ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਖਿਲਾਫ ਭਾਜਪਾ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਰੋਧੀ ਬਿਆਨ ਨੂੰ ਲੈ ਕੇ ਸੰਸਦ ‘ਚ ਹੋਈ ਧੱਕਾ ਮੁੱਕੀ ਦੌਰਾਨ 19 ਦਸੰਬਰ ਨੂੰ ਭਾਜਪਾ ਸਾਂਸਦ ਪ੍ਰਤਾਪ ਸਾਰੰਗੀ ਦੇ ਜ਼ਖਮੀ ਹੋਣ ਦੀ ਖਬਰ ਹੈ। ਦਰਅਸਲ, ਸ਼ਾਹ ਦੇ ਬਿਆਨ ਨੂੰ ਲੈ ਕੇ ਕਾਂਗਰਸ ਵਲੋਂ ਸੰਸਦ ਭਵਨ ਕੰਪਲੈਕਸ ‘ਚ ਰੋਸ ਮਾਰਚ ਕੱਢਿਆ ਗਿਆ। ਇਸ ਦੇ ਜਵਾਬ ‘ਚ ਭਾਜਪਾ ਨੇ ਕਾਂਗਰਸ ‘ਤੇ ਝੂਠ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਜਤਾਇਆ। ਇਸ ਦੌਰਾਨ ਦੋਵੇਂ ਪਾਰਟੀਆਂ ਦੇ ਸੰਸਦ ਮੈਂਬਰ ਆਹਮੋ-ਸਾਹਮਣੇ ਹੋ ਗਏ। ਦੋਵਾਂ ਵਿਚਕਾਰ ਤਕਰਾਰ ਵੀ ਹੋ ਗਈ। ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਇਕ ਸੰਸਦ ਮੈਂਬਰ ਨੂੰ ਧੱਕਾ ਦਿੱਤਾ, ਜੋ ਉਨ੍ਹਾਂ ‘ਤੇ ਡਿੱਗ ਪਿਆ ਤੇ ਜ਼ਖ਼ਮੀ ਹੋ ਗਿਆ। ਭਾਜਪਾ ਨੇ ਆਪਣੇ ਸੰਸਦ ਮੈਂਬਰ ਸਾਰੰਗੀ ਦੇ ਜ਼ਖਮੀ ਹੋਣ ‘ਤੇ ਕਾਂਗਰਸ ਖਿਲਾਫ ਨਿਸ਼ਾਨਾ ਸਾਧਿਆ ਹੈ। ਇਸ ਘਟਨਾ ਤੋਂ ਬਾਅਦ ਉਤਸੁਕਤਾ ਪੈਦਾ ਹੋਈ ਕਿ ਜਾਣਿਆ ਜਾਏ ਕਿ ਇਹ ਪ੍ਰਤਾਪ ਸਾਰੰਗੀ ਕੌਣ ਹਨ, ਤਾਂ ਜਦੋਂ ਇਹਨਾਂ ਦੀ ਅਸਲੀਅਤ ਬਾਰੇ ਪਤਾ ਲੱਗਿਆ ਤਾਂ ਜ਼ਮੀਨ ਪੈਰਾਂ ਹੇਠੋਂ ਨਿਕਲ ਗਈ। ਸਪੋਕਸਮੈਨ ਦੇ ਇੱਕ ਲੇਖ ਦੀ ਜਾਣਕਾਰੀ ਮੁਤਾਬਕ ਪ੍ਰਤਾਪ ਚੰਦਰ ਸਾਰੰਗੀ ਨੂੰ ‘ਓਡੀਸ਼ਾ ਦਾ ਮੋਦੀ’ ਨਾਮ ਨਾਲ ਜਾਣਿਆ ਜਾਂਦਾ ਹੈ।
ਐਮਪੀ ਪ੍ਰਤਾਪ ਸਾਰੰਗੀ ਦੇ ਹਲਫ਼ਨਾਮੇ ਤੋਂ ਇਹ ਵੀ ਪਤਾ ਚਲਦਾ ਹੈ ਕਿ ਉਨ੍ਹਾਂ ਵਿਰੁੱਧ ਸੱਤ ਅਪਰਾਧਿਕ ਮਾਮਲੇ ਪੈਂਡਿੰਗ ਹਨ। ਉਨ੍ਹਾਂ ਵਿਰੁੱਧ ਅਪਰਾਧਿਕ ਧਮਕੀ, ਦੰਗਾ, ਧਰਮ ਦੇ ਆਧਾਰ ‘ਤੇ ਵੱਖ-ਵੱਖ ਸਮੂਹਾਂ ਦੇ ਵਿਚਕਾਰ ਦੁਸ਼ਮਣੀ ਨੂੰ ਬੜ੍ਹਾਵਾ ਦੇਣਾ ਅਤੇ ਜ਼ਬਰਨ ਵਸੂਲੀ ਦੇ ਵੀ ਦੋਸ਼ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਓਡੀਸ਼ਾ ਵਿਚ ਭਾਜਪਾ ਅਤੇ ਬੀਜੂ ਜਨਤਾ ਦਲ ਦੇ ਗਠਜੋੜ ਨਾਲ ਬਣੀ ਸਰਕਾਰ ਦੌਰਾਨ ਦਰਜ ਕੀਤੇ ਗਏ ਸਨ। ਮਾਰਚ 2002 ਦੀ ਇਕ ਘਟਨਾ ਵਿਚ ਜਦੋਂ ਸਾਰੰਗੀ ਆਰਐਸਐਸ ਨਾਲ ਜੁੜੇ ਹਮਲਾਵਰ ਹਿੰਦੂਵਾਦੀ ਸੰਗਠਨ ਬਜਰੰਗ ਦਲ ਦੇ ਰਾਸ਼ਟਰੀ ਪ੍ਰਧਾਨ ਸਨ, ਤਾਂ ਉਨ੍ਹਾਂ ਨੂੰ ਓਡੀਸ਼ਾ ਪੁਲਿਸ ਨੇ ਦੰਗਾ, ਅਗਜ਼ਨੀ, ਹਮਲਾ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ।
ਜਿਸ ਸਰਕਾਰੀ ਸੰਪਤੀ ‘ਤੇ ਹਮਲਾ ਕੀਤਾ ਗਿਆ ਸੀ, ਉਹ ਓਡੀਸ਼ਾ ਵਿਧਾਨ ਸਭਾ ਦੀ ਹੀ ਇਮਾਰਤ ਸੀ। ਦੋਸ਼ ਹੈ ਕਿ ਓਡੀਸ਼ਾ ਵਿਧਾਨ ਸਭਾ ਦੀ ਇਸ ਇਮਾਰਤ ‘ਤੇ ਵਿਸ਼ਵ ਹਿੰਦੂ ਪ੍ਰੀਸ਼ਦ, ਦੁਰਗਾ ਵਾਹਿਨੀ ਅਤੇ ਸਾਰੰਗੀ ਦੀ ਅਗਵਾਈ ਵਿਚ ਬਜਰੰਗ ਦਲ ਵਰਗੇ ਸੰਗਠਨਾਂ ਨੇ ਤ੍ਰਿਸ਼ੂਲ ਅਤੇ ਲਾਠੀਆਂ ਨਾਲ ਲੈਸ 500 ਲੋਕਾਂ ਦੀ ਭੀੜ ਇਕੱਠੀ ਕਰਕੇ ਹਮਲਾ ਕਰਵਾਇਆ ਸੀ। ਭੀੜ ਮੰਗ ਕਰ ਰਹੀ ਸੀ ਕਿ ਆਯੁੱਧਿਆ ਵਿਚ ਵਿਵਾਦਤ ਜ਼ਮੀਨ ਨੂੰ ਰਾਮ ਮੰਦਰ ਦੇ ਨਿਰਮਾਣ ਲਈ ਸੌਂਪ ਦਿੱਤਾ ਜਾਏ।
ਜਨਵਰੀ 1999 ਵਿਚ ਓਡੀਸ਼ਾ ਵਿਚ ਬਜਰੰਗ ਦਲ ਦੇ ਮੁਖੀ ਸਾਰੰਗੀ ਸਨ। ਸਾਰੰਗੀ ‘ਤੇ ਗੰਭੀਰ ਦੋਸ਼ ਹੈ ਕਿ ਉਦੋਂ ਇਕ ਆਸਟ੍ਰੇਲੀਆਈ ਮਿਸ਼ਨਰੀ ਗ੍ਰਾਹਮ ਸਟੇਂਸ ਅਤੇ ਉਨ੍ਹਾਂ ਦੇ 11 ਅਤੇ 7 ਸਾਲ ਦੀ ਉਮਰ ਦੇ ਦੋ ਬੇਟਿਆਂ ਨੂੰ ਬਜਰੰਗ ਦਲ ਨਾਲ ਜੁੜੇ ਇਕ ਸਮੂਹ ਵਲੋਂ ਜਿੰਦਾ ਜਲਾ ਦਿੱਤਾ ਗਿਆ ਸੀ। ਗ੍ਰਾਹਮ ਸਟੇਂਸ ਅਤੇ ਉਨ੍ਹਾਂ ਦੇ ਬੇਟੇ ਕਿਓਂਝਰ ਦੇ ਮਨੋਹਰਪੁਰ ਪਿੰਡ ਵਿਚ ਇਕ ਸਟੇਸ਼ਨ ਵੈਗ ਵਿਚ ਸੌਂ ਰਹੇ ਸਨ, ਜਦੋਂ ਵੈਗਨ ਨੂੰ ਭੀੜ ਨੇ ਅੱਗ ਲਗਾ ਦਿੱਤੀ ਸੀ। ਸਾਰੰਗੀ ਤੋਂ ਇਸ ਮਾਮਲੇ ਵਿਚ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਕੋਲੋਂ ਦੁਬਾਰਾ ਪੁੱਛਗਿੱਛ ਨਹੀਂ ਹੋਈ।
ਉਸ ਸਮੇਂ ਆਰਐਸਐਸ ਅਤੇ ਸਾਰੰਗੀ ਦੀ ਅਗਵਾਈ ਵਿਚ, ਬਜਰੰਗ ਦਲ ਇਸਾਈ ਮਿਸ਼ਨਰੀਆਂ ਦੇ ਵਿਰੁੱਧ ਮੁਹਿੰਮ ਚਲਾ ਰਹੇ ਸਨ। ਇਨ੍ਹਾਂ ਲੋਕਾਂ ਨੇ ਮਿਸ਼ਨਰੀਆਂ ‘ਤੇ ਦੋਸ਼ ਲਗਾਇਆ ਸੀ ਕਿ ਉਹ ਲੋਕ ਆਦਿਵਾਸੀਆਂ ਦਾ ਜ਼ਬਰ ਧਰਮ ਤਬਦੀਲੀ ਕਰਵਾ ਰਹੇ ਹਨ। ਫਰਵਰੀ 1999 ਵਿਚ ਰੈਡਿਫ ਨੂੰ ਦਿੱਤੇ ਗਏ ਇਕ ਬਿਆਨ ਵਿਚ ਸਾਰੰਗੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਬਜਰੰਗ ਦਲ ਗ੍ਰਾਹਮ ਸਟੇਂਸ ਅਤੇ ਉਨ੍ਹਾਂ ਦੇ ਬੇਟਿਆਂ ਦੀ ਹੱਤਿਆ ਵਿਚ ਸ਼ਾਮਲ ਸੀ। ਉਸ ਸਮੇਂ ਉਨ੍ਹਾਂ ਨੇ ਓਡੀਸ਼ਾ ਵਿਚ ਇਸਾਈਆਂ ਦੀ ਵਧਦੀ ਆਬਾਦੀ ਦੇ ਬਾਰੇ ਵਿਚ ਵੀ ਚਿੰਤਾ ਜ਼ਾਹਿਰ ਕੀਤੀ ਅਤੇ ਇਸਾਈ ਮਿਸ਼ਨਰੀਆਂ ‘ਤੇ ਜ਼ਬਰਦਸਤੀ ਲੋਕਾਂ ਦਾ ਧਰਮ ਤਬਦੀਲ ਕਰਨ ਦਾ ਇਲਜ਼ਾਮ ਲਗਾਇਆ ਸੀ। ਇਹ ਪੁੱਛੇ ਜਾਣ ‘ਤੇ ਕਿ ਓਡੀਸ਼ਾ ਵਿਚ ਇਸਾਈ ਮਿਸ਼ਨਰੀਆਂ ਦੁਆਰਾ ਕੀਤੇ ਗਏ ਕਾਰਜਾਂ ਦੇ ਬਾਰੇ ਵਿਚ ਉਨ੍ਹਾਂ ਦਾ ਵਿਚਾਰ ਹੈ, ਸਾਰੰਗੀ ਨੇ ਕਿਹਾ ਕਿ ਕੁੱਝ ਮਾਮਲਿਆਂ ਨੂੰ ਛੱਡ ਕੇ ਜ਼ਿਆਦਾਤਰ ਇਸਾਈ ਮਿਸ਼ਨਰੀ ਬੇਵਕੂਫ਼ ਹਨ। ਯਾਦ ਰਹੇ ਕਿ ਸਾਂਸਦ ਚੁਣੇ ਜਾਣ ਤੋਂ ਪਹਿਲਾਂ ਪ੍ਰਤਾਪ ਸਾਰੰਗੀ ਓਡੀਸ਼ਾ ਦੇ ਨੀਲਗਿਰੀ ਵਿਧਾਨ ਸਭਾ ਤੋਂ 2004 ਅਤੇ 2009 ਵਿਚ ਵਿਧਾਇਕ ਚੁਣੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਉਹ 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਖੜ੍ਹੇ ਹੋਏ ਸਨ ਪਰ ਉਦੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਜਪਾ ਸਰਕਾਰ ਨੇ ਬੀਤੇ ਸਮੇਂ ਪ੍ਰਤਾਪ ਸਾਰੰਗੀ ਨੂੰ ਮੰਤਰੀ ਦਾ ਅਹੁਦਾ ਵੀ ਦਿੱਤਾ ਸੀ ਅਤੇ ਪਦਮ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਸੀ।