ਚੰਡੀਗੜ੍ਹ/ਬਿਊਰੋ ਨਿਊਜ਼ : ਵਰਣਿਕਾ ਕੁੰਡੂ ਛੇੜਛਾੜ ਤੇ ਅਗਵਾ ਕਰਨ ਦੀ ਕੋਸ਼ਿਸ਼ ਮਾਮਲੇ ਦਾ ਮੁਲਜ਼ਮ ਵਿਕਾਸ ਬਰਾਲਾ ਬੁੜੈਲ ਮਾਡਲ ਜੇਲ੍ਹ ਵਿੱਚੋਂ ਜ਼ਮਾਨਤ ਉੱਤੇ ਰਿਹਾਅ ਹੋ ਗਿਆ ਹੈ। ਹਰਿਆਣਾ ਭਾਜਪਾ ਪ੍ਰਧਾਨ ਦੇ ਪੁੱਤਰ ਵਿਕਾਸ ਬਰਾਲਾ ਨੂੰ 9 ਅਗਸਤ 2017 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮੌਕੇ ਉਸਨੇ ਮੀਡੀਆ ਦੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਏਨਾ ਹੀ ਕਿਹਾ ਕਿ ਮਾਮਲਾ ਅਦਾਲਤ ਵਿਚ ਹੈ ਤੇ ਉਹ ਕੁੱਝ ਨਹੀ ਕਹੇਗਾ। ਇਸ ਮੌਕੇ ਪੁੱਜੇ ਹੋਏ ਉਸਦੇ ਪਰਿਵਾਰਕ ਮੈਂਬਰ ਉਸ ਨੂੰ ਜਲਦੀ ਨਾਲ ਕਾਰ ਵਿੱਚ ਬੈਠਾ ਕੇ ਲੈ ਗਏ।
ਉਹ ਆਪਣੇ ਪਿਤਾ ਦੀ ਸਰਕਾਰੀ ਰਿਹਾਹਿਸ਼ ਸੈਕਟਰ ਸੱਤ ਉੱਤੇ ਨਹੀ ਗਿਆ ਤੇ ਉਸਦੇ ਟਿਕਾਣੇ ਬਾਰੇ ਵੀ ਕੋਈ ਜਾਣਕਾਰੀ ਨਹੀ ਦਿੱਤੀ ਗਈ। ਸਿਰਫ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਉਸ ਨੂੰ ਬੇਕਸੂਰ ਦੱਸਿਆ ਗਿਆ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਇਸ ਮਾਮਲੇ ਦੇ ਸਹਿ ਮੁਲਜ਼ਮ ਅਸ਼ੀਸ਼ ਕੁਮਾਰ ਨੇ ਵੀ ਜ਼ਮਾਨਤ ਲਈ ਅਰਜ਼ੀ ਲਾ ਦਿੱਤੀ ਹੈ।