ ਨੂੰ ਕਬਰਾਂ ਦੇ ਨੇੜੇ ਲੈ ਜਾਂਦੇ ਹਨ। ਇਸ ਗੱਲ ਦੀ ਪ੍ਰਵਾਹ ਮੇਰੇ ਪਿਆਰੇ ਭਾਰਤ ਵਿੱਚ ਤਾਂ ਕਿਸੇ ਨੂੰ ਵੀ ਨਹੀਂ। ਲੀਡਰਾਂ ਨਾਲ ਗੱਲਾਂ ਕਰੋ ਤਾਂ ਕਹਿਣਗੇ ”ਬਥੇਰੀ ਸਤੌਲ ਫਿਰਦੀ ਐ ਇਥੇ ਜੇ 20-30 ਹਜ਼ਾਰ ਮਰ ਵੀ ਜਾਣਗੇ ਤਾਂ ਵੀ ਭਾਰਤ ਨੂੰ ਕੋਈ ਫਰਕ ਨਹੀਂ ਪੈਣਾ।” ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਸ਼ਬਦਾਂ ਦਾ ਬੰਦਿਆਂ ਤੇ ਅਸਰ ਮਾਨਸਿਕ ਵੀ ਨਹੀਂ ਹੁੰਦਾ। ਮੈਂ ਅਜਿਹੇ ਅਸਰ ਖੁਦ ਸੁਣੇ ਵੀ ਹਨ ਤੇ ਵੇਖੇ ਵੀ ਹਨ। ਮੇਰੇ ਪਿੰਡ ਦੇ ਇੱਕ ਬਜ਼ੁਰਗ ਨੇ ਇੱਕ ਵਾਰ ਮੈਨੂੰ ਦੱਸਿਆ ਇੱਕ ਦੁਕਾਨਦਾਰ ਦੇ ਘਰ ਵਿੱਚ ਕੁਝ ਕਮਰਿਆਂ ਵਿੱਚ ਰੂੰ ਭਰੀ ਹੋਈ ਸੀ। ਉਸਦੇ ਤਾਜੇ ਵਿਆਹੇ ਪੁੱਤ ਦੀ ਘਰਵਾਲੀ ਆਪਣੇ ਪਤੀ ਤੋਂ ਪੁੱਛਣ ਲੱਗੀ ਕਿ ‘ਇਹ ਰੂੰ ਕਿਉਂ ਰੱਖੀ ਹੈ?’ ਤਾਂ ਉਸਨੇ ਮਜ਼ਾਕ ਵਿੱਚ ਕਹਿ ਦਿੱਤਾ। ”ਇਹ ਤੂੰ ਕੱਤਣੀ ਹੈ।” ਬੱਸ ਇਹ ਗੱਲ ਉਸ ਦੇ ਦਿਮਾਗ ਤੇ ਅਸਰ ਕਰ ਗਈ। ਉਹ ਹਰ ਵੇਲੇ ਇਹ ਹੀ ਕਿਹਾ ਕਰੇ ”ਮੈਂ ਐਨੀ ਰੂੰ ਕਿਵੇਂ ਕੱਤੂ?” ਮਾਪਿਆਂ ਤੋਂ ਕੁੜੀ ਦੀ ਹਾਲਤ ਜਰ ਨਾ ਹੋਈ, ਉਹ ਉਸਨੂੰ ਆਪਣੇ ਪਿੰਡ ਲੈ ਆਏ। ਇੱਕ ਗੁਆਂਢੀ ਨੇ ਜਦੋਂ ਇਸ ਕੁੜੀ ਦੀ ਹਾਲਤ ਬਾਰੇ ਸੁਣਿਆ ਤਾਂ ਉਹ ਘਰਦਿਆਂ ਨੂੰ ਕਹਿਣ ਲੱਗਿਆ ”ਮੈਂ ਤੁਹਾਡੀ ਕੁੜੀ ਨੂੰ ਠੀਕ ਕਰ ਸਕਦਾ ਹਾਂ” ਤੇ ਘਰ ਵਾਲੇ ਉਸਨੂੰ ਕੁੜੀ ਕੋਲ ਲੈ ਗਏ। ਉਹ ਕੁੜੀ ਨੂੰ ਕਹਿਣ ਲੱਗਿਆ, ”ਕੱਲ ਮੈਂ ਤੇਰੇ ਸਹੁਰੇ ਪਿੰਡ ਗਿਆ ਸੀ ਉਥੇ ਤਾਂ ਤੁਹਾਡੇ ਘਰ ਨੂੰ ਅੱਗ ਲੱਗ ਗਈ।” ਕੁੜੀ ਪੁੱਛਣ ਲੱਗੀ ”ਰੂੰ ਵੀ ਮੱਚ ਗਈ ਹੈ? ਉਸਨੇ ਕਿਹਾ ”ਉਹ ਵੀ ਰਾਖ ਹੋ ਗਈ ਹੈ।” ਬੱਸ ਇਹ ਕਹਿਣ ਦੀ ਦੇਰ ਸੀ ਕਿ ਕੁੜੀ ਠੀਕ ਹੋ ਗਈ।
ਇਸੇ ਤਰ੍ਹਾਂ ਦੀ ਇੱਕ ਘਟਨਾ ਸਾਡੀ ਤਰਕਸ਼ੀਲ ਲਹਿਰ ਦੇ ਇਤਿਹਾਸ ਵਿੱਚ ਵਾਪਰ ਚੁੱਕੀ ਹੈ। ਬਠਿੰਡੇ ਹਾਜੀ ਰਤਨ ਗੁਰਦੁਆਰੇ ਦੇ ਨਾਲ ਵਾਲੇ ਘਰ ਦੀ ਗੱਲ ਹੈ ਕਿ ਘਰ ਵਾਲਾ ਜਦੋਂ ਬੰਦੂਕ ਖਰੀਦ ਕੇ ਆਪਣੇ ਘਰ ਲੈ ਕੇ ਆਇਆ ਤਾਂ ਉਸਦੀ ਪਤਨੀ ਪੁੱਛਣ ਲੱਗੀ ਕਿ ”ਤੁਸੀਂ ਬੰਦੂਕ ਕਿਉਂ ਖਰੀਦ ਲਿਆਏ ਹੋ?” ਤਾਂ ਉਹ ਕਹਿਣ ਲੱਗਿਆ ”ਬੰਦੂਕਾਂ ਘਰ ਵਿੱਚ ਆਈਆਂ ਮਾੜੀਆਂ ਹੀ ਹੁੰਦੀਆਂ ਹਨ ਜਾਂ ਤਾਂ ਇਸ ਨਾਲ ਕੋਈ ਮੈਨੂੰ ਮਾਰਦੂ ਜਾਂ ਮੈਂ ਕਿਸੇ ਨੂੰ ਮਾਰ ਕੇ ਅੰਦਰ ਹੋ ਜੂ।” ਬੱਸ ਇਹ ਕਹਿਣ ਦੀ ਦੇਰ ਸੀ ਕਿ ਘਰ ਵਿੱਚ ਘਟਨਾਵਾਂ ਵਾਪਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਦੋਂ ਵੀ ਉਸਦੇ ਪਤੀ ਦੁਆਰਾ ਬੰਦੂਕ ਬਾਰੇ ਆਖੀ ਹੋਈ ਗੱਲ ਉਸ ਇਸਤਰੀ ਦੇ ਦਿਮਾਗ ਵਿੱਚ ਆਉਂਦੀ ਤਾਂ ਘਰ ਵਿੱਚ ਕਿਤੇ ਨਾ ਕਿਤੇ ਅੱਗ ਲੱਗ ਜਾਂਦੀ।
ਸੋ ਮਿਠਾਸ ਨਾਲ ਕਹੇ ਸ਼ਬਦ ਦਾਰੂ ਵੀ ਹੋ ਜਾਂਦੇ ਨੇ ਤੇ ਕੌੜੇ ਸ਼ਬਦ ਡੰਗ ਵੀ ਮਾਰ ਜਾਂਦੇ ਨੇ। ਸ਼ਬਦਾਂ ਰਾਹੀ ਰੋਗਾਂ ਦਾ ਇਲਾਜ ਇੱਕ ਧੰਦਾ ਹੀ ਹੈ ਇਸ ਤੋਂ ਵੱਧ ਕੁਝ ਵੀ ਨਹੀਂ।
ਮਿਨੀਸੋਟਾ ਦਾ ਇੱਕ ਡਾਕਟਰ ਨਿਲੋਨ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ 1970 ਵਿੱਚ ਉਸਨੇ ਪਾਦਰੀ ਕੁਲਮੈਨ ਤੋਂ ਠੀਕ ਹੋਣ ਦੇ ਦਾਅਵੇ ਕੀਤੇ ਹੋਏ 25 ਵਿਅਕਤੀਆਂ ਦੀ ਲਿਸਟ ਲਈ। ਇੱਕ ਇਸਤਰੀ ਜਿਸਨੂੰ ਫੇਫੜੇ ਦੇ ਕੈਂਸਰ ਹੋਣ ਦੀ ਬਿਮਾਰੀ ਦਰਸਾਈ ਗਈ ਸੀ ਉਸ ਨੂੰ ਤਾਂ ਇਹ ਬਿਮਾਰੀ ਹੈ ਹੀ ਨਹੀਂ ਸੀ। ਇੱਕ ਰੀੜ ਦੀ ਹੱਡੀ ਦੇ ਮਰੀਜ ਨੂੰ ਠੀਕ ਹੋਣ ਕਰਕੇ ਬੈਲਟ ਉਤਾਰਨ ਦਾ ਸੁਝਾਅ ਦੇ ਦਿੱਤਾ ਗਿਆ। ਦੂਸਰੇ ਦਿਨ ਉਸਦੀ ਰੀੜ ਦੀ ਹੱਡੀ ਟੁੱਟ ਗਈ। ਚਾਰ ਮਹੀਨੇ ਬਾਅਦ ਉਸਦੀ ਮੌਤ ਹੋ ਗਈ।
ਸੋ ਬੀਜ ਮੰਤਰਾਂ ਰਾਹੀ ਇਲਾਜ ਕਰਨ ਵਾਲਿਆਂ ਦੇ ਦਾਅਵਿਆਂ ਦੀ ਪੜਤਾਲ ਕਰਨ ਦੀ ਲੋੜ ਹੈ। ਜੇ ਉਨ੍ਹਾਂ ਦੇ ਦਾਅਵੇ ਸੱਚੇ ਨੇ ਤਾਂ ਹਸਪਤਾਲਾਂ ਨੂੰ ਉਨ੍ਹਾਂ ਦੇ ਸਪੁਰਦ ਕਰ ਦੇਣਾ ਚਾਹੀਦਾ ਹੈ। ਜੇ ਉਹ ਆਪਣੇ ਕੀਤੇ ਦਾਅਵਿਆਂ ਤੇ ਪੂਰੇ ਨਹੀਂ ਉਤਰਦੇ ਤਾਂ ਉਨ੍ਹਾਂ ਦੀ ਥਾਂ ਜੇਲਾਂ ਵਿੱਚ ਹੋਣੀ ਚਾਹੀਦੀ ਹੈ।
ਅੰਤ ਵਿੱਚ ਮੈਂ ਆਪਣੇ ਲੋਕਾਂ ਨੂੰ ਇਹੋ ਹੀ ਸਲਾਹ ਦੇਵਾਗਾਂ ਕਿ 1935 ਵਿੱਚ ਭਾਰਤ ਵਿੱਚ ਔਸਤ ਉਮਰ 35 ਸਾਲ ਸੀ। ਬੀਜ ਮੰਤਰ ਉਦੋਂ ਵੀ ਸਨ ਪਰ ਜੇ ਅੱਜ ਇਹ ਭਾਰਤ ਵਿੱਚ ਹੀ 68 ਸਾਲ ਹੋ ਚੁੱਕੀ ਹੈ, ਇਹ ਕਿਸੇ ਵੀ ਬੀਜ ਮੰਤਰਾਂ ਨੇ ਨਹੀਂ ਕੀਤੀ ਸਗੋਂ ਆਧੁਨਿਕ ਡਾਕਟਰੀ ਉਪਚਾਰਾਂ ਨੇ ਕੀਤੀ ਹੈ। ਚੇਚਕ, ਟੀ. ਵੀ., ਪੋਲੀਓ ਵਰਗੀਆਂ ਬਿਮਾਰੀਆਂ ਜੇ ਅੱਜ ਕਾਬੂ ਵਿੱਚ ਆਈਆਂ ਹਨ ਤਾਂ ਇਹ ਕਿਸੇ ਬੀਜ ਮੰਤਰ ਕਰਕੇ ਨਹੀਂ ਸਗੋਂ ਨਵੀਨਤਮ ਡਾਕਟਰੀ ਖੋਜਾਂ ਕਰਕੇ ਹੋਈਆਂ ਹਨ।
ਧਰਤੀ ਤੇ ਮੌਜੂਦ ਕੁਝ ਵਿਅਕਤੀ ਇਤਿਹਾਸ ਦਾ ਪਹੀਆ ਪਿੱਛੇ ਨੂੰ ਮੋੜਨ ਲਈ ਯਤਨਸ਼ੀਲ ਹਨ। ਹਾਲਾਂਕਿ ਉਹ ਇਹ ਜਾਣਦੇ ਹਨ ਕਿ ਜੇ ਉਨ੍ਹਾਂ ਨੂੰ ਪੁਰਾਤਨ ਯੁੱਗਾਂ ਵਾਲੀਆਂ ਹਾਲਤਾਂ ਵਿਚ ਜੀਵਨ ਬਸਰ ਕਰਨ ਲਈ ਕਿਹਾ ਜਾਵੇ ਤਾਂ ਉਹ ਹੁਣੇ ਹੀ ਹੱਥ ਖੜੇ ਕਰ ਜਾਣਗੇ। ਪਰ ਫਿਰ ਵੀ ਬੀਤਿਆ ਯੁੱਗ ਉਨ੍ਹਾਂ ਨੂੰ ਚੰਗਾ ਲੱਗਦਾ ਹੈ? ਕਿਉਂਕਿ ਬੀਤੇ ਯੁੱਗ ਦੇ ਪ੍ਰਸ਼ੰਸਕਾਂ ਦੀਆਂ ਜੇਬਾਂ ਹਮੇਸ਼ਾ ਖੁੱਲੀਆਂ ਰਹਿੰਦੀਆਂ ਹਨ।