ਕੈਲਗਰੀ/ਜ਼ੋਰਾਵਰ ਸਿੰਘ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਮੀਟਿੰਗ ਪ੍ਰਧਾਨ ਦਵਿੰਦਰ ਮਨਹਾਸ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਕੁਝ ਸ਼ੇਅਰ ਸੁਣਾ ਕੇ ਸਭ ਨੂੰ ਜੀ ਆਇਆਂ ਨੂੰ ਆਖਿਆ ਤੇ ਮੀਟਿੰਗ ਦਾ ਵੇਰਵਾ ਦੇਣ ਤੋਂ ਪਹਿਲਾਂ ਸਦਾ ਲਈ ਵਿਛੜ ਚੁੱਕੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜਿਨ੍ਹਾਂ ਵਿੱਚ ਅੱਧੀ ਸਦੀ ਤੋ ਵੀ ਵੱਧ ਭਾਰਤ ਦੀਆਂ ਅਣਗਣਿਤ ਭਾਸ਼ਾਵਾਂ ਵਿਚ ਗਾਉਣ ਵਾਲੀ ਗਾਇਕਾ ਲਤਾ ਮੰਗੇਸ਼ਕਰ ਦਾ ਜ਼ਿਕਰ ਕੀਤਾ। ਜਿਨ੍ਹਾਂ ਦੇ ਗੀਤ ਰਹਿੰਦੀ ਦੁਨੀਆਂ ਤੱਕ ਸੁਣੇ ਜਾਣਗੇ। ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਬਾਪੂ ਦੇਵ ਥਰੀਕਿਆਂ ਵਾਲੇ ਜਿਨ੍ਹਾਂ ਲੋਕ ਗਾਥਾਵਾਂ, ਲੋਕ ਤੱਥ, ਕਿੱਸੇ, ਕਲੀਆਂ ਅਤੇ ਅਣਗਿਣਤ ਕਿਤਾਬਾਂ ਪੰਜਾਬੀ ਸਾਹਿਤ ਨਾਲ ਜੁੜੇ ਪਾਠਕਾਂ ਦੀ ਝੋਲੀ ਪਾਈਆਂ। ਵਿਛੜ ਚੁੱਕੀਆਂ ਰੂਹਾਂ ਨੂੰ ਸ਼ਰਧਾ ਦੇ ਅਕੀਦੇ ਭੇਂਟ ਕੀਤੇ ਗਏ। ਕੁਝ ਸਮਾਜਿਕ ਘਟਨਾਵਾਂ ਦੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਜਿਨ੍ਹਾਂ ਵਿੱਚ ਪਿਛਲੇ ਦਿਨੀਂ ਦਿੱਲੀ ਵਿੱਚ ਵਾਪਰੀ ਇੱਕ ਵੀਹ ਸਾਲਾ ਸ਼ਾਦੀਸ਼ੁਦਾ ਔਰਤ ਨਾਲ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ। ਫਰਵਰੀ ਮਹੀਨੇ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਤੇ ਤਿਉਹਾਰਾਂ ਦਾ ਵੀ ਵਰਨਣ ਕੀਤਾ ਗਿਆ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਹਰਿਮੰਦਰ ਚੁੱਘ ਨੇ ਉਨੀ ਸੌ ਛਿਆਲੀ ਦੇ ਇੱਕ ਪੁਰਾਣੇ ਗੀਤ ‘ਰਾਵੀ ਦੀਆਂ ਛੱਲਾਂ’ ਨਾਲ ਤਰੰਨਮ ਵਿੱਚ ਗਾ ਕੇ ਕੀਤੀ। ਸਕੱਤਰ ਮੰਗਲ ਚੱਠਾ ਨੇ ਭਖਦੇ ਮੱਸਲੇ ਉੱਤੇ ਆਪਣੀ ਰਚਨਾ ‘ਇੱਥੇ ਮਸਲਾ ਤੇਲ ਦਾ ਉੱਥੇ ਝਗੜਾ ਪਾਣੀਆਂ ਦਾ’ ਸੁਣਾਈ। ਬਚਨ ਸਿੰਘ ਗੁਰਮ ਨੇ ਭਾਵਪੁਰਵ ਕਵਿਤਾ ‘ਬਹੁਪੱਖੀ ਹੋਂਦ’, ਸਰਬਜੀਤ ਉੱਪਲ ਨੇ ਸੰਜੀਦਾ ਗ਼ਜ਼ਲ ‘ਸ਼ਹਿਰ’, ਮਨਮੋਹਨ ਸਿੰਘ ਬਾਠ ਨੇ ਲਤਾ ਮੰਗੇਸ਼ਕਰ ਨੂੰ ਸਮਰਪਿਤ ‘ਉਸ ਪੰਛੀ ਨਾਲ’, ਸੁਜਾਨ ਸਿੰਘ ਸੁਜਾਨ ਨੇ ਬਹੁਤ ਹੀ ਖਾਸ ਤੇ ਉਤੱਮ ਰਚਨਾ ‘ਡੰਗ ਲਈ ਬੀਨ ਬਜਾਏ’ ਸੁਰ ਵਿੱਚ ਗਾ ਕੇ ਸਭ ਦਾ ਮਨ ਮੋਹ ਲਿਆ।
ਮਹਿੰਦਰਪਾਲ ਐਸ ਪਾਲ ਨੇ ਸਮੇਂ ਨੂੰ ਬਿਆਨ ਕਰਦੀ ਖੂਬਸੂਰਤ ਗਜ਼ਲ, ਗੁਰਦੀਸ਼ ਕੌਰ ਗਰੇਵਾਲ ਨੇ ਵੈਲੇਨਟਾਈਨਜ਼ ਡੇਅ ਤਿਓਹਾਰ ਨੂੰ ਮੁੱਖ ਰੱਖਦਿਆਂ ‘ਹਰ ਦਿਨ ਸੁੱਚੇ ਪਿਆਰਿਆਂ ਦਾ’ ਸਾਰੇ ਰਿਸ਼ਤਿਆਂ ਨੂੰ ਸਮਰਪਿਤ ਕੀਤੀ। ਇਸ ਮੌਕੇ ਸੁਖਜੀਤ ਸੈਣੀ, ਸੁਖਵਿੰਦਰ ਤੂਰ, ਬਲਵੀਰ ਗੋਰਾ, ਬਲਜਿੰਦਰ ਸੰਘਾ, ਦਵਿੰਦਰ ਮਲਹਾਂਸ, ਗੁਰਲਾਲ ਰੁਪਾਲ਼ੋਂ, ਹਰੀਪਾਲ ਤੇ ਪਰਮਿੰਦਰ ਰਮਨ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਰਣਜੀਤ ਸਿੰਘ, ਨਰਿੰਦਰ ਸਿੱਧੂ ਤੇ ਪਵਨਦੀਪ ਬਾਂਸਲ ਵੀ ਹਾਜ਼ਰ ਸਨ। ਅਖੀਰ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਸਭ ਬੁੱਧੀਜੀਵੀਆਂ ਨੂੰ ਇਸ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ ਤੇ ਫਿਰ ਮਿਲਣ ਦੀ ਅਪੀਲ ਕੀਤੀ। ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਨਹਾਸ ਨੂੰ 403 993 2201 ਤੇ ਜ਼ੋਰਾਵਰ ਬਾਂਸਲ ਨੂੰ 587 437 7805 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ।
‘ਉੱਚਾ ਬੁਰਜ਼ ਲਹੌਰ ਦਾ’਼ ਨਾਲ ਦੇਵ ਥਰੀਕੇ ਵਾਲੇ ਨੂੰ ਸ਼ਰਧਾਂਜ਼ਲੀ
ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਆਪਣੀ ਕਲਮ ਰਾਹੀਂ ਕੋਈ ਸਾਢੇ ਤਿੰਨ ਦਹਾਕੇ ਤੋਂ ਵੀ ਵਧੇਰੇ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਬਾਬਾ ਬੋਹੜ ਗੀਤਕਾਰ ਬਾਪੂ ਦੇਵ ਥਰੀਕੇ ਵਾਲੇ (ਹਰਦੇਵ ਦਿਲਗੀਰ) ਦੀ ਮੌਤ ਤੋਂ ਬਾਅਦ ਜਿੱਥੇ ਉਹਨਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਪਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਵੱਲੋਂ ਅੱਜ ਤੋਂ ਕੋਈ 36 ਸਾਲ ਪਹਿਲਾਂ ਬਾਪੂ ਦੇਵ ਥਰੀਕਿਆਂ ਵਾਲਿਆਂ ਦੀ ਲਿਖੀ ਕਲੀ ઑ’ਉੱਚਾ ਬੁਰਜ਼ ਲਹੌਰ ਦਾ’਼ ਜੋ ਕਿ ਬੇਹੱਦ ਮਕਬੂਲ ਹੋਈ ਸੀ ਹੁਣ ਸਰਿੰਦਰ ਛਿੰਦਾ ਦੇ ਹੋਣਹਾਰ ਸਪੁੱਤਰ ਨੌਜਵਾਨ ਗਾਇਕ ਮਨਿੰਦਰ ਛਿੰਦਾ ਉਰਫ ਮਨੀ ਨੇ ਆਪਣੇ ਪਿਤਾ ਦੀ ਅਗਵਾਈ ਹੇਠ ਉਹੀ ਕਲੀ ਆਪਣੀ ਬੁਲੰਦ ਅਤੇ ਮਿੱਠੀ ਆਵਾਜ਼ ਵਿੱਚ ਗਾ ਕੇ ਸਵਰਗੀ ਗੀਤਕਾਰ ਬਾਪੂ ਦੇਵ ਥਰੀਕਿਆਂ ਵਾਲੇ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਹੈ। ਜਿਸ ਬਾਰੇ ਟੈਲੀਫੋਨ ‘ਤੇ ਗੱਲ ਕਰਦਿਆਂ ਮਨਿੰਦਰ ਛਿੰਦਾ ਨੇ ਦੱਸਿਆ ਕਿ ਛਿੰਦਾ ਰਿਕਾਰਡਜ ਦੀ ਪੇਸ਼ਕਸ਼ ਇਸ ਕਲੀ ਨੂੰ ਸੰਗੀਤਕਾਰ ਹਾਰਟ ਹੈਕਰ ਨੇ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ ਜਦੋਂ ਕਿ ਡਿਜ਼ਇਨ ਟਰੈਂਡੀ ਮੀਡੀਆ ਵੱਲੋਂ ਤਿਆਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਆਵਾਜ਼ ਵਿੱਚ ਰਿਕਾਰਡ ਇਹ ਕਲੀ ਉਦੋਂ ਬੇਹੱਦ ਮਕਬੂਲ ਹੋਈ ਸੀ ਜਿਸ ਬਾਰੇ ਮਨਿੰਦਰ ਛਿੰਦਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਹੁਣ ਵੀ ਪੰਜਾਬੀ ਸੰਗੀਤ ਪ੍ਰੇਮੀ ਇਸ ਕਲੀ ਦੇ ਨਵੇਂ ਰੂਪ ਅਤੇ ਨਵੀਂ ਆਵਾਜ਼ ਨੂੰ ਵੀ ਭਰਵਾਂ ਹੁੰਗਾਰਾ ਦੇਣਗੇ।