ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀ ਬਰੈਂਪਟਨ ਦੀ ਰੈੱਡ ਵਿੱਲੋ ਕਲੱਬ ਵਲੋਂ ਕੈਨੇਡਾ ਡੇਅ ਅਤੇ ਭਾਰਤ ਦਾ ਆਜਾਦੀ ਦਿਵਸ ਸਾਂਝੇ ਤੌਰ ‘ਤੇ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਚਾਹ ਪਾਣੀ ਤੋਂ ਬਾਅਦ ਪ੍ਰੋਗਰਾਮ ਦੇ ਸ਼ੁਰੂ ਵਿੱਚ ਕੈਨੇਡਾ ਅਤੇ ਭਾਰਤ ਦੇ ਝੰਡੇ ਝੁਲਾ ਕੇ ‘ਓ ਕਨੇਡਾ’ ਅਤੇ ‘ਰਾਸ਼ਟਰੀ ਗੀਤ’ ਪੇਸ਼ ਕੀਤੇ ਗਏ। ਇਸ ਉਪਰੰਤ ਸਟੇਜ ਸਕੱਤਰ ਅਮਰਜੀਤ ਸਿੰਘ ਨੇ ਬੁਲਾਰਿਆਂ ਨੂੰ ਵਾਰੋ ਵਾਰੀ ਮਾਇਕ ‘ਤੇ ਆਉਣ ਦਾ ਸੱਦਾ ਦਿੱਤਾ।
ਸਟੇਜ ਦੇ ਪ੍ਰੋਗਰਾਮ ਦੌਰਾਨ ਪਰਮਜੀਤ ਬੜਿੰਗ, ਰਮੇਸ਼ਵਰ ਸੰਘਾ, ਬਲਦੇਵ ਰਹਿਪਾ ਨੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਇਸੇ ਦੌਰਾਨ ਔਜਲਾ ਬ੍ਰਦਰਜ਼ ਨੇ ਗੀਤਾਂ ਰਾਹੀਂ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਗਿਆਨ ਸਿੰਘ ਘਈ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਜੋਗਿੰਦਰ ਸਿੰਘ ਪੱਡਾ ਨੇ ਸਾਉਂਡ ਸਿਸਟਮ ਦੀ ਜ਼ਿੰਮੇਵਾਰੀ ਨਿਭਾਈ।
ਪ੍ਰੋਗਰਾਮ ਦੌਰਾਨ ਖਾਣ-ਪੀਣ ਦਾ ਪ੍ਰੋਗਰਾਮ ਲਗਾਤਾਰ ਚਲਦਾ ਰਿਹਾ। ਮਹਿਮਾਨਾਂ ਦੀ ਸੇਵਾ ਵਿੱਚ ਪ੍ਰਕਾਸ਼ ਕੌਰ, ਚਰਨਜੀਤ ਕੌਰ, ਅਮਰਜੀਤ ਕੌਰ, ਮਹਿੰਦਰ ਕੌਰ ਪੱਡਾ, ਸ਼ਿਵਦੇਵ ਸਿੰਘ ਰਾਏ, ਗੋਬਿੰਦਰ ਸਿੰਘ ਜੇਈ ਲਗਾਤਾਰ ਜੁਟੇ ਰਹੇ। ਖਾਣ-ਪੀਣ ਦੇ ਸਮਾਨ ਚਾਵਲ ਅਤੇ ਪਰਸ਼ਾਦ ਆਦਿ ਬਣਾਉਣ ਦੀ ਸੇਵਾ ਬੇਅੰਤ ਕੌਰ, ਹਰਵਿੰਦਰ ਕੌਰ, ਇੰਦਰਜੀਤ ਕੌਰ, ਅਮਰਜੀਤ ਕੌਰ ਆਦਿ ਨੇ ਕੀਤੀ। ਬਲਜੀਤ ਕੌਰ ਸੇਖੋਂ ਅਤੇ ਬਲਜੀਤ ਕੌਰ ਗਰੇਵਾਲ ਨੇ ਵੀ ਆਪਣਾ ਯੋਗਦਾਨ ਪਾਇਆ।
ਸਟੇਜ ਦੇ ਪ੍ਰੋਗਰਾਮ ਤੋਂ ਬਾਅਦ ਖਾਣ-ਪੀਣ ਦਾ ਸਮਾਨ ਖੁੱਲ੍ਹੇ ਤੌਰ ‘ਤੇ ਵਰਤਾਇਆ ਗਿਆ। ਇਸ ਤੋਂ ਬਾਅਦ ਬੱਚਿਆਂ ਦੇ ਵੱਖ-ਵੱਖ ਵਰਗ ਗਰੁੱਪਾਂ ਦੇ ਖੇਡ ਮੁਕਾਬਲੇ ਬਲਵੰਤ ਸਿੰਘ ਕਲੇਰ, ਬਲਦੇਵ ਰਹਿਪਾ, ਮਾ: ਕੁਲਵੰਤ ਸਿੰਘ ਅਤੇ ਹਿੰਮਤ ਸਿੰਘ ਲੱਛਰ ਦੀ ਨਿਗਰਾਨੀ ਵਿੱਚ ਕਰਵਾਏ ਗਏ। ਬੱਚਿਆਂ ਵਿੱਚ ਸਪੋਰਟਸ ਵਿੱਚ ਭਾਗ ਲੈਣ ਲਈ ਬਹੁਤ ਹੀ ਉਤਸ਼ਾਹ ਸੀ। ਜੇਤੂ ਬੱਚਿਆਂ ਦਾ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਸਾਰਾ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ। ਅੰਤ ਵਿੱਚ ਪ੍ਰਧਾਨ ਗੁਰਨਾਮ ਸਿੰਘ ਗਿੱਲ ਨੇ ਆਏ ਮਹਿਮਾਨਾਂ ਤੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਸਹਿਯੋਗ ਸਦਕਾ ਹੀ ਕਲੱਬ ਦੀਆਂ ਗਤੀਵਿਧੀਆਂ ਸਫਲ ਹੁੰਦੀਆਂ ਹਨ। ਕਲੱਬ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਗੁਰਨਾਮ ਸਿੰਘ ਗਿੱਲ ਪ੍ਰਧਾਨ 416-908-1300 ਜਾਂ ਅਮਰਜੀਤ ਸਿੰਘ ਸਕੱਤਰ ਨਾਲ 416-268-6821 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।