Breaking News
Home / ਕੈਨੇਡਾ / ਕਾਫ਼ਲੇ ਵੱਲੋਂ ਬਰਜਿੰਦਰ ਗੁਲਾਟੀ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਸ਼ਰਧਾਂਜਲੀ

ਕਾਫ਼ਲੇ ਵੱਲੋਂ ਬਰਜਿੰਦਰ ਗੁਲਾਟੀ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਸ਼ਰਧਾਂਜਲੀ

ਬਰੈਂਪਟਨ/ਪਰਮਜੀਤ ਦਿਓਲ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਪਿਛਲੇ ਦਿਨੀਂ ਇੱਕ ਭਿਆਨਕ ਸੜਕ ਹਾਦਸੇ ਵਿੱਚ ਵਿਛੜ ਗਈ ਕਾਫ਼ਲੇ ਦੀ ਸੰਚਾਲਕ ਅਤੇ ਕਹਾਣੀਕਾਰਾ ਬਰਜਿੰਦਰ ਗੁਲਾਟੀ ਨੂੰ ਭਰੀਆਂ ਅੱਖਾਂ ਨਾਲ਼ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ ਰਿੰਟੂ ਭਾਟੀਆ ਵੱਲੋਂ ”ਮਿੱਤਰ ਪਿਆਰੇ ਨੂੰ” ਸ਼ਬਦ ਦੇ ਵੈਰਾਗੀਮਈ ਗਾਇਨ ਨਾਲ਼ ਕੀਤੀ ਗਈ। ਜਰਨੈਲ ਸਿੰਘ ਕਹਾਣੀਕਾਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਦੋਂ ਕੋਈ ਇਨਸਾਨ ਇਸ ਦੁਨੀਆਂ ਤੋਂ ਜਾਂਦਾ ਹੈ ਤਾਂ ਉਸਨੂੰ ਉਸਦੇ ਵਿਹਾਰ ਅਤੇ ਗੁਣਾਂ ਨਾਲ਼ ਯਾਦ ਕੀਤਾ ਜਾਂਦਾ ਹੈ ਤੇ ਬਰਜਿੰਦਰ ਗੁਲਾਟੀ ਵਿੱਚ ਨੇਕੀ ਅਤੇ ਸੁਹਰਿਦਤਾ ਦੇ ਵੱਡੇ ਗੁਣ ਸਨ। ਉਨ੍ਹਾਂ ਦੱਸਿਆ ਕਿ ਜਿੱਥੇ ਬਰਜਿੰਦਰ ਗੁਲਾਟੀ ਨੇ ਕਈ ਕਹਾਣੀਆਂ ਲਿਖੀਆਂ ਓਥੇ ਪੰਜਾਬੀ ਦੀਆਂ ਨਾਮਵਰ ਕਹਾਣੀਆਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਤੋਂ ਇਲਾਵਾ ਬਹੁਤ ਸਾਰੇ ਜਾਣਕਾਰੀ ਭਰਪੂਰ ਅਤੇ ਖੋਜ-ਭਰਪੂਰ ਲੇਖ ਵੀ ਲਿਖੇ। ਬਰਜਿੰਦਰ ਗੁਲਾਟੀ ਜੀ ਦੇ ਤਾਏ ਦੇ ਪੁੱਤ, ਕੁਲਬੀਰ ਸਿੰਘ ਢੀਂਡਸਾ ਨੇ ਕਿਹਾ ਕਿ ਬਰਜਿੰਦਰ ਉਨ੍ਹਾਂ ਦੀ ਛੋਟੀ ਭੈਣ ਹੁੰਦਿਆਂ ਵੀ ਉਨ੍ਹਾਂ ਲਈ ਇੱਕ ਗਾਈਡ ਵਾਂਗ ਸੀ ਜੋ ਹਮੇਸ਼ਾ ਸਹੀ ਸਲਾਹ ਦਿੰਦੀ ਸੀ। ਬਰਜਿੰਦਰ ਜੀ ਦੇ ਭਰਾ ਹਰਿੰਦਰ ਢੀਂਡਸਾ ਨੇ ਜਿੱਥੇ ਬਰਜਿੰਦਰ ਦੀ ਸੂਝ ਅਤੇ ਸੁਭਾਅ ਬਾਰੇ ਗੱਲ ਕੀਤੀ ਓਥੇ ਕਾਫ਼ਲੇ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਮਾਣ ਦਾ ਸ਼ੁਕਰਾਨਾ ਵੀ ਕੀਤਾ। ਉਨ੍ਹਾਂ ਕਿਹਾ ਕਿ ਤੁਹਾਨੂੰ ਵੇਖ ਕੇ ਲੱਗਦਾ ਹੈ ਕਿ ਬਰਜਿੰਦਰ ਭੈਣ ਜੀ ਕਿਤੇ ਨਹੀਂ ਗਏ ਸਗੋਂ ਤੁਹਾਡੇ ਸਾਰਿਆਂ ਰਾਹੀਂ ਅੱਜ ਵੀ ਸਾਡੇ ਵਿੱਚ ਮੌਜੂਦ ਨੇ। ‘ਕਹਾਣੀ ਵਿਚਾਰ ਮੰਚ’ ਵੱਲੋਂ ਬੋਲਦਿਆਂ ਕੁਲਜੀਤ ਮਾਨ ਨੇ ਕਿਹਾ ਕਿ ਬਰਜਿੰਦਰ ਉਹ ਹਸਤੀ ਸੀ ਜਿਸ ਨੂੰ ਹਰ ਵਿਅਕਤੀ ਸਭ ਤੋਂ ਵੱਧ ਆਪਣੇ ਨੇੜੇ ਸਮਝਦਾ ਸੀ। ਉਨ੍ਹਾਂ ਬਰਜਿੰਦਰ ਜੀ ਦੀ ਯਾਦ ਵਿੱਚ ‘ਸਦ-ਭਾਵਨਾ ਦਿਵਸ’ ਸ਼ੁਰੂ ਕਰਨ ਦੀ ਸਲਾਹ ਵੀ ਦਿੱਤੀ। ਬਲਜੀਤ ਬੈਂਸ ਨੇ ਸ਼ਰਧਾਂਜਲੀ ਦੇ ਰੂਪ ਵਿੱਚ ਸੰਤ ਰਾਮ ਉਦਾਸੀ ਦਾ ਗੀਤ ‘ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ’ ਪੇਸ਼ ਕੀਤਾ ਅਤੇ ਕੁਲਵਿੰਦਰ ਖਹਿਰਾ ਵੱਲੋਂ ਬਰਜਿੰਦਰ ਗੁਲਾਟੀ ਲਈ ਨਵਤੇਜ ਭਾਰਤੀ ਵੱਲੋਂ ਲਿਖਿਆ ਗਿਆ ਸੁਨੇਹਾ ਵੀ ਪੜ੍ਹ ਕੇ ਸੁਣਾਇਆ ਗਿਆ ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਬ੍ਰਜਿੰਦਰ ਵਰਗਾ ਨਿਰਛਲ ਹੋਣਾ ਔਖਾ ਹੈ, ਕੋਸ਼ਿਸ਼ ਕਰਕੇ ਵੀ। ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ’ ਵੱਲੋਂ ਸੁਖਦੇਵ ਸਿੰਘ ਝੰਡ ਨੇ ਸ਼ਰਧਾਂਜਲੀ ਭੇਂਟ ਕੀਤੀ। ਲਖਬੀਰ ਸਿੰਘ ਕਾਹਲੋਂ ਨੇ ਕਿਹਾ ਕਿ ਮੌਤ ਸਿਰਫ ਜ਼ਿੰਦਗੀ ਦਾ ਅੰਤ ਕਰ ਸਕਦੀ ਹੈ, ਰਿਸ਼ਤਿਆਂ ਦਾ ਨਹੀਂ। ਦੋ ਸੰਸਥਾਵਾਂ: ‘ਪੈਨਸ਼ਨਰਜ਼ ਕਲੱਬ’ ਅਤੇ ‘ਪੰਜਾਬੀ ਕਾਨਫ਼ਰੰਸ’ ਦੇ ਜਨਰਲ ਸਕੱਤਰਾਂ ਦੀ ਹੈਸੀਅਤ ਵਿੱਚ ਬੋਲਦਿਆਂ ਜਗੀਰ ਸਿੰਘ ਕਾਹਲ਼ੋਂ ਨੇ ਕਿਹਾ ਕਿ ਅਸੀਂ ਹਉਮੈਂ, ਈਰਖਾਵਾਂ ਅਤੇ ਤੰਗ ਸੋਚਾਂ ਵਿੱਚ ਘਿਰ ਕੇ ਵੱਖ ਵੱਖ ਸੰਸਥਾਵਾਂ ਬਣਾ ਲੈਂਦੇ ਹਾਂ ਜਦਕਿ ਸਾਨੂੰ ਬਰਜਿੰਦਰ ਗੁਲਾਟੀ ਜੀ ਦੀ ਸੋਚ ਅਨੁਸਾਰ ਮਿਲ਼ ਕੇ ਚੱਲਣਾ ਚਾਹੀਦਾ ਹੈ। ਮੀਟਿੰਗ ਵਿੱਚ ਰਛਪਾਲ ਕੌਰ ਗਿੱਲ, ਸੁੰਦਰਪਾਲ ਰਾਜਾਸਾਂਸੀ, ਮਿੰਨੀ ਗਰੇਵਾਲ਼, ਨੀਟਾ ਬਲਵਿੰਦਰ, ਸੰਜੀਵ ਧਵਨ, ਰਾਜ ਘੁੰਮਣ, ਇਕਬਾਲ ਸੁੰਬਲ, ਜਸਪਾਲ ਢਿੱਲੋਂ, ਮਲਵਿੰਦਰ ਸਿੰਘ, ਮਕਸੂਦ ਚੌਧਰੀ, ਗੁਰਦਾਸ ਮਿਨਹਾਸ, ਨਿਰਮਲ ਜਸਵਾਲ਼ ਰਾਣਾ, ਰਜੀਵ ਪੁੰਜ, ਗਿਆਨ ਸਿੰਘ ਦਰਦੀ, ਪੂਰਨ ਸਿੰਘ ਪਾਂਧੀ, ਰਾਜਪਾਲ ਬੋਪਾਰਾਏ, ਅਮਰਜੀਤ ਪੰਛੀ, ਅਤੇ ਜਸਵਿੰਦਰ ਸੰਧੂ, ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਭੁਪਿੰਦਰ ਦੁਲੈ ਨੇ ਵੀ ਬਰਜਿੰਦਰ ਗੁਲਾਟੀ ਜੀ ਦੀ ਯਾਦ ਵਿੱਚ ਇੱਕ ਸਾਂਝੀ ਕਮੇਟੀ ਦੇ ਰੂਪ ਵਿੱਚ ਸਲਾਨਾ ਸਮਾਗਮ ਕਰਵਾਏ ਜਾਣ ਦੀ ਗੱਲ ਕੀਤੀ। ਕੁਲਵਿੰਦਰ ਖਹਿਰਾ ਵੱਲੋਂ ਬਰਜਿੰਦਰ ਗੁਲਾਟੀ ਜੀ ਨੂੰ ਬਾਬੇ ਨਾਨਕ ਅਤੇ ਭਾਈ ਮਰਦਾਨਾ ਜੀ ਦੀ ਅਸਲੀ ਵਾਰਿਸ ਦੱਸਿਆ ਗਿਆ ਜਿਸ ਨੂੰ ਹਰ ਸੰਸਥਾ ਅਤੇ ਹਰ ਵਿਅਕਤੀ ਆਪਣੀ ਸਮਝਦਾ ਸੀ ਤੇ ਜਿਸ ਨੂੰ ਕੋਈ ਬੇਗਾਨਾ ਜਾਂ ਵਿਰੋਧੀ ਨਹੀਂ ਸੀ ਲੱਗਦਾ। ਇਸ ਸਮੇਂ ਵੱਲੋਂ ਤਿਆਰ ਕੀਤਾ ਗਿਆ ਸਲਾਈਡ ਸ਼ੋਅ ਅਤੇ ਬਰਜਿੰਦਰ ਗੁਲਾਟੀ ਵੱਲੋਂ ਦਿੱਤੇ ਗਏ ਭਾਸ਼ਨਾਂ ਦੀਆਂ ਕੁਝ ਕੋਟੇਸ਼ਨਾਂ ਵੀ ਵਿਖਾਈਆਂ ਗਈਆਂ।
ਮੀਟਿੰਗ ਵਿੱਚ ਜਿੱਥੇ ਬਰਜਿੰਦਰ ਗੁਲਾਟੀ ਜੀ ਦੇ ਬਹੁਤ ਸਾਰੇ ਰਿਸ਼ਤੇਦਾਰ ਹਾਜ਼ਰ ਸਨ ਓਥੇ ਅਮਰੀਕਾ ਤੋਂ ਆਈ ਉਨ੍ਹਾਂ ਦੀ ਭੈਣ ਰਵਿੰਦਰ, ਭਰਾ ਹਰਿੰਦਰ ਢੀਂਡਸਾ ਦਾ ਪਰਿਵਾਰ ਅਤੇ ਇੰਡੀਆ ਤੋਂ ਪਹੁੰਚੇ ਛੋਟੇ ਭਰਾ ਗੁਰਿੰਦਰ ਸਿੰਘ ਦਾ ਸਾਰਾ ਪਰਿਵਾਰ ਹਾਜ਼ਰ ਸਨ। ਮੀਟਿੰਗ ਵਿੱਚ ਬਰਜਿੰਦਰ ਗੁਲਾਟੀ ਦੇ ਪਤੀ ਮਨਮੋਹਨ ਗੁਲਾਟੀ ਦੇ ਛੇਤੀ ਸਿਹਤਯਾਬ ਹੋਣ ਬਾਰੇ ਸ਼ੁਭ-ਕਾਮਨਾਵਾਂ ਵੀ ਕੀਤੀਆਂ ਗਈਆਂ।

Check Also

ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਤੇ ਉਨਟਾਰੀਓ ਸਿੱਖ ਐਂਡ ਗੁਰਦਵਾਰਾ ਕੌਂਸਲ ਵਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਵਲੋਂ ਅਤੇ ਪੰਜਾਬੀ ਕਲਮਾਂ …