Breaking News
Home / ਦੁਨੀਆ / ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦਾ ਦੇਹਾਂਤ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦਾ ਦੇਹਾਂਤ

ਹਿਊਸਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਰਜ ਡਬਲਯੂ ਬੁਸ਼ ਦਾ 94 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਸੋਵੀਅਤ ਸੰਘ ਖਿੰਡ-ਪੁੰਡ ਗਿਆ ਸੀ। ਉਨ੍ਹਾਂ ਦੇ ਪੁੱਤਰ ਜੌਰਜ ਬੁਸ਼ ਜੂਨੀਅਰ ਜੋ ਅਮਰੀਕਾ ਦੇ 43ਵੇਂ ਰਾਸ਼ਟਰਪਤੀ ਬਣੇ ਸਨ, ਨੇ ਇਕ ਬਿਆਨ ਵਿਚ ਦੱਸਿਆ ”ਜੈੱਬ, ਨੀਲ, ਮਾਰਵਿਨ, ਡੋਰੋ ਅਤੇ ਮੈਂ ਦੁਖੀ ਮਨ ਨਾਲ ਐਲਾਨ ਕਰਦੇ ਹਾਂ ਕਿ 94 ਸਾਲਾਂ ਦੀ ਉਮਰ ਸ਼ਾਨਦਾਰ ਢੰਗ ਨਾਲ ਬਿਤਾਉਣ ਤੋਂ ਬਾਅਦ ਸਾਡੇ ਪਿਆਰੇ ਪਿਤਾ ਚਲਾਣਾ ਕਰ ਗਏ ਹਨ।” ਅੱਠ ਮਹੀਨੇ ਪਹਿਲਾਂ ਉਨ੍ਹਾਂ ਦੀ ਪਤਨੀ ਬਾਰਬਰਾ ਬੁਸ਼ ਦਾ 73 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਕਿਹਾ ” ਉਹ ਉਚ ਕਿਰਦਾਰ ਦੇ ਮਾਲਕ ਸਨ ਤੇ ਬਿਹਤਰੀਨ ਪਿਤਾ ਸਨ। ਸਮੁੱਚਾ ਬੁਸ਼ ਪਰਿਵਾਰ ਉਨ੍ਹਾਂ ਦਾ ਬੇਹੱਦ ਸ਼ੁਕਰਗੁਜ਼ਾਰ ਹੈ।” ਰਾਸ਼ਟਰਪਤੀ ਡੋਨਲਡ ਟਰੰਪ ਨੇ ਸੀਤ ਯੁੱਧ ਦੇ ਜ਼ਮਾਨੇ ਵਿਚ ਬੁਸ਼ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਬੁਸ਼ ਪਾਰਕਿਨਸਨ ਦੀ ਬਿਮਾਰੀ ਤੋਂ ਪੀੜਤ ਸਨ ਜਿਸ ਕਰ ਕੇ ਉਹ ਕਈ ਸਾਲਾਂ ਤੋਂ ਵੀਲ੍ਹਚੇਅਰ ‘ਤੇ ਸਨ। ਲੰਘੀ 23 ਅਪਰੈਲ ਨੂੰ ਖ਼ੂਨ ਦੀ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ ਸੀ। ਮਈ ਵਿਚ ਘੱਟ ਬਲੱਡ ਪ੍ਰੈਸ਼ਰ ਤੇ ਥਕਾਵਟ ਕਾਰਨ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਦਾਖ਼ਲ ਹੋਣਾ ਪਿਆ ਸੀ।
ਲੜਾਕੂ ਪਾਇਲਟ ਤੇ ਸੀਆਈਏ ਦੇ ਮੁਖੀ ਦੀਆਂ ਸੇਵਾਵਾਂ ਦੇਣ ਤੋਂ ਬਾਅਦ ਉਹ 8 ਨਵੰਬਰ 1988 ਨੂੰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ ਤੇ 20 ਜਨਵਰੀ 1989 ਨੂੰ ਉਨ੍ਹਾਂ ਅਹੁਦੇ ਦਾ ਹਲਫ਼ ਲਿਆ ਸੀ ਤੇ 20 ਜਨਵਰੀ 1993 ਤੱਕ ਅਹੁਦੇ ‘ਤੇ ਰਹੇ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਆਲਮੀ ਪੱਧਰ ‘ਤੇ ਮਨੁੱਖੀ ਅਜ਼ਾਦੀ ਦੀ ਲਹਿਰ ਫੈਲੀ, ਸੋਵੀਅਤ ਸੰਘ ਢਹਿ ਢੇਰੀ ਹੋ ਗਿਆ ਤੇ ਇਸ ਦੇ ਨਾਲ ਹੀ ਸੀਤ ਯੁੱਧ ਖਤਮ ਹੋ ਗਿਆ, ਬਰਲਿਨ ਦੀ ਕੰਧ ਢਹਿ ਗਈ ਤੇ ਜਰਮਨੀ ਦਾ ਏਕੀਕਰਨ ਹੋਇਆ।

Check Also

ਪਾਕਿਸਤਾਨ ਵਿਚ ਨਵਾਜ਼-ਬਿਲਾਬਲ ਦੀ ਗਠਜੋੜ ਸਰਕਾਰ ਬਣੇਗੀ

ਸ਼ਾਹਬਾਜ਼ ਪੀਐਮ ਅਤੇ ਆਸਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਬਣਨਗੇ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਸਰਕਾਰ ਬਣਾਉਣ ਦੇ …