Breaking News
Home / ਪੰਜਾਬ / ਪਿੰਡ ਮਰੜ ਦੇ ਗੁਰਦੁਆਰਾ ‘ਚ ਬੀੜ ਸਾਹਿਬ ਦੇ ਅੰਗ ਫਟੇ ਮਿਲੇ

ਪਿੰਡ ਮਰੜ ਦੇ ਗੁਰਦੁਆਰਾ ‘ਚ ਬੀੜ ਸਾਹਿਬ ਦੇ ਅੰਗ ਫਟੇ ਮਿਲੇ

7ਪਿੰਡ ਵਾਸੀਆਂ ‘ਚ ਰੋਸ, ਵਿਧਾਇਕ ਬਾਜਵਾ ਨੇ ਦੋਸ਼ੀਆਂ ਨੂੰ ਫੜਨ ਦੀ ਦਿੱਤੀ ਚਿਤਾਵਨੀ
ਬਟਾਲਾ : ਅੰਮ੍ਰਿਤਸਰ-ਪਠਾਨਕੋਟ ਹਾਈਵੇ ‘ਤੇ ਪਿੰਡ ਮਰੜ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਟੇ ਹੋਏ ਮਿਲਣ ਨਾਲ ਪਿੰਡ ਵਾਸੀਆਂ ਵਿਚ ਰੋਸ ਫੈਲ ਗਿਆ। ਕਿਸੇ ਮੰਦੀ ਘਟਨਾ ਮਿਲਣ ਤੋਂ ਨਿਪਟਣ ਲਈ ਪ੍ਰਸ਼ਾਸਨ ਨੇ ਪਿੰਡ ਵਿਚ ਪੁਲਿਸ ਤਾਇਨਾਤ ਕਰ ਦਿੱਤੀ। ਸੂਚਨਾ ਮਿਲਣ ‘ਤੇ ਐੱਸਐੱਸਪੀ ਦਿਲਜਿੰਦਰ ਸਿੰਘ ਢਿੱਲੋਂ, ਐੱਸਪੀ ਦਿਲਬਾਗ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਪਿੰਡ ਪੁੱਜੇ।ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਲਗਭਗ 10 ਵਜੇ ਗੁਰਦੁਆਰਾ ਸਾਹਿਬ ਵਿਚ ਪਾਠ ਲਈ ਆਈਆਂ ਔਰਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਫਟੇ ਹੋਏ ਦੇਖ ਕੇ ਪਿੰਡ ਦੇ ਸਰਪੰਚ ਐਡਵੋਕੇਟ ਰਾਜਿੰਦਰ ਸਿੰਘ ਨੂੰ ਸੂਚਿਤ ਕੀਤਾ। ਪੰਨਾ ਸੰਖਿਆ 9 ਤੋਂ 28 ਤਕ ਅੰਸ਼ਿਕ ਰੂਪ ਨਾਲ ਫਟੇ ਹੋਏ ਸਨ, ਪਰ ਬੀੜ ਸਾਹਿਬ ਤੋਂ ਵੱਖ ਨਹੀਂ ਸਨ। ਸਰਪੰਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਮਨਜੀਤ ਸਿੰਘ ਪਿਛਲੇ ਕਈ ਵਰ੍ਹਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆ ਰਹੇ ਹਨ। ਐਤਵਾਰ ਸਵੇਰੇ 6 ਵਜੇ ਗ੍ਰੰਥੀ ਮਨਜੀਤ ਸਿੰਘ ਨੇ ਭੋਗ ਪਾਇਆ ਸੀ ਤੇ ਲਗਪਗ 8 ਵਜੇ ਗ੍ਰੰਥੀ ਮਨਜੀਤ ਸਿੰਘ ਪਿੰਡ ਵਿਚ ਹੀ ਕਿਸੇ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਲਈ ਮਹਾਰਾਜ ਦੀ ਸਵਾਰੀ ਲੈ ਕੇ ਚਲਾ ਗਿਆ। ਉਸ ਮਗਰੋਂ ਪਿੰਡ ਦੀਆਂ ਕੁਝ ਔਰਤਾਂ, ਜੋ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਆਉਂਦੀਆਂ ਹਨ, ਨੇ ਪਾਠ ਮਗਰੋਂ ਵਾਕ ਲੈਣ ਲਈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਲਟੇ ਤਾਂ 20 ਪੰਨੇ ਫਟੇ ਹੋਏ ਸਨ। ਸਰਪੰਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕਦੇ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ ਤੇ ਨਾ ਹੀ ਪਿੰਡ ਦਾ ਕੋਈ ਆਦਮੀ ਅਜਿਹੀ ਹਰਕਤ ਕਰ ਸਕਦਾ ਹੈ। ਇਸ ਵਿਚ ਕਿਸੇ ਦੀ ਸ਼ਰਾਰਤ ਹੋ ਸਕਦੀ ਹੈ। ਮੌਕੇ ‘ਤੇ ਪੁੱਜੇ ਇਲਾਕੇ ਦੇ ਕਾਂਗਰਸੀ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਮਾਲਵਾ ਵਿਚ ਅਜਿਹੀਆਂ ਘਟਨਾਵਾਂ ਹੋਈਆਂ ਸਨ ਹੁਣ ਮਾਝੇ ਵਿਚ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਾਜਿਸ਼ ਕਰਨ ਵਾਲਿਆਂ ਨੂੰ ਬੇਨਕਾਬ ਕੀਤਾ ਜਾਵੇ। ਜੇਕਰ ਇਕ ਹਫ਼ਤੇ ਵਿਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਜੀਟੀ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ। ਐੱਸਐੱਸਪੀ ਦਿਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਤੇ ਐੱਸਪੀ (ਐੱਚ) ਦਿਲਬਾਗ ਸਿੰਘ ਨੂੰ ਜਾਂਚ ਸੌਂਪੀ ਗਈ ਹੈ।
ਰਾਜਸਥਾਨ ਦੇ ਅਲਵਰ ‘ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ
ਸ੍ਰੀ ਗੰਗਾਨਗਰ : ਪੰਜਾਬ ਵਿਚ ਜਿੱਥੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੁਕ ਨਹੀ ਰਹੀਆਂ, ਉਥੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਘਟਨਾ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਤਹਿਸੀਲ ਦੇ ਝਨਾਖੇੜੀ ਪਿੰਡ ਵਿਚ ਵਾਪਰੀ ਹੈ। ਇਸ ਮਾਮਲੇ ਵਿਚ ਪਿੰਡ ਦੇ ਹੀ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਆਰੰਭ ਕੀਤੀ ਹੈ।
ਕੁਰਾਨ ਦੀ ਬੇਅਦਬੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
ਸੰਗਰੂਰ : ਪਿੰਡ ਮਹਿਲਾਂ ਵਿੱਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਨ ਵਾਲਾ ਪਿੰਡ ਦੀ ਮਸਜਿਦ ਦੇ ਮੌਲਵੀ ਦਾ ਸਾਲਾ ਹੈ ਜਿਸ ਨੇ ਆਪਣੀ ਭੈਣ ਅਤੇ ਜੀਜੇ ਤੋਂ ਬਦਲਾ ਲੈਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
ਕੁਰਾਨ ਸ਼ਰੀਫ਼ ਦੇ ਪੱਤਰੇ ਪਾੜ ਕੇ ਮਸਜਿਦ ਕੰਪਲੈਕਸ ਵਿੱਚ ਬਣੇ ਬਾਥਰੂਮ ਅਤੇ ਮਸਜਿਦ ਦੀ ਛੱਤ ਉੱਪਰ ਸੁੱਟੇ ਮਿਲੇ ਸਨ। ਜਾਂਚ ਦੌਰਾਨ ਪੁਲਿਸ ਚੌਂਕੀ ਮਹਿਲਾਂ ਦੇ ਇੰਚਾਰਜ ਕਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮਹਿਲਾਂ ਚੌਕ ਨੇੜੇ ਮੱਲ੍ਹੀ ਢਾਬੇ ਤੋਂ ਇੱਕ 26 ਸਾਲਾ ਵਿਅਕਤੀ ਇਸਰਾਰ ਮੁਹੰਮਦ ਵਾਸੀ ਪਿੰਡ ਪਹਾੜਪੁਰ, ਥਾਣਾ ਨਾਗਲ, ਜ਼ਿਲ੍ਹਾ ਸਹਾਰਨਪੁਰ, ਉੱਤਰ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕੀਤਾ ਹੈ। ਆਈਜੀ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਇਸਰਾਰ ਮੁਹੰਮਦ ਪਿੰਡ ਮਹਿਲਾਂ ਦੀ ਮਸਜਿਦ ਦੇ ਮੌਲਵੀ ਮੁਹੰਮਦ ਮੁਸਤਫ਼ਾ ਦਾ ਸਾਲਾ ਹੈ। ਕਰੀਬ ਤਿੰਨ-ਚਾਰ ਮਹੀਨੇ ਪਹਿਲਾਂ ਇਸਰਾਰ ਮੁਹੰਮਦ ਨੂੰ ਉਸ ਦੀ ਭੈਣ ਅਤੇ ਜੀਜੇ ਨੇ ਕੁੱਟਮਾਰ ਕੇ ਮਸਜਿਦ ਵਿੱਚੋਂ ਭਜਾ ਦਿੱਤਾ ਸੀ। ਇਸੇ ਰੰਜਿਸ਼ ਕਾਰਨ ਹੀ ਮੁਹੰਮਦ ਇਸਰਾਰ ਨੇ ਆਪਣੀ ਭੈਣ ਅਤੇ ਜੀਜੇ ਪਾਸੋਂ ਬਦਲਾ ਲੈਣ ਖਾਤਰ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਨ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …