ਬੀਸੀ : ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀ) ਚਰਨਪਾਲ ਗਿੱਲ ਹੋਰਾਂ ਦੀ ਫਰਵਰੀ 2 ਨੂੰ ਹੋਈ ਮੌਤ ‘ਤੇ ਅਫਸੋਸ ਜ਼ਾਹਿਰ ਕਰਦੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ। ਚਰਨਪਾਲ ਗਿੱਲ ਸਾਡੇ ਭਾਈਚਾਰੇ ਦੀ ਬਹੁਤ ਹੀ ਸ਼ਾਨਦਾਰ ਸ਼ਖਸੀਅਤ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਜ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਸ਼ਾਂ ਵਿੱਚ ਬਿਤਾਇਆ। ਸੱਤਰਵਿਆਂ ਦੇ ਸ਼ੁਰੂ ਵਿਚ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਓਰਗੇਨਾਈਜ਼ੇਸ਼ਨ ਟੂ ਫਾਈਟ ਰੇਸਿਜ਼ਮ (ਬੀ ਸੀ ਓ ਐਫ ਆਰ) ਨਾਂ ਦੀ ਜਥੇਬੰਦੀ ਦੇ ਆਗੂ ਵਜੋਂ ਨਸਲਵਾਦ ਵਿਰੁੱਧ ਲੜਾਈ ਲੜੀ। ਬੀ ਸੀ ਦੇ ਖੇਤ ਮਜ਼ਦੂਰਾਂ ਦੇ ਹੱਕਾਂ ਵਾਸਤੇ ਲੰਮਾ ਸੰਘਰਸ਼ ਕੀਤਾ ਅਤੇ ਕੈਨੇਡਾ ਭਰ ਦੇ ਖੇਤ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਖੇਤ ਮਜ਼ਦੂਰ ਯੂਨੀਅਨ (ਕੈਨੇਡੀਅਨ ਫਾਰਮ ਵਰਕਰਜ਼ ਯੂਨੀਅਨ – ਸੀ ਐਫ ਯੂ) ਸਥਾਪਤ ਕੀਤੀ। ਉਨ੍ਹਾਂ ਵਲੋਂ 1987 ਵਿਚ ਸ਼ੁਰੂ ਕੀਤੀ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਜ਼ ਸੁਸਾਇਟੀ (ਪਿਕਸ) ਨਾਂ ਦੀ ਜਥੇਬੰਦੀ ਰਾਹੀਂ ਉਨ੍ਹਾਂ ਨੇ ਭਾਈਚਾਰੇ ਦੇ ਨੌਜਵਾਨਾਂ, ਔਰਤਾਂ ਤੇ ਸਿਆਣੀ ਉਮਰ ਦੇ ਬਜ਼ੁਰਗਾਂ ਦੀ ਸਹਾਇਤਾ ਵਾਸਤੇ ਅਨੇਕਾਂ ਪ੍ਰੋਗਰਾਮ ਚਲਾਏ। ਉਨ੍ਹਾਂ ਵਲੋਂ ਇਸ ਜਥੇਬੰਦੀ ਰਾਹੀਂ ਸਾਊਥ ਏਸ਼ੀਅਨ ਭਾਈਚਾਰੇ ਦੇ ਬਜ਼ੁਰਗਾਂ ਵਾਸਤੇ ਰਹਿਣ ਲਈ ਸਥਾਪਤ ਕੀਤੇ ਸਥਾਨ ਆਪਣੇ ਆਪ ਵਿਚ ਵਿਲੱਖਣ ਯੋਗਦਾਨ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਸਭ ਦਾ ਤਜਰਬਾ ਇਹ ਦੱਸਦਾ ਹੈ ਕਿ ਚਰਨਪਾਲ ਅਗਾਂਹਵਧੂ ਖਿਆਲਾਂ ਨੂੰ ਪ੍ਰਨਾਏ ਹੋਏ ਬਹੁਤ ਹੀ ਮਿਲਣਸਾਰ ਅਤੇ ਜ਼ਿੰਮੇਵਾਰ ਇਨਸਾਨ ਸਨ। ਚਰਨਪਾਲ ਗਿੱਲ ਆਪਣੇ ਪਿੱਛੇ ਆਪਣੇ ਕੰਮਾਂ ਦੀ ਮਾਣਯੋਗ ਵਿਰਾਸਤ ਛੱਡ ਕੇ ਗਏ ਹਨ। ਹੋਰ ਜਾਣਕਾਰੀ ਲਈ ਬਲਵੰਤ ਸੰਘੇੜਾ, ਪ੍ਰੈਜ਼ੀਡੈਂਟ (604-836-8976) ਅਤੇ ਸਾਧੂ ਬਿਨਿੰਗ ਵਾਈਸ ਪ੍ਰੈਜ਼ੀਡੈਂਟ (778-773-1886) ਨਾਲ ਗੱਲ ਕੀਤੀ ਜਾ ਸਕਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …