ਟੋਰਾਂਟੋ : ਕਮਿਊਨਿਟੀ ਵਿਚ ਜਾਣੀ-ਪਹਿਚਾਣੀ ਸ਼ਖਸੀਅਤ ਪਵਨਦੀਪ ਸਿੰਘ ਜਿਹੜੇ ਕਿ ਬੌਬੀ ਟੁੱਟ ਦੇ ਨਾਂ ਨਾਲ ਪ੍ਰਸਿੱਧ ਸਨ, ਲੰਘੇ ਐਤਵਾਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਹ ਅਕਾਲ ਚਲਾਣਾ ਕਰ ਗਏ। ਉਹ 48 ਵਰ੍ਹਿਆਂ ਦੇ ਸਨ। ਜਿੱਥੇ ਉਨ੍ਹਾਂ ਦੇ ਅਚਾਨਕ ਹੋਏ ਦਿਹਾਂਤ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ ਉੱਥੇ ਹੀ ਟੋਰਾਂਟੋ ਇਲਾਕੇ ਦੇ ਭਾਈਚਾਰੇ ਲਈ ਵੀ ਇਹ ਬਹੁਤ ਦੁੱਖ ਵਾਲੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਬੌਬੀ ਟੁੱਟ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਐਕਸੀਡੈਂਟ ਕਲੇਮ ਅਤੇ ਲੀਗਲ ਸੇਵਾਵਾਂ ਦੇ ਨਾਲ-ਨਾਲ ਕਮਿਊਨਿਟੀ ਵਿਚ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਅਦਾਰਾ ‘ਪਰਵਾਸੀ’ ਵਲੋਂ ਵੀ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਗਿਆ। ਬੌਬੀ ਟੁੱਟ 2004 ਤੋਂ ‘ਪਰਵਾਸੀ’ ਮੀਡੀਆ ਗਰੁੱਪ ਦੇ ਅਖ਼ਬਾਰ, ਰੇਡੀਓ, ਡਾਇਰੈਕਟਰੀ ਅਤੇ ਹੁਣ ਟੀ ਵੀ ‘ਤੇ ਆ ਕੇ ਲੋਕਾਂ ਨੂੰ ਕਈ ਅਹਿਮ ਵਿਸ਼ਿਆ ਉੱਤੇ ਜਾਣਕਾਰੀ ਦਿੰਦੇ ਸਨ। ਲੰਘੇ ਐਤਵਾਰ ਨੂੰ ਕਿਚਨਰ ਫਿਉਨਰਲ ਹੌਮ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਿੱਥੇ ਕਮਿਊਨਿਟੀ ਦੇ ਲੋਕ ਵੱਡੀ ਗਿਣਤੀ ਵਿਚ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਕਿਹਾ ਕਿ ਬੌਬੀ ਟੁੱਟ ਹੋਰੀਂ ਉਨ੍ਹਾਂ ਦੇ ਬਿਜ਼ਨਸ ਸਹਿਯੋਗੀ ਹੀ ਨਹੀਂ ਸਨ ਬਲਕਿ ਇਕ ਚੰਗੇ ਮਿੱਤਰ ਵੀ ਸਨ। ਜਿਹੜੇ ‘ਪਰਵਾਸੀ’ ਮੀਡੀਆ ਗਰੁੱਪ ਦੇ ਹਰ ਕੰਮ ਵਿਚ ਉਨ੍ਹਾਂ ਦਾ ਵਧ ਚੜ੍ਹ ਕੇ ਸਾਥ ਦਿੰਦੇ ਸਨ। ਉਨ੍ਹਾਂ ਕਿਹਾ ਕਿ ਅਸੀਂ ਬੌਬੀ ਟੁੱਟ ਦੇ ਪਰਿਵਾਰ ਨਾਲ ਇਸ ਦੁੱਖ ਵਿਚ ਸ਼ਰੀਕ ਹਾਂ ਅਤੇ ਅਦਾਰਾ ‘ਪਰਵਾਸੀ’ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …