Breaking News
Home / ਪੰਜਾਬ / ਸਵਰਨਜੀਤ ਸਵੀ ਦੇ ਕਾਵਿ ਸੰਗ੍ਰਹਿ ‘ਮਨ ਦੀ ਚਿਪ’ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ

ਸਵਰਨਜੀਤ ਸਵੀ ਦੇ ਕਾਵਿ ਸੰਗ੍ਰਹਿ ‘ਮਨ ਦੀ ਚਿਪ’ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ

ਅਕਾਦਮੀ ਵੱਲੋਂ 24 ਭਾਸ਼ਾਵਾਂ ਦੇ ਲੇਖਕਾਂ ਨੂੰ ਪੁਰਸਕਾਰ ਦੇਣ ਦਾ ਐਲਾਨ; ਅਗਲੇ ਸਾਲ 12 ਮਾਰਚ ਨੂੰ ਦਿੱਤੇ ਜਾਣਗੇ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸਾਹਿਤ ਅਕਾਦਮੀ ਵੱਲੋਂ ਸਾਲ 2023 ਦੇ ਸਾਹਿਤਕ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪੁਰਸਕਾਰ ਅਗਲੇ ਸਾਲ 2024 ਵਿਚ 12 ਮਾਰਚ ਨੂੰ ਅਕਾਦਮੀ ਦੀ 70ਵੀਂ ਵਰ੍ਹੇਗੰਢ ਮੌਕੇ ਦਿੱਲੀ ਦੇ ਕਮਾਨੀ ਆਡੀਟੋਰੀਅਮ ਵਿਖੇ ਦਿੱਤੇ ਜਾਣਗੇ ਜਿਸ ਵਿੱਚ ਇੱਕ ਲੱਖ ਰੁਪਏ, ਸ਼ਾਲ ਤੇ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ। ਪੰਜਾਬੀ ਵਿੱਚ ਇਸ ਸਾਲ ਦਾ ਸਨਮਾਨ ਲੁਧਿਆਣਾ ਦੇ ਸਵਰਨਜੀਤ ਸਵੀ ਦੇ ਕਾਵਿ ਸੰਗ੍ਰਹਿ ‘ਮਨ ਦੀ ਚਿਪ’ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਅਕਾਦਮੀ ਦੇ ਮੁਖੀ ਮਾਧਵ ਕੌਸ਼ਿਕ ਦੀ ਅਗਵਾਈ ਹੇਠ ਕਾਰਜਕਾਰਨੀ ਮੰਡਲ ਦੀ ਬੈਠਕ ਵਿੱਚ 24 ਭਾਸ਼ਾਵਾਂ ਦੇ ਲੇਖਕਾਂ ਨੂੰ ਇਨਾਮ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ‘ਚ ਅਸਾਮੀ ਭਾਸ਼ਾ ਵਿੱਚ ਡਾ. ਪ੍ਰਣਵਜਿਓਤੀ ਡੇਕਾ ਦੇ ‘ਸ਼੍ਰੇਸ਼ਣ ਗਲਪ’, ਹਿੰਦੀ ‘ਚ ਸੰਜੀਵ ਦੇ ਨਾਵਲ ‘ਮੁਝੇ ਪਹਿਚਾਨੋ’, ਅੰਗਰੇਜ਼ੀ ‘ਚ ਨੀਲਮ ਸ਼ਰਨ ਗੌਰ ਦੇ ਨਾਵਲ ‘ਰੇਕਿਊਮ ਇਨ ਰਾਗਾ ਜਾਨਕੀ’, ਡੋਗਰੀ ‘ਚ ਵਿਜੈ ਵਰਮਾ ਦੀ ਕਵਿਤਾ-ਗ਼ਜ਼ਲ ਦੀ ਕਿਤਾਬ ‘ਦਊਂ ਸਦੀਆਂ ਇਕ ਸੀਰ’, ਕਸ਼ਮੀਰੀ ‘ਚ ਮਨਸ਼ੂਰ ਬਨਿਹਾਲੀ ਦੇ ਕਾਵਿ-ਸੰਗ੍ਰਹਿ ‘ਯੇਥ ਵਾਵੇਹ ਹੇਲੇ ਸਾਂਗ ਕੋਸ ਜੇਲੇ’, ਰਾਜਸਥਾਨੀ ‘ਚ ਗਜੇ ਸਿੰਘ ਰਾਜਪ੍ਰੋਹਿਤ ਦੀ ਕਵਿਤਾ ਦੀ ਕਿਤਾਬ ‘ਪਲਕਤੀ ਪ੍ਰੀਤ’ ਤੇ ਉਰਦੂ ‘ਚ ਸਾਦਿਆ ਨਵਾਬ ਸਹਿਰ ਦੇ ਨਾਵਲ ‘ਰਾਜਦੇਵ ਕੀ ਅਮਰਾਈ’ ਸ਼ਾਮਲ ਹਨ।
ਅਕਾਦਮੀ ਵਿਖੇ ਪ੍ਰੈੱਸ ਕਾਨਫਰੰਸ ‘ਚ ਮਾਧਵ ਕੌਸ਼ਿਕ ਅਤੇ ਸਕੱਤਰ ਕੇ. ਸ੍ਰੀਨਿਵਾਸਰਾਓ ਨੇ ਕਿਹਾ ਕਿ ਹਰ ਭਾਸ਼ਾ ਲਈ ਜਿਊਰੀ ਬਣਾਈ ਗਈ ਸੀ ਅਤੇ ਪਾਰਦਰਸ਼ੀ ਤਰੀਕੇ ਨਾਲ ਇਨਾਮਾਂ ਲਈ ਕਿਤਾਬਾਂ ਦੀ ਚੋਣ ਕੀਤੀ ਗਈ ਹੈ। ਪੰਜਾਬੀ ਇਨਾਮ ਦੀ ਚੋਣ ਲਈ ਜਿਊਰੀ ‘ਚ ਗੁਰਮੀਤ ਕੜਿਆਲਵੀ, ਡਾ. ਜਗਬੀਰ ਸਿੰਘ ਅਤੇ ਕਿਰਪਾਲ ਕਜ਼ਾਕ ਸ਼ਾਮਲ ਸਨ। ਇਸ ਵਾਰ ਇੱਕ ਆਲੋਚਨਾ ਦੀ ਕਿਤਾਬ, 9 ਕਾਵਿ-ਸੰਗ੍ਰਹਿ, 6 ਨਾਵਲ, 5 ਕਹਾਣੀ ਸੰਗ੍ਰਹਿ, 3 ਨਿਬੰਧ ਦੀਆਂ ਕਿਤਾਬਾਂ ਇਨਾਮਾਂ ਦੇ ਯੋਗ ਪਾਈਆਂ ਗਈਆਂ।
ਬਹੁਪੱਖੀ ਸ਼ਖਸੀਅਤ ਦਾ ਮਾਲਕ ਹੈ ਸਵਰਨਜੀਤ ਸਵੀ
ਨਵੀਂ ਦਿੱਲੀ: ਅੰਗਰੇਜ਼ੀ ਅਤੇ ਫਾਈਨ ਆਰਟਸ ਵਿੱਚ ਪੋਸਟ ਗ੍ਰੈਜੂਏਟ ਸਵਰਨਜੀਤ ਸਵੀ (20 ਅਕਤੂਬਰ, 1958) ਇੱਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ। ਉਨ੍ਹਾਂ ਵਿਚ ਇੱਕ ਕਵੀ, ਚਿੱਤਰਕਾਰ, ਮੂਰਤੀਕਾਰ, ਫੋਟੋਗ੍ਰਾਫਰ ਅਤੇ ਪ੍ਰਕਾਸ਼ਕ ਸਮਾਇਆ ਹੋਇਆ ਹੈ। ਸਵਰਨਜੀਤ ਸਵੀ ਦੀਆਂ 16 ਕਾਵਿ-ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਪੁਸਤਕਾਂ ‘ਚ ‘ਡਿਜ਼ਾਇਰ’, ‘ਦਿ ਕੁਐਸਟ’, ‘ਲੀਲਾ’, ‘ਨੀ ਧਰਤੀਏ’ ਅਤੇ ‘ਉਦਾਸੀਆਂ ਬਾਬੇ ਨਾਨਕ ਦੀਆਂ’ ਪ੍ਰਮੁੱਖ ਹਨ। ਕੁਦਰਤੀ ਰੰਗਾਂ ਦੇ ਮਿਸ਼ਰਣ ਵਿਚ ਉਸ ਦੀਆਂ ਪੇਂਟਿੰਗਾਂ ਦੀਆਂ ਲੜੀਆਂ ਵੀ ਹਨ। ‘ਦਿ ਸਪੀਕਿੰਗ ਟ੍ਰੀ’ ਅਤੇ ‘ਦਿ ਡਾਂਸਿੰਗ ਲਾਈਨਜ਼’ ਉਸ ਦੀਆਂ ਫੋਟੋਗ੍ਰਾਫੀ ਪ੍ਰਦਰਸ਼ਨੀਆਂ ਹਨ।

 

 

Check Also

ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਦੱਸਿਆ ਵਧੀਆ

ਕਿਹਾ : ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਏ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ …