ਨਾਮਧਾਰੀ-ਆਗੂ ਠਾਕੁਰ ਦਲੀਪ ਸਿੰਘ ਦੀਆਂ ਕੁਝ ਗੱਲਾਂ ਤੇ ਸਰੋਤਿਆਂ ਵੱਲੋਂ ਇਤਰਾਜ਼ ਕੀਤਾ ਗਿਆ
ਬਰੈਂਪਟਨ/ਡਾ. ਝੰਡ
ਲੰਘੇ ਸ਼ਨੀਵਾਰ 28 ਦਸੰਬਰ ਨੂੰ ਬਰੈਂਪਟਨ ਅਤੇ ਇਸ ਦੇ ਆਸ-ਪਾਸ ਦੇ ਕੁਝ ਉਤਸ਼ਾਹੀ ਵਿਅੱਕਤੀਆਂ ਵੱਲੋਂ ਬਰੈਂਪਟਨ ਦੇ ਸਿਟੀ ਹਾਲ ਵਿਚ ‘ਸਿੱਖੀ ਕਿਵੇਂ ਪ੍ਰਫ਼ੁੱਲਤ ਹੋਵੇ?’ ਵਿਸ਼ੇ ਉਤੇ ਭਾਵਪੂਰਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਸਾਹਿਤਕ-ਹਲਕਿਆਂ ਵਿਚ ਜਾਣੀ-ਪਛਾਣੀ ਸ਼ਖ਼ਸੀਅਤ ਡਾ. ਪਰਗਟ ਸਿੰਘ ਬੱਗਾ ਦੀ ਅਗਵਾਈ ਹੇਠ ਪ੍ਰਬੰਧਕੀ-ਟੀਮ ਦੇ ਮੈਂਬਰਾਂ ਭੁਪਿੰਦਰ ਸਿੰਘ ਬਾਜਵਾ, ਹਰਦਿਆਲ ਸਿੰਘ ਝੀਤਾ ਅਤੇ ਸੁਖਵਿੰਦਰ ਸਿੰਘ ਸੰਧੂ ਨੇ ਮਿਲ ਕੇ ਆਪੋ-ਆਪਣੀਆਂ ਭੂਮਿਕਾਵਾਂ ਬਾਖ਼ੂਬੀ ਨਿਭਾਈਆਂ। ਸੈਮੀਨਾਰ ਦੇ ਬੁਲਾਰਿਆਂ ਵਿਚ ਪ੍ਰਬੰਧਕੀ-ਟੀਮ ਦੇ ਮੁਖੀ ਡਾ. ਬੱਗਾ ਅਤੇ ਮੈਂਬਰ ਸੁਖਵਿੰਦਰ ਸਿੰਘ ਸੰਧੂ ਸਮੇਤ ਸ਼ਾਮਲ ਦਵਿੰਦਰ ਸਿੰਘ ਸੇਖੋਂ, ਪ੍ਰਿੰਸੀਪਲ ਨਿਰਵੈਰ ਸਿੰਘ ਅਰੋੜਾ, ਬਲਦੇਵ ਸਿੰਘ ਸਹਿਦੇਵ ਅਤੇ ਡਾ. ਸੁਖਦੇਵ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ, ਓਨਟਾਰੀਓ ਸੂਬਾ ਸਰਕਾਰ ਦੇ ਮੰਤਰੀ ਪ੍ਰਭਮੀਤ ਸਿੰਘ ਸਿੰਘ ਸਰਕਾਰੀਆ, ਐੱਮ.ਪੀ.ਪੀ. ਨੀਨਾ ਤਾਂਗੜੀ, ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਅਤੇ ਸਿਟੀ ਕਾਊਂਸਲਰ ਹਰਕੀਰਤ ਸਿੰਘ ਨੇ ਵੀ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ।
ਪ੍ਰੋਗਰਾਮ ਦਾ ਆਰੰਭ ਕਰਦਿਆਂ ਮੰਚ-ਸੰਚਾਲਕ ਹਰਦਿਆਲ ਸਿੰਘ ਝੀਤਾ ਨੇ ਸੱਭ ਤੋਂ ਪਹਿਲਾਂ ਦੋ ਬੱਚੀਆਂ ਆਸ਼ੀਮਾ ਮਡਾਰ ਤੇ ਜੈਸਮੀਨ ਮਡਾਰ ਅਤੇ ਮਨਦੀਪ ਕਮਲ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਗੁਰਬਾਣੀ ਦੇ ਸ਼ਬਦ ઑਮੈਂ ਬਨਜਾਰਨ ਰਾਮ ਕੀ਼ ਅਤੇ ਕੈਨੇਡਾ ਦੇ ਰਾਸ਼ਟਰੀ-ਗੀਤ ‘ਓ ਕੈਨੇਡਾ’ ਦਾ ਗਾਇਨ ਕੀਤਾ। ਉਪਰੰਤ, ਭੁਪਿੰਦਰ ਸਿੰਘ ਬਾਜਵਾ ਅਤੇ ਹਰਦਿਆਲ ਝੀਤਾ ਨੇ ਮਿਲ ਕੇ ਮੰਚ ਦੀ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਸੈਮੀਨਾਰ ਦੇ ઑਕੀ-ਸਪੀਕਰ਼ ਡਾ. ਪਰਗਟ ਸਿੰਘ ਬੱਗਾ ਨੂੰ ਬੋਲਣ ਲਈ ਕਿਹਾ ਜਿਨ੍ਹਾਂ ਨੇ ਸਿੱਖੀ ਕੀ ਹੈ ਅਤੇ ਅਜੋਕੇ ਸਮੇਂ ਵਿਚ ਇਸ ਨੂੰ ਸੰਭਾਲਣਾ ਕਿਉਂ ਜ਼ਰੂਰੀ ਹੈ, ਬਾਰੇ ਗੱਲ ਕਰਦਿਆਂ ਆਪਣੇ ਵਿਚਾਰ ਸਰੋਤਿਆਂ ਦੇ ਸਨਮੁਖ ਰੱਖੇ। ਸੈਮੀਨਾਰ ਦੇ ਦੂਸਰੇ ਬੁਲਾਰੇ ਸੁਖਵਿੰਦਰ ਸਿੰਘ ਸੰਧੂ ਨੇ ਸਿੱਖੀ ਨੂੰ ਦਰਪੇਸ਼ ਚੁਣੌਤੀਆਂ ਅਤੇ ਰੁਕਾਵਟਾਂ ਦਾ ਜ਼ਿਕਰ ਕਰਦਿਆਂ ਹੋਇਆਂ ઑਹਉਮੈ਼ ਨੂੰ ਸੱਭ ਤੋਂ ਵੱਡੀ ਰੁਕਾਵਟ ਦੱਸਿਆ। ਉਨ੍ਹਾਂ ਪੁਰਾਤਨ ਜਨਮ-ਸਾਖੀਆਂ ਵਿਚ ਦਰਜ ਕਲਪਿਤ ਕਹਾਣੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਵਿਚ ਆਈਆਂ ਨਾ ਮੰਨਣਯੋਗ ਘਟਨਵਾਂ ਨੇ ਵੀ ਲੋਕਾਂ ਨੂੰ ਸਿੱਖੀ ਤੋਂ ਦੂਰ ਕੀਤਾ ਹੈ ਪਰ ਸਿੱਖੀ ਨੂੰ ਪ੍ਰਫੁੱਲਤ ਕਰਨ ਬਾਰੇ ਉਹ ਕੋਈ ਸੁਝਾਅ ਨਾ ਦੇ ਸਕੇ।
ਹੈਮਿਲਟਨ ਤੋਂ ਪਹੁੰਚੇ ਦੇ ਤੀਸਰੇ ਬੁਲਾਰੇ ਦਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਵਿਚ 5,500 ਤੋਂ ਵਧੇਰੇ ਡੇਰੇ ਚੱਲ ਰਹੇ ਹਨ ਅਤੇ ਹਰ ਇਕ ਡੇਰੇ ਦੀ ਆਪੋ-ਆਪਣੀ ਪ੍ਰੰਪਰਾ ਅਤੇ ਮਰਿਆਦਾ ਹੈ। ਹਰੇਕ ਪਿੰਡ ਵਿਚ ਤਿੰਨ-ਚਾਰ ਜਾਂ ਇਸ ਤੋਂ ਵੀ ਵਧੇਰੇ ਗੁਰਦੁਆਰੇ ਹਨ ਅਤੇ ਦਲਿਤਾਂ ਤੇ ਹੋਰ ਜਾਤੀਆਂ ਦੇ ਵੱਖਰੇ ਗੁਰਦੁਆਰੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਸਾਡੇ ਆਪਣੇ ਵਿਚ ਏਕਤਾ ਹੈ ਤੇ ਨਾ ਹੀ ਸਾਡੇ ਵਿਚਾਰਾਂ ਵਿਚ ਏਕਤਾ ਹੈ ਅਤੇ ਇਨ੍ਹਾਂ ਹਾਲਤਾਂ ਵਿਚ ਸਿੱਖੀ ਨੂੰ ਵੱਡੀ ਢਾਹ ਲੱਗ ਰਹੀ ਹੈ। ਨਤੀਜੇ, ਵਜੋਂ ਨੌਜੁਆਨ-ਪੀੜ੍ਹੀ ਸਿੱਖੀ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ। ਸਿੱਖ ਧਰਮ ਅਤੇ ਰਾਜਨੀਤੀ ਬਾਰੇ ਚਰਚਾ ਕਰਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰੰਪਰਾ ਅਤੇ ਇਸ ਦੇ ਅਜੋਕੇ ਜੱਥੇਦਾਰਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਚਰਚਾ ਕਰਦਿਆਂ ਹੋਇਆਂ ਕਈ ਸੰਪਰਦਾਵਾਂ, ਦਸਮ-ਗ੍ਰੰਥ ਦੇ ਰੋਲ਼-ਘਚੋਲੇ ਅਤੇ ਲੋਕਾਂ ਦੀ ਸਿੱਖੀ ਤੋਂ ਹੋ ਰਹੀ ਦੂਰੀ ਦੀ ਗੱਲ ਬਾਖ਼ੂਬੀ ਕੀਤੀ ਪਰ ਉਹ ਵੀ ਇਸ ਦੀ ਪ੍ਰਫੁੱਲਤਾ ਲਈ ਕੋਈ ਠੋਸ ਸੁਝਾਅ ਨਾ ਦੇ ਸਕੇ।
‘ਪੰਜਾਬੀ ਵਿਚਾਰ ਮੰਚ’ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਅਜੋਕੇ ਸਮੇਂ ਵਿਚ ਸੰਸਾਰ-ਭਰ ਵਿਚ ਫ਼ੈਲੇ ਪੂੰਜੀਵਾਦ, ਸਿਆਸਤ ਦੀ ਧਰਮ ਉੱਪਰ ਜਕੜ ਅਤੇ ਧਾਰਮਿਕ-ਅਸਹਿਣਸ਼ੀਲਤਾ ਦੀ ਗੱਲ ਕਰਦਿਆਂ ਸਿੱਖੀ ਵਿਚ ਆ ਰਹੀ ਗਿਰਾਵਟ ਨੂੰ ਆਪਣੇ ਸੰਬੋਧਨ ਦਾ ਵਿਸ਼ਾ ਬਣਾਇਆ। ਉਨ੍ਹਾਂ ਭਾਰਤ ਦੇ ਦਲਿਤ-ਵਰਗ ਦੇ ਈਸਾਈ ਧਰਮ ਵੱਲ ਵੱਧ ਰਹੇ ਝੁਕਾਅ ਬਾਰੇ ਵੀ ਚਿੰਤਾ ਪ੍ਰਗਟਾਈ। ਪ੍ਰਿੰਸੀਪਲ ਨਿਰਵੈਰ ਸਿੰਘ ਅਰੋੜਾ ਨੇ ‘ਸਿੱਖੀ ਕੀ ਹੈ’ ਤੋਂ ਸ਼ੁਰੂ ਹੋ ਕੇ ਸਿੱਖਾਂ ਦੇ ਦਸਾਂ ਗੁਰੂਆਂ ਦੇ ਇਤਿਹਾਸ ਬਾਰੇ ਦੱਸਦਿਆਂ ਆਪਣੇ ਵਿਚਾਰਾਂ ਨੂੰ ਅਜੋਕੇ ਹਾਲਾਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਅਜੋਕੀ ਧਾਰਮਿਕ ਲੀਡਰਸ਼ਿਪ ਨੂੰ ਸਿੱਖੀ ਦੇ ਨਿਘਾਰ ਵੱਲ ਲਿਜਾਣ ਦਾ ਮੁੱਖ ਕਾਰਨ ਬਿਆਨ ਕੀਤਾ। ਪਰ ਸਿੱਖੀ ਨੂੰ ਮੁੜ-ਸੁਰਜੀਤ ਕਰਨ ਬਾਰੇ ਇਸ ਨੂੰ ਆਪਣੇ ਘਰਾਂ ਤੋਂ ਸ਼ੁਰੂ ਕਰਨ ਤੋਂ ਇਲਾਵਾ ਉਹ ਵੀ ਕੋਈ ਹੋਰ ਠੋਸ ਸੁਝਾਅ ਨਾ ਦੇ ਸਕੇ।
ਸੈਮੀਨਾਰ ਦੇ ਆਖ਼ਰੀ ਬੁਲਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋਫ਼ੈਸਰ ਤੇ ਡੀਨ ਲਾਈਫ਼ ਸਾਇੰਸਜ਼ ਸੁਖਦੇਵ ਸਿੰਘ ਦੇ ਬੋਲਣ ਦਾ ਵਿਸ਼ਾ ‘ਵਿਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਇਕ ਸਾਧਨ’ ਬੇਸ਼ਕ ਸੈਮੀਨਾਰ ਦੇ ਵਿਸ਼ੇ ਨਾਲੋਂ ਕੁਝ ਹੱਟਵਾਂ ਸੀ ਪਰ ਉਨ੍ਹਾਂ ਨੇ ਗੁਰਬਾਣੀ ਦੇ ਕਈ ਹਵਾਲਿਆਂ ਅਤੇ ਲੈਪਟਾਪ ਦੀ ਮਦਦ ਨਾਲ ਟੀ.ਵੀ.ਸਕਰੀਨ ਉੱਪਰ ਵਿਖਾਈਆਂ ਗਈਆਂ ਵੱਖ-ਵੱਖ ਸਲਾਈਡਾਂ ਨਾਲ ਆਪਣੇ ਸੰਬੋਧਨ ਨੂੰ ਕਾਫ਼ੀ ਦਿਲਚਸਪ ਬਣਾਇਆ। ਮਾਂ-ਬਾਪ ਦੇ ਰਕਤ਼ ਤੇ ઑਬਿੰਦ਼ (ਅੰਡੇ ਤੇ ਸ਼ੁਕਰਾਣੂ) ਦੇ ਮਿਲਾਪ ਤੋਂ ਬਾਅਦ ਗਰਭ-ਅਵਸਥਾ ਦੌਰਾਨ ਬੱਚੇ ਦੇ ਆਲੇ-ਦੁਆਲੇ ਵੱਖ-ਵੱਖ ਕੁਦਰਤੀ ਪ੍ਰੋਟੀਨਾਂ ਦੇ ਬਣੇ ਹੋਏ ઑਘੇਰੇ਼ (ਪਲੇਸੈਂਟਾ) ਨੂੰ ‘ਰਾਮਕਾਰ’ ਦੱਸ ਕੇ ਉਨ੍ਹਾਂ ਨੂੰ ਬੱਚੇ ਨੂੰ ਬੀਮਾਰੀਆਂ ਤੋਂ ਸੁਰੱਖਿਆ ਰੱਖਣ ਲਈ ਗੁਰਬਾਣੀ ਦੇ ਵਾਕਾਂ ”ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਭਾਈ” ਅਤੇ ”ਅਉਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਮ੍ਹਾਲੇ” ਬਾਰੇ ਵਿਗਿਆਨਕ-ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕੁਦਰਤੀ ઑਰਾਮਕਾਰ਼ ਮਨੁੱਖ ਦੇ ਵੱਡੇ ਹੋਣ ઑਤੇ ਵੀ ਸਰੀਰ ਅੰਦਰਲੇ ਬੀਮਾਰੀਆਂ ਨਾਲ ਲੜਨ ਵਾਲੇ ઑਇਮਿਊਨ ਸਿਸਟਮ਼ ਦੇ ਰੂਪ ਵਿਚ ਉਸ ਦੀ ਰੱਖਿਆ ਕਰਦਾ ਹੈ। ਉਨ੍ਹਾਂ ਦੱਸਿਆ ਸਮੇਂ ਵਿਚ ਗੁਰਬਾਣੀ ਹੀ ਸਾਡਾ ਚਾਨਣ-ਮੁਨਾਰਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਆਪ ਸਮਝ ਕੇ, ਬੱਚਿਆਂ ਨੂੰ ਇਸ ਦੇ ਬਾਰੇ ਸਮਝਾ ਕੇ ਅਤੇ ਆਪਣੇ ਵਿਹਾਰ ਵਿਚ ਲਿਆ ਕੇ ਹੀ ਅਸੀਂ ਸਿੱਖੀ ਨੂੰ ਪ੍ਰਫੁੱਲਤ ਕਰ ਸਕਦੇ ਹਾਂ।
ਇਸ ਦੌਰਾਨ ਸਮਾਗ਼ਮ ਦੇ ਅੰਤ ਵਿਚ ਨਾਮਧਾਰੀ-ਸੰਪਰਦਾਇ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਵੱਲੋਂ ਕਹੀਆਂ ਗਈਆਂ ਕੁਝ ਗੱਲਾਂ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਰਾਮਾਤਾਂ ਦਾ ਜ਼ਿਕਰ ਹੈ, ਅਸੀਂ ਸਾਰੇ ਗੁਰੂ ਨਾਨਕ ਨਾਮ-ਲੇਵਾ ਸਿੱਖ ਹਿੰਦੂਆਂ ਵਿੱਚੋਂ ਹੀ ਹਾਂ, ਆਰ.ਐੱਸ.ਐੱਸ. ਕੋਈ ਮਾੜੀ ਸੰਸਥਾ ਨਹੀਂ ਹੈ ਅਤੇ ਇਸ ਦੇ ਮੁੱਖ-ਦਫ਼ਤਰ ਵਿਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੱਗੀ ਹੋਈ ਹੈ, ਉੱਪਰ ਦਰਸ਼ਕਾਂ ਵਿਚੋਂ ਕਈਆਂ ਵੱਲੋਂ ਸਖ਼ਤ ਇਤਰਾਜ਼ ਕੀਤਾ ਗਿਆ ਜਿਸ ਨਾਲ ਸਮਾਗ਼ਮ ਵਿਚ ਕੁਝ ਰੌਲਾ-ਰੱਪਾ ਵੀ ਪੈ ਗਿਆ। ਇਸ ਦੇ ਬਾਰੇ ਮੰਚ-ਸੰਚਾਲਕ ਦਾ ਕਹਿਣਾ ਸੀ ਕਿ ਨਾਮਧਾਰੀ ਆਗੂ ਠਾਕੁਰ ਦਲੀਪ ਸਿੰਘ ਦੇ ਇਹ ਆਪਣੇ ਨਿੱਜੀ ਵਿਚਾਰ ਹੋ ਸਕਦੇ ਹਨ ਅਤੇ ਸੈਮੀਨਾਰ ਦੇ ਪ੍ਰਬੰਧਕਾਂ ਦਾ ਇਨ੍ਹਾਂ ਦੇ ਨਾਲ ਕੋਈ ਸਬੰਧ ਨਹੀਂ ਹੈ।
ਇਸ ਮੌਕੇ ਕਈ ਦਰਸ਼ਕਾਂ ਦਾ ਇਹ ਵੀ ਕਹਿਣਾ ਸੀ ਇਹ ਪਹਿਲਾ ਧਾਰਮਿਕ ਸੈਮੀਨਾਰ ਹੈ ਜੋ ਬਰੈਂਪਟਨ ਦੇ ਸਿਟੀ-ਹਾਲ ਵਿਚ ਰੱਖਿਆ ਗਿਆ ਹੈ ਅਤੇ ਜਿਸ ਵਿਚ ਕੋਈ ਪ੍ਰਧਾਨਗੀ-ਮੰਡਲ ਨਹੀਂ ਬਣਾਇਆ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …