Breaking News
Home / ਨਜ਼ਰੀਆ / ਬੇਇੱਜ਼ਤ

ਬੇਇੱਜ਼ਤ

(Shamed ਦਾ ਪੰਜਾਬੀ ਅਨੁਵਾਦ)
ਲਿਖਾਰੀ: ਸਰਬਜੀਤ ਕੌਰ ਅਠਵਾਲ਼ ਅਤੇ ਜੈੱਫ਼ ਹਡਸਨ
ਅਨੁਵਾਦਕ: ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ (2017)
ਪੰਜਾਬੀ ਐਡੀਸ਼ਨ ਦੇ ਪ੍ਰਕਾਸ਼ਕ: ਪੀਪਲਜ਼ ਫੋਰਮ, ਬਰਗਾੜੀ, ਪੰਜਾਬ (ਭਾਰਤ)
ਬੇਇੱਜ਼ਤ ਜਾਂ Shamed ਨਾਂ ਦੀ ਕਿਤਾਬ ਅਜੀਬ ਲੱਗਦੇ ਸਿਰਲੇਖ ਤਹਿਤ ਕਿਤਾਬ ਨਾ ਚੁੱਕੇ ਜਾਣ ਵਾਲ਼ੇ ਵਿਚਾਰ ਪੈਦਾ ਕਰਨ ਵਾਲ਼ੀ ਕਿਤਾਬ ਹੈ। ਭਾਵੇਂ ਇਹ ਕਿਤਾਬ ਇੰਗਲੈਂਡ ਦੇ ਇੱਕ ਪਰਿਵਾਰ ਦੀ ਜੰਮਪਲ਼ ਪੰਜਾਬੀ ਕੁੜੀ ਦੇ ਕਤਲ ਬਾਰੇ ਗੱਲ ਕਰਦੀ ਹੈ, ਪਰ ਜਿਸ ਤਰਾਂ ਇਸ ਦੀ ਲਿਖਾਰਨ, ਸਰਬਜੀਤ ਕੌਰ ਅਠਵਾਲ ਜੋ ਕਤਲ ਕੀਤੇ ਜਾਣ ਵਾਲ਼ੀ ਕੁੜੀ ਸੁਰਜੀਤ ਕੌਰ ਅਠਵਾਲ ਦੀ ਦਰਾਣੀ ਹੈ, ਆਪਣੀ ਜ਼ਿੰਦਗੀ ਤੇ ਇਸ ਕਤਲ ਦਾ ਬਿਆਨ ਕਰਦੀ ਹੈ; ਉਹ ਸਾਡੇ ਪੰਜਾਬੀ ਸਮਾਜ ਦੇ ਖੋਖਲ਼ੇਪਣ ਦੇ ਪਾਜ ਉਧੇੜਦੀ ਹੈ। ਇੰਗਲੈਂਡ ‘ਚ ਹੀ ਜੰਮੀ ਪਲ਼ੀ ਸਰਬਜੀਤ ਕਿਸ ਤਰ੍ਹਾਂ ਇੱਕ ਆਮ ਪੰਜਾਬੀ ਪਰਿਵਾਰ ਦੇ ਤੰਗ ਦਾਇਰੇ ਵਾਲ਼ੇ ਵਿਚਾਰਾਂ ਨਾਲ਼ ਲੱਦੇ ਮਾਹੌਲ ‘ਚ ਪੈਦਾ ਹੋ ਕੇ ਪਲ਼ੀ ਜਾਂ ਵੱਡੀ ਹੋਈ? ਕਿਵੇਂ ਉਸਦੀ ਨਿੱਤ ਦੀ ਜ਼ਿੰਦਗੀ ਸਖ਼ਤ ਵਲ਼ਗਣਾਂ ‘ਚੋਂ ਲੰਘਦੀ ਖੋਪੇ ਲੱਗੀ ਨਜ਼ਰ ਨਾਲ਼ ਅੱਗੇ ਵਧੀ ਅਤੇ ਫੇਰ ਕਿਵੇਂ ਸਹੁਰੇ ਪਰਿਵਾਰ ਦੀਆਂ ਖਿੱਚੀਆਂ ਧਾਰਮਿਕ ਲਕੀਰਾਂ ਦੇ ਜੰਗਲ਼ ‘ਚ ਫਸੀ ਫਟਕਦੀ ਰਹੀ? ਇਹ ਬਿਰਤਾਂਤ ਇੱਕ ਆਮ ਮੱਧ-ਵਰਗੀ ਪੰਜਾਬੀ ਪਰਿਵਾਰ ਦੀ ਕੁੜੀ ਅਤੇ ਆਮ ਇਨਸਾਨਾਂ ਨਾਲ਼ ਹੋਏ ਮੇਲ-ਮਿਲਾਪਾਂ ਅਤੇ ਟਕਰਾਵਾਂ ਦੀ ਵਿੱਥਿਆ ਹੈ। ਜੋ ਅਹਿਸਾਸ ਸਰਬਜੀਤ ਨੇ ਬਿਆਨ ਕੀਤੇ ਹਨ ਉਹ ਕੋਈ ਮਰਦ ਲਿਖਾਰੀ ਨਾ ਤਾਂ ਉਸ ਤਰ੍ਹਾਂ ਮਹਿਸੂਸ ਕਰ ਸਕਦਾ ਹੈ ਅਤੇ ਨਾ ਹੀ ਉਹ ਉਸ ਸੁਰ ‘ਚ ਬਿਆਨ ਕਰ ਸਕਦਾ ਹੈ ਕਿਉਂਕਿ ਉਸਦਾ ਕਦੇ ਵੀ ਪੰਜਾਬੀ ਕੁੜੀਆਂ ਨੂੰ ਆਉਣ ਵਾਲ਼ੀਆਂ ਮੁਸ਼ਕਲਾਂ ਵਾਲ਼ੀਆਂ ਸਥਿੱਤੀਆਂ ਨਾਲ਼ ਇਸ ਤਰਾਂ ਸਾਹਮਣਾ ਨਹੀਂ ਹੋਇਆ ਹੋ ਸਕਦਾ। ਸਾਡਾ ਸਮਾਜ ਕਿਸ ਤਰ੍ਹਾਂ ਸਾਡੀਆਂ ਧੀਆਂ-ਭੈਣਾਂ ਨਾਲ਼ ਪੇਸ਼ ਆਉਂਦਾ ਹੈ, ਇਹ ਉਹ ਆਪ ਹੀ ਦੱਸ ਸਕਦੀਆਂ ਹਨ। ਸਰਬਜੀਤ ਦੀ ਦਰਦਭਰੀ ਬੰਧਨਾਂ ਬੱਝੀ ਜ਼ਿੰਦਗੀ ਨੇ ਉਸ ਨੂੰ ਢਿੱਡ ਦਾ ਨਾਸੂਰ ਵੀ ਦਿੱਤਾ ਜੋ ਉਸ ਨੂੰ ਖਤਮ ਕਰ ਸਕਦਾ ਸੀ ਜੇ ਕਿਤੇ ਉਹ ਇੰਗਲੈਂਡ ਦੀ ਸਿਹਤ-ਪ੍ਰਣਾਲ਼ੀ ਵਰਗੀ ਥਾਂ ਤੇ ਨਾ ਹੁੰਦੀ। ਧਿਆਨਯੋਗ ਗੱਲ ਇਹ ਵੀ ਹੈ ਕਿ ਇਨ੍ਹਾਂ ਵਿਕਸਿਤ ਦੇਸ਼ਾਂ ਦੀ ਕਾਰਗਰ ਪੁਲਿਸ ਦੇ ਹੁੰਦੇ-ਸੁੰਦੇ ਸਾਡੇ ਸੱਭਿਆਚਾਰਕ ‘ਇੱਜ਼ਤ’ ਦੇ ਖਿਆਲ ਸਾਡਾ ਪਿੱਛਾ ਨਹੀਂ ਛੱਡਦੇ ਜਾਂ ਇਉਂ ਕਹਿ ਲਓ ਕਿ ਅਸੀਂ ਅਜਿਹੇ ਵਿਚਾਰਾਂ ਨੂੰ ਆਪਣੇ ਕਲ਼ਾਵੇ ‘ਚ ਲਈ ਬੈਠੇ ਹਾਂ। ਇਸਦਾ ਸਿੱਧਾ ਮਤਲਬ ਇਹੀ ਹੈ ਕਿ ਅਸੀਂ ਨਾ ਤਾਂ ਬਦਲਣਾ ਚਾਹੁੰਦੇ ਹਾਂ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਣਾ ਚਾਹੁੰਦੇ ਹਾਂ। ਬਦਲ ਜਾਣ ਦਾ ਮਤਲਬ ਇਹ ਵੀ ਨਹੀਂ ਲੈਣਾ ਚਾਹੀਦਾ ਕਿ ਆਪਣਾ ਸੱਭਿਆਚਾਰ ਹੀ ਨਕਾਰਨ ਵਾਲ਼ਾ ਹੈ। ਪਰ ਇਹ ਵੀ ਸੱਚ ਹੈ ਕਿ ਹਰ ਇੱਕ ਸੱਭਿਆਚਾਰ ‘ਚ ਚੰਗਿਆਈਆਂ ਬੁਰਾਈਆਂ ਦੋਨੋਂ ਹੁੰਦੀਆਂ ਹਨ। ਅਸੀਂ ਆਪਣੇ ਬੁਰੇ ਤੇ ਪਿਛਾਂਹ-ਖਿੱਚੂ ਵਿਚਾਰ ਛੱਡ ਕੇ ਨਵੇਂ ਰਾਹ ਚੁਣ ਸਕਦੇ ਹਾਂ। ਦੂਜੇ ਸੱਭਿਆਚਾਰਾਂ ‘ਚੋਂ ਵੀ ਚੰਗੇ ਵਿਚਾਰ ਲਏ ਜਾ ਸਕਦੇ ਹਨ। ਅਸਲ ਵਿੱਚ ਨਵੀਂ ਥਾਂ ਅਤੇ ਨਵੀਆਂ ਤਰੱਕੀਆਂ ਨੂੰ ਕਲ਼ਾਵੇ ‘ਚ ਲੈਂਦਾ ਹੋਇਆ ਨਵਾਂ ਸੱਭਿਆਚਾਰ ਸਿਰਜਣ ਦੀ ਲੋੜ ਹੈ ਜੋ ਸਮੇਂ ਅਤੇ ਸਮਾਜਿਕ ਜ਼ਰੂਰਤਾਂ ਮੁਤਾਬਕ ਬਦਲਦਾ ਰਹੇ ਅਤੇ ਆਪਣੇ ਬੱਚਿਆਂ ਦੀ ਸੁਯੋਗ ਅਗਵਾਈ ਵੀ ਕਰਦਾ ਰਹਿ ਸਕੇ।
ਜਿੱਥੇ ਸਰਬਜੀਤ ਕੌਰ ਅਠਵਾਲ ਅਤੇ ਜੈੱਫ਼ ਹਡਸਨ ਨੇ ਇਸ ਨੂੰ ਇੱਕ ਵਧੀਆ ਕਿਤਾਬ ਦੀ ਸ਼ਕਲ ਦਿੱਤੀ, ਓਥੇ ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਨੇ ਇਸਦਾ ਪੰਜਾਬੀ ਅਨੁਵਾਦ ਵੀ ਬਹੁਤ ਢੁਕਵਾਂ ਕੀਤਾ ਹੈ। ਪੰਜਾਬੀ ਦੇ ਅਨੇਕਾਂ ਲੱਗ-ਭੱਗ ਭੁੱਲੇ ਜਾ ਰਹੇ ਸ਼ਬਦਾਂ ਨੂੰ ਵਰਤ ਕੇ ਇਸ ਉਲਥੇ ਨੂੰ ਹੋਰ ਵੀ ਸਾਰਥਕ ਬਣਾ ਦਿੱਤਾ ਹੈ। ਬੇਸ਼ੱਕ ਮੈਂ ਅੰਗਰੇਜ਼ੀ ਵਾਲ਼ੀ ਕਿਤਾਬ ਨਹੀਂ ਪੜ੍ਹੀ, ਪਰ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਪੰਜਾਬੀ ਮਾਂ-ਬੋਲੀ ਵਾਲ਼ਿਆਂ ਲਈ ਇਸ ਤੋਂ ਢੁਕਵੀਂ ਵਾਰਤਕ ‘ਚ ਅਨੁਵਾਦ ਨਹੀਂ ਹੋ ਸਕਣਾ ਸੀ। ਹਾਂ ਕੁੱਝ ਕੁ ਸ਼ਬਦ-ਜੋੜ ਕੁੱਝ ਹੱਦ ਤੱਕ ਠੀਕ ਵੀ ਕੀਤੇ ਜਾ ਸਕਦੇ ਸਨ। ਮੈਂ ਅਨੁਵਾਦੀ ਦੋਸਤਾਂ ਨੂੰ ਉਨ੍ਹਾਂ ਵੱਲੋਂ ਕੀਤੇ ਚੰਗੇ ਕੰਮ ਲਈ ਵਧਾਈ ਦਿੰਦਾ ਹਾਂ। ਇੱਕ ਗੱਲ ਜੋ ਵਾਰ ਵਾਰ ਇਸ ਵਾਰਤਾ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ ਉਹ ਹੈ ਸਾਡੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਥੋਪੇ ਜਾਂਦੇ ਬੰਦਸ਼ਾਂ ਵਾਲ਼ੇ ਨਿਯਮ।
ਹਾਲਾਂਕਿ ਬਹੁਤੇ ਅਜਿਹੇ ਨਿਯਮਾਂ ਤੇ ਵੱਖੋ-ਵੱਖਰੇ ਧਾਰਮਿਕ ਮਾਹਰ ਵੀ ਇੱਕ ਰਾਏ ਨਹੀਂ ਹੁੰਦੇ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜਾਂ ਅੱਜ ਦੇ ਸਿੱਖਾਂ ਦੇ ਰੋਲ-ਮਾਡਲ ਗੁਰੂ ਗੋਬਿੰਦ ਸਿੰਘ ਭਾਵੇਂ ਕੁੱਝ ਵੀ ਕਹਿੰਦੇ ਸਨ, ਪਰ ਉਨ੍ਹਾਂ ਦੇ ਹੀ ਨਾਵਾਂ ਤੇ ਚੱਲਦੀਆਂ ਇਹ ਸੰਸਥਾਵਾਂ ਉਹੋ ਜਿਹਾ ਕੋਈ ਕੰਮ ਨਹੀਂ ਕਰ ਰਹੀਆਂ। ਇਹ ਸੰਸਥਾਵਾਂ ਪੈਸਾ ਉਨ੍ਹਾਂ ਗੁਰੂਆਂ ਦੇ ਨਾਵਾਂ ਤੋਂ ਹੀ ਬਣਾ ਰਹੀਆਂ ਹਨ, ਪਰ ਉਨ੍ਹਾਂ ਵਾਲ਼ੇ ਕਰਮਾਂ ਦੇ ਨੇੜੇ ਤੇੜੇ ਵੀ ਨਹੀਂ ਹਨ। ਸਰਬਜੀਤ ਵਰਗੀ ਸਹੀ ਦਿਸ਼ਾ ‘ਚ ਕੰਮ ਕਰਨ ਵਾਲ਼ੀ ਨੇਕ ਦਿਲ ਸਿੱਖ ਕੁੜੀ ਨੂੰ ਉਸਦੇ ਚਹੇਤੇ ਸੱਭਿਆਚਾਰੀਆਂ ਨੇ ਹਮੇਸ਼ਾ ਨਕਾਰਿਆ ਅਤੇ ਠੀਕ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਰਹੇ। ਉਸਦੇ ਆਪਣੇ ਸ਼ਬਦਾਂ ‘ਚ ਕਿਤਾਬ ਦੇ ਸਫ਼ਾ 288 ‘ਤੇ ਆਹ ਪੜ੍ਹ ਕੇ ਕੁੱਝ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਬਜੀਤ ਨੂੰ ਕਿਵੇਂ ਝੰਜੋੜਿਆ ਜਾ ਰਿਹਾ ਸੀ ਉਨ੍ਹਾਂ ਦੇ ਗੁਰਦਵਾਰੇ ਦੀ ਹੀ ਧਾਰਮਿਕ ਸੰਗਤ ਵੱਲੋਂ:

ਕੀ ਸਾਡੇ ਧਰਮ ‘ਚ ਸਾਡੀ ਦਿੱਖ ਸਾਡੇ ਕਰਮਾਂ ਤੋਂ ਉੱਪਰ ਹੋ ਗਈ ਹੈ?ਕੀ ਸਾਡਾ ਧਰਮ ਸਾਨੂੰ ਅਖਾਉਤੀ ‘ਇੱਜ਼ਤ’ ਲਈ ਕਤਲ ਕਰਨ ਦੀ ਇਜਾਜ਼ਤ ਦਿੰਦਾ ਹੈ?ਕੀ ਸਾਡੀ ਇੱਜ਼ਤ ਸਿਰਫ਼ ਔਰਤਾਂ ਦੇ ਇੱਕ ਸਾਂਚੇ ‘ਚ ਢਲ਼ ਕੇ ਰਹਿਣ ਨਾਲ਼ ਹੀ ਬਣਦੀ ਹੈ?ਕੀ ਕੁੜੀਆਂ ਘਰ ਦੇ ਕੰਮਾਂ ਤੋਂ ਬਗੈਰ ਹੋਰ ਕੰਮ ਕਰਕੇ ਸਾਡੀ ਇੱਜ਼ਤ ਨਹੀਂ ਵਧਾ ਰਹੀਆਂ?ਕੀ ਕ੍ਰਿਕਟ ਵਾਲ਼ੀ ਹਰਮਨਪ੍ਰੀਤ ਕੌਰ, ਬੈਡਮਿੰਟਨ ਵਾਲ਼ੀ ਕੰਵਲ ਠਾਕੁਰ ਸਿੰਘ, ਫਿਲਮਾਂ ਵਾਲ਼ੀ ਜੂਹੀ ਚਾਵਲਾ, ਕਵਿੱਤਰੀ ਅੰਮ੍ਰਿਤਾ ਪ੍ਰੀਤਮ ਜਾਂ ਹੋਰ ਡਾਕਟਰ, ਪ੍ਰੋਫੈੱਸਰ ਆਦਿ ਅਨੇਕਾਂ ਹੀ ਵਧੀਆ ਕੰਮ ਕਰਦੀਆਂ ਕੁੜੀਆਂ ਸਾਡੇ ਸੱਭਿਆਚਾਰ ਦੀ ਸ਼ਾਨ ਨਹੀਂ ਹਨ?ਫਿਰ ਕਿਉਂ ਅਸੀਂ ਉਹੀ ਦਕਿਆਨੂਸੀ ਮਾਪ-ਦੰਡਾਂ ਨਾਲ਼ ਆਪਣੀ ਇੱਜ਼ਤ ਮਿਣਦੇ ਰਹਿੰਦੇ ਹਾਂ? ਸਾਨੂੰ ਆਪਣੀ ਇਸ ਪਿਛਾਂਹ-ਖਿੱਚੂ ਵਿਚਾਰਧਾਰਾ ਤੋਂ ਅਜ਼ਾਦ ਹੋਣ ਦੀ ਲੋੜ ਹੈ। ਮੈਂ ਨਿੱਜੀ ਤੌਰ ਤੇ ਸਰਬਜੀਤ ਦੇ ਇਸ ਵਿਚਾਰ ਨਾਲ਼ ਵੀ ਸਹਿਮਤ ਹਾਂ ਕਿ ਆਪਣੇ ਬੱਚਿਆਂ ਨੂੰ ਕਿਸੇ ਵੀ ਜ਼ਬਰਦਸਤੀ ਕੀਤੇ ਰਿਸ਼ਤੇ ‘ਚ ਨਹੀਂ ਬੰਨ੍ਹਣਾ ਚਾਹੀਦਾ।
ਸੁਰਜੀਤ ਕੌਰ ਅਠਵਾਲ ਦੇ ਉਸਦੇ ਸਹੁਰਿਆਂ ਵੱਲੋਂ ਕੀਤੇ ਕਤਲ ਅਤੇ ਉਸਦੀ ਘੋਖ-ਪੜਤਾਲ਼ ਨੇ ਜੋ ਵੀ ਸਾਡੇ ਸਾਹਮਣੇ ਚਿਤਰਿਆ ਹੈ ਉਹ ਇੱਕ ਦਿਲ ਹਲਾਉਣ ਵਾਲ਼ਾ ਵਰਤਾਰਾ ਹੈ। ਸਾਨੂੰ ਬੱਚੇ ਪਾਲਣ ਵੇਲ਼ੇ ਬੰਦਸ਼ਾਂ ਲਾਉਣ ਨਾਲ਼ੋਂ ਜ਼ਿਆਦਾ ਉਨ੍ਹਾਂ ਨੂੰ ਸਹੀ ਤੇ ਗ਼ਲਤ ਬਾਰੇ ਸਮਝਾਉਣ ਉੱਤੇ ਜ਼ੋਰ ਲਾਉਣਾ ਚਾਹੀਦਾ ਹੈ। ਇਹੀ ਨਹੀਂ, ਉਨ੍ਹਾਂ ਨੂੰ ਇਨ੍ਹਾਂ ਗੱਲਾਂ ਬਾਰੇ ਲਏ ਗਏ ਫੈਸਲਿਆਂ ‘ਚ ਸ਼ਾਮਲ ਵੀ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਜਾ ਸਕਣ ਅਤੇ ਉਹ ਅਜਿਹੇ ਮਸਲਿਆਂ ਨੂੰ ਆਪਣੇ ਮਸਲੇ ਸਮਝਣ। ਇਸ ਤਰਾਂ ਪਰਿਵਾਰ ‘ਚ ਤਣਾਅ ਘੱਟ ਰਹੇਗਾ ਤੇ ਪਰਿਵਾਰ ਦੇ ਮੈੰਬਰ ਜ਼ਿਆਦਾ ਖੁਸ਼ ਰਹਿ ਸਕਣਗੇ। ਕਿਸੇ ਹੱਦ ਤੱਕ ਨਿੱਜੀ ਅਜ਼ਾਦੀ ਵੀ ਜ਼ਰੂਰੀ ਹੈ ਜੋ ਬੱਚੇ ਨੂੰ ਖੁਦ-ਮੁਖਤਿਆਰੀ ਵੱਲ ਅਤੇ ਆਤਮ-ਵਿਸ਼ਵਾਸ਼ ਵਧਾਉਣ ਲਈ ਕਾਰਗਰ ਹੁੰਦੀ ਹੈ। ਅਸਲ ਵਿੱਚ ਸਾਨੂੰ ਇਸ ਚੀਜ਼ ਨੂੰ ਗੋਰਿਆਂ ਦੇ ਸੱਭਿਆਚਾਰ ਤੋਂ ਸਿੱਖਣ ਦੀ ਲੋੜ ਹੈ।
ਮੇਰਾ ਸੁਨੇਹਾ ਇਹ ਹੈ ਕਿ ਹਰ ਪੰਜਾਬੀ ਨੂੰ ਇਹ ਕਿਤਾਬ ਪੜ੍ਹ ਕੇ ਆਪਣੇ ਆਪ ਦਾ ਮੁਲੰਕਣ ਕਰਨ ਦੀ ਲੋੜ ਹੈ। ਮੈਂ ਸਰਬਜੀਤ ਕੌਰ ਅਠਵਾਲ ਦਾ ਆਪਣੇ ਦੁੱਖ ਤਕਲੀਫ਼ਾਂ ‘ਚੋਂ ਨਿੱਕਲ਼ ਕੇ ਅਜਿਹੇ ਅਹਿਸਾਸਾਂ ਦੀ ਪੰਡ ਨੂੰ ਇੱਕ ਸਮਝਣਯੋਗ ਲੜੀ ‘ਚ ਪ੍ਰੋ ਕੇ ਸਾਡੇ ਸਾਹਮਣੇ ਲਿਆਉਣ ਲਈ ਧੰਨਵਾਦ ਕਰਦਾ ਹਾਂ। ਇਸ ਕੰਮ ‘ਚ ਉਸਦੀ ਜੈੱਫ਼ ਹਡਸਨ ਵੱਲੋਂ ਕੀਤੀ ਸਹਾਇਤਾ ਅਤੇ ਪੰਜਾਬੀ ‘ਚ ਅਨੁਵਾਦ ਕਰਨ ਵਾਲ਼ਿਆਂ ਵੀਰਾਂ ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਦਾ ਵੀ ਧੰਨਵਾਦ ਕਰਨਾ ਬਣਦਾ ਹੈ ਜਿਨ੍ਹਾਂ ਦੀ ਮਿਹਨਤ ਨੇ ਪੰਜਾਬੀ ਔਰਤਾਂ ਦੀ ਜ਼ਿੰਦਗੀ ਦੇ ਇਸ ਦੁਖਦ ਹਿੱਸੇ ਨੂੰ ਸਾਡੇ ਸਾਹਮਣੇ ਰੱਖਿਆ ਹੈ।
[email protected], [email protected]

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …