ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਉਤਰੀ ਕੈਲੀਫੋਰਨੀਆ ਦੇ ਜੰਗਲ ਵਿਚ ਲੱਗੀ ਅੱਗ ਤੇਜ਼ ਹਵਾਵਾਂ ਕਾਰਨ ਹੋਰ ਖੇਤਰ ਵਿਚ ਫੈਲ ਗਈ ਹੈ, ਜਿਸ ਕਾਰਨ ਰਾਜ ਦੇ ਗਵਰਨਰ ਨੇ ਹੰਗਾਮੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਇਸੇ ਦੌਰਾਨ ਇਹਤਿਆਤ ਵਜੋਂ ਬਿਜਲੀ ਕੱਟ ਦਿੱਤੇ ਜਾਣ ਕਾਰਨ ਲੱਖਾਂ ਲੋਕਾਂ ਨੂੰ ਬਿਜਲੀ ਬਿਨਾ ਰਹਿਣਾ ਪੈ ਰਿਹਾ ਹੈ। ਤਕਰੀਬਨ 2 ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਉਪਰ ਜਾਣ ਲਈ ਕਿਹਾ ਗਿਆ ਹੈ। ਗਵਰਨਰ ਗਾਵਿਨ ਨਿਊਸੋਮ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅੱਗ ਉਪਰ ਕਾਬੂ ਪਾਉਣ ਲਈ ਹਰ ਸੰਭਵ ਸਾਧਨ ਦੀ ਵਰਤੋਂ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਅੱਗ 85 ਵਰਗ ਮੀਲ ਵਿਚ ਫੈਲ ਚੁੱਕੀ ਹੈ। ਹੁਣ ਤੱਕ 94 ਮਕਾਨ ਜਾਂ ਢਾਂਚੇ ਅੱਗ ਵਿਚ ਸੜ ਚੁੱਕੇ ਹਨ। ਸਾਨਫਰਾਂਸਿਸਕੋ ਬੇ ਏਰੀਆ ਵਿਚ ਲੱਗੀ ਅੱਗ ਕਾਰਨ ਅੰਤਰਰਾਜ਼ੀ ਪੁਲ ਉਪਰ ਕੁਝ ਸਮੇਂ ਲਈ ਆਵਾਜਾਈ ਰੁਕੀ ਰਹੀ। ਵਾਲੇਜੋ ਖੇਤਰ ਵਿਚ ਅੱਗ ਘਰਾਂ ਦੇ ਨੇੜੇ ਪੁੱਜ ਗਈ ਹੈ, ਜਿਸ ਕਾਰਨ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਦੱਖਣ ਵਿਚ ਲਾਸ ਏਂਜਲਸ ਨੇੜੇ ਸ਼ਾਂਤਾ ਕਲੈਰੀਟਾ ਖੇਤਰ ਵਿਚ 18 ਮਕਾਨ ਜਾਂ ਢਾਂਚੇ ਤਬਾਹ ਹੋ ਗਏ ਹਨ। ਉਂਝ ਅਧਿਕਾਰੀਆਂ ਦਾ ਕਹਿਣਾ ਹੈ ਕਿ 70 ਫੀਸਦੀ ਅੱਗ ਉਪਰ ਕਾਬੂ ਪਾ ਲਿਆ ਗਿਆ ਹੈ। ਉਤਰੀ ਕੈਲੀਫੋਰਨੀਆ ਦੀ ਸੋਨੋਮਾ ਕਾਊਟੀ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ, ਜਿੱਥੇ ਤਕਰੀਬਨ 180000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ। ਕੁਝ ਲੋਕਾਂ ਨੂੰ ਅੱਧੀ ਰਾਤ ਵੇਲੇ ਘਰ ਬਾਰ ਛੱਡਣ ਲਈ ਕਿਹਾ ਗਿਆ। ਅੱਗ ਕਾਰਨ ਆਸ ਪਾਸ ਦੇ ਖੇਤਰਾਂ ਵਿਚ ਸੰਘਣਾ ਧੂੰਆਂ ਫੈਲ ਗਿਆ, ਜਿਸ ਕਾਰਨ ਡਰਾਈਵਰਾਂ ਨੂੰ ਗੱਡੀਆਂ ਚਲਾਉਣ ਵਿਚ ਮੁਸ਼ਕਲ ਆ ਰਹੀ ਹੈ। ਆਮ ਲੋਕ ਵੀ ਧੂੰਏਂ ਤੋਂ ਪ੍ਰਭਾਵਿਤ ਹੋ ਰਹੇ ਹਨ। ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਕਿਹਾ ਕਿ ਉਸਦਾ ਘਰ ਵੀ ਇਸ ਫੈਲੀ ਅੱਗ ਕਾਰਨ ਖਾਲੀ ਕਰਵਾਇਆ ਗਿਆ ਹੈ। ਦੂਜੇ ਪਾਸੇ ਵਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕੈਲੀਫੋਰਨੀਆ ਵਿਚ ਲੱਗੀ ਅੱਗ ਦੀਆਂ ਰਿਪੋਰਟਾਂ ਨੂੰ ਧਿਆਨ ਨਾਲ ਦੇਖ ਰਹੇ ਹਨ ਤੇ ਹੋਰ ਮੱਦਦ ਦੀ ਲੋੜ ਲਈ ਗਵਰਨਰ ਕੈਲੀਫੋਰਨੀਆ ਨਾਲ ਰਾਬਤਾ ਰੱਖੇ ਹੋਏ ਹਨ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …