ਜੀਟੀਐੱਮ ਨੇ ਹਰਜੀਤ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ
ਬਰੈਂਪਟਨ/ਡਾ. ਝੰਡ : ਅਮਰੀਕਾ ਦੇ ਮਸ਼ਹੂਰ ਸ਼ਹਿਰ ਸੈਕਰਾਮੈਂਟੋ ਵਿੱਚ ਹੋਏ 27 ਅਗਸਤ ਨੂੰ ਦੁਨੀਆਂ-ਭਰ ਦੇ ਸੱਭ ਤੋਂ ਸਖ਼ਤ ‘ਆਇਰਨਮੈਨ ਮੁਕਾਬਲੇ’ ਵਿੱਚ ਜੇਤੂ ਕਰਾਰ ਦਿੱਤੇ ਗਏ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਦੇ ਸਰਗ਼ਰਮ ਮੈਂਬਰ ਹਰਜੀਤ ਸਿੰਘ ਉਰਫ਼ ‘ਹੈਰੀ’ ਨੂੰ ਬਰੈਂਪਟਨ ਦੀਆਂ ਦੋ ਵੱਖ-ਵੱਖ ਸੰਸਥਾਵਾਂ ਵੱਲੋਂ ਲੰਘੇ ਹਫ਼ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਵਾਲੀਆਂ ਇਨ੍ਹਾਂ ਸੰਸਥਾਵਾਂ ਵਿੱਚ ਬਰੈਂਪਟਨ ਦੀ ਸਿਟੀ ਕੌਂਸਲ ਅਤੇ ‘ਗਰੇਟਰ ਟੋਰਾਂਟੋ ਮੌਰਟਗੇਜ’ (ਜੀਟੀਐੱਮ) ਸ਼ਾਮਲ ਸਨ।
ਲੰਘੇ ਮੰਗਲਵਾਰ 10 ਦਸੰਬਰ ਨੂੰ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਰੀਜਨਲ ਕੌਂਸਲਰਾਂ ਗੁਰਪ੍ਰਤਾਪ ਸਿੰਘ ਤੂਰ ਤੇ ਨਵਜੀਤ ਕੌਰ ਬਰਾੜ ਨੇ ਸਿਟੀ ਕੌਂਸਲ ਦੇ ਦਫ਼ਤਰ ਵਿੱਚ ਬੁਲਾ ਕੇ ਹਰਜੀਤ ਸਿੰਘ ਨੂੰ ਸਨਮਾਨ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। 64 ਸਾਲ ਦੀ ਇਸ ਉਮਰ ਵਿਚ ਹਰਜੀਤ ਸਿੰਘ ਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਮੇਅਰ ਪੈਟਰਿਕ ਬਰਾਊਨ ਵੱਲੋਂ ਉਸ ਦੀ ਵੱਡ-ਆਕਾਰੀ ਤਸਵੀਰ ਬਰੈਂਪਟਨ ਦੇ ਗੋਰਮੀਡੋ ਕਮਿਊਨਿਟੀ ਸੈਂਟਰ ਵਿਚ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਇਸਦੇ ਨਾਲ ਹੀ ਮੇਅਰ ਪੈਟਰਿਕ ਬਰਾਊਨ ਵੱਲੋਂ ਹਰਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਗਏ ਟੀਪੀਏਆਰ ਕਲੱਬ ਦੇ ਮੈਂਬਰਾਂ ਗੈਰੀ ਗਰੇਵਾਲ, ਸੁਖਦੇਵ ਸਿਧਵਾਂ, ਜਸਬੀਰ ਸਿੰਘ ਅਤੇ ਮਹਿਤਾਬ ਸਿੰਘ ਨੂੰ ਅਗਲੇ ਦਿਨ ਬੁੱਧਵਾਰ 11 ਦਸੰਬਰ ਨੂੰ ਫਿਰ ਬਰੈਪਟਨ ਸਿਟੀ ਹਾਲ ਆਉਣ ਦਾ ਸੱਦਾ ਦਿੱਤਾ ਗਿਆ ਤਾਂ ਜੋ ਉਸ ਦਿਨ ਹੋ ਰਹੀ ਬਰੈਂਪਟਨ ਸਿਟੀ ਦੀ ਕੌਂਸਲ ਦੀ ਮੀਟਿੰਗ ਵਿੱਚ ਸਮੂਹ ਕੌਂਸਲਰ ਸਾਹਿਬਾਨ, ਸਟਾਫ਼ ਅਤੇ ਦਰਸ਼ਕ ਗੈਲਰੀ ਵਿਚ ਬੈਠੇ ਲੋਕਾਂ ਦੇ ਸਾਹਮਣੇ ਹਰਜੀਤ ਸਿੰਘ ਨੂੰ ਮੁੜ ਸਨਮਾਨਿਤ ਕੀਤਾ ਜਾ ਸਕੇ। ਅਗਲੇ ਦਿਨ ਜਦੋਂ ਉਹ ਸਾਰੇ ਬਰੈਂਪਟਨ ਸਿਟੀ ਹਾਲ ਪਹੁੰਚੇ ਤਾਂ ਮੇਅਰ ਅਤੇ ਡਿਪਟੀ ਮੇਅਰ ਵੱਲੋਂ ਸਮੂਹ ਕੌਂਸਲ ਸਾਹਿਬਾਨ ਦੀ ਹਾਜ਼ਰੀ ਵਿਚ ਹਰਜੀਤ ਸਿੰਘ ਨੂੰ ਫਿਰ ਸਨਮਾਨਿਤ ਕੀਤਾ ਗਿਆ। ਮੇਅਰ ਪੈਟਰਿਕ ਬਰਾਊਨ ਦਾ ਇਸ ਮੌਕੇ ਕਹਿਣਾ ਸੀ ਕਿ ਇਹ ਸਾਰੇ ਹੀ ਬਰੈਂਪਟਨ-ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਤੋਂ ਇੱਕ ਹਫ਼ਤਾ ਪਹਿਲਾਂ 5 ਦਸੰਬਰ ਨੂੰ ਜੀਟੀਐੱਮ ਦੇ ਦਫ਼ਤਰ ਵਿਚ ਆਯੋਜਿਤ ਕੀਤੇ ਗਏ ਸਨਮਾਨ ਸਮਾਗ਼ਮ ਵਿਚ ਜੀਟੀਐੱਮ ਦੇ ਮੁੱਖ-ਪ੍ਰਬੰਧਕ ਬਲਜਿੰਦਰ ਸਿੰਘ ਲੇਲਣਾ, ਜਸਪਾਲ ਸਿੰਘ ਗਰੇਵਾਲ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰਾਂ ਵੱਲੋਂ ਹਰਜੀਤ ਸਿੰਘ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਬਰੈਂਪਟਨ ਵੈੱਸਟ ਦੇ ਐੱਮਪੀਪੀ ਅਮਰਜੋਤ ਸਿੰਘ ਸੰਧੂ ਇਸ ਮੌਕੇ ਮੁੱਖ-ਮਹਿਮਾਨ ਵਜੋਂ ਪਧਾਰੇ। ਅਮਰਜੋਤ ਸੰਧੂ, ਬਲਜਿੰਦਰ ਲੇਲਣਾ ਤੇ ਜਸਪਾਲ ਗਰੇਵਾਲ ਨੇ ਮਿਲ਼ ਕੇ ਹਰਜੀਤ ਸਿੰਘ ਦੇ ਗਲ਼ ਵਿਚ ਸੋਨੇ ਦਾ ਮੈਡਲ ਪਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਸਮਾਗ਼ਮ ਵਿਚ ਜਸਪਾਲ ਸਿੰਘ ਗਰੇਵਾਲ ਤੇ ਜਗਤਾਰ ਸਿੰਘ ਗਰੇਵਾਲ ਦੇ ਮਾਤਾ ਜੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਟੀਪੀਏਆਰ ਕਲੱਬ ਦੇ ਸਮੂਹ ਮੈਂਬਰ ਇਸ ਸਮਾਗ਼ਮ ਵਿਚ ਹਾਜ਼ਰ ਸਨ।
ਇੱਥੇ ਪਾਠਕਾਂ ਨੂੰ ਇਹ ਦੱਸਣਾ ਬਣਦਾ ਹੈ ਕਿ ਸੰਸਾਰ-ਪੱਧਰ ਦੇ ਇਸ ‘ਆਇਰਨਮੈਨ ਮੁਕਾਬਲੇ’ ਵਿਚ ਭਾਗ ਲੈਣ ਵਾਲਿਆਂ ਨੂੰ ਸੱਭ ਤੋਂ ਪਹਿਲਾਂ ਚਾਰ ਘੰਟੇ ਝੀਲ ਦੇ ਖੁੱਲ੍ਹੇ ਪਾਣੀ ਵਿੱਚ ਤੈਰਨਾ ਹੁੰਦਾ ਹੈ ਅਤੇ ਇਸ ਵਿਚ ਨਿਸਚਤ ਸਮੇਂ ਵਿੱਚ ਸਫ਼ਲ ਹੋਣ ਤੋਂ ਬਾਅਦ ਇਸ ਦੇ ਦੂਸਰੇ ਦੌਰ ਵਿਚ 180 ਕਿਲੋਮੀਟਰ ਬਾਈਸਾਈਕਲ ਚਲਾਉਣਾ ਹੁੰਦਾ ਹੈ। ਦੂਸਰੇ ਦੌਰ ਵਿੱਚ ਸਫ਼ਲ ਹੋਣ ਤੋਂ ਬਾਅਦ ਤੀਸਰੇ ਦੌਰ ਵਿਚ ਉਨ੍ਹਾਂ ਨੇ 42 ਕਿਲੋਮੀਟਰ ਦੌੜਨਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਮੁਕਾਬਲੇ ਦੇ ਇਹ ਤਿੰਨੇ ਪੜਾਅ ਉਨ੍ਹਾਂ ਨੇ 16 ਤੋਂ 17 ਘੰਟਿਆਂ ਦੇ ਵਿੱਚ-ਵਿੱਚ ਪੂਰੇ ਕਰਨੇ ਹੁੰਦੇ ਹਨ। ਤਾਂ ਜਾ ਕੇ ਇਨ੍ਹਾਂ ਮੁਕਾਬਲੇਬਾਜ਼ਾਂ ਦਾ ‘ਆਇਰਨਮੈਨ’ ਦੇ ਖ਼ਿਤਾਬ ਨੂੰ ਹੱਥ ਪੈਂਦਾ ਹੈ। ਹਰਜੀਤ ਸਿੰਘ ਨੇ ਇਹ ਤਿੰਨੇ ਪੜਾਅ ਨਿਰਧਾਰਤ ਸਮੇਂ ਵਿਚ ਪੂਰੇ ਕਰਕੇ ਇਹ ਖ਼ਿਤਾਬ ਹਾਸਲ ਕੀਤਾ ਹੈ। ਕੇਵਲ ਟੀਪੀਏਆਰ ਕਲੱਬ ਦੇ ਸਮੂਹ ਮੈਂਬਰਾਂ ਅਤੇ ਬਰੈਂਪਟਨ-ਵਾਸੀਆਂ ਲਈ ਹੀ ਨਹੀਂ, ਸਗੋਂ ਸਮੂਹ ਪੰਜਾਬੀ ਕਮਿਊਨਿਟੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ।