8.6 C
Toronto
Monday, October 27, 2025
spot_img
Homeਦੁਨੀਆਟੀ.ਪੀ.ਏ.ਆਰ. ਕਲੱਬ ਦੀ ਪਿਕਨਿਕ 'ਚ ਗੁਰਚਰਨ ਸਿੰਘ ਸ਼ੇਰਗਿੱਲ ਦਾ ਭਰਵਾਂ ਸਵਾਗਤ

ਟੀ.ਪੀ.ਏ.ਆਰ. ਕਲੱਬ ਦੀ ਪਿਕਨਿਕ ‘ਚ ਗੁਰਚਰਨ ਸਿੰਘ ਸ਼ੇਰਗਿੱਲ ਦਾ ਭਰਵਾਂ ਸਵਾਗਤ

ਟੋਰਾਂਟੋ/ਡਾ ਝੰਡ : ਲੰਘੇ ਐਤਵਾਰ ਟੋਰਾਂਟੋ ਪੀਅਰਸਨ ਟੈਕਸੀ ਰਨਰਜ਼ ਕਲੱਬ ਦੇ ਉਤਸ਼ਾਹੀ ਮੈਂਬਰਾਂ ਨੇ ਬਲਿਊ ਮਾਊਂਨਟੇਨ ਦਾ ਸੈਰ ਸਪਾਟਾ ਕੀਤਾ। ਉਹ ਸੀ. ਐਨ. ਟਾਵਰ ਦੀਆਂ ਪੌੜੀਆਂ ਚੜ੍ਹਨ ਵਾਂਗ ਬਲਿਊ ਮਾਊਂਨਟੇਨ ਦੀਆਂ ਚੜ੍ਹਾਈਆਂ ਚੜ੍ਹੇ ਤੇ ਉੱਤਰੇ। ਉਨ੍ਹਾਂ ਜ਼ੋਰ ਵੀ ਲਾਇਆ ਤੇ ਰੀਲੈਕਸ ਵੀ ਹੋਏ। ਪ੍ਰੀਤੀ-ਭੋਜ ਦਾ ਅਨੰਦ ਮਾਣਿਆ ਅਤੇ ਭੰਗੜਾ ਵੀ ਪਾਇਆ। ਸਿਹਤ ਫਿੱਟ ਰੱਖਣ ਦੇ ਨਵੇਂ ਨੁਸ਼ਖੇ ਵਿਚਾਰੇ ਗਏ ਅਤੇ ਆਉਂਦੀਆਂ ਮੈਰਾਥਨ ਦੌੜਾਂ ਲਈ ਤਿਆਰੀਆਂ ਹੋਰ ਜ਼ੋਰ ਸ਼ੋਰ ਨਾਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਵੱਲੋਂ ਇਸ ਪਿਕਨਿਕ ਵਿਚ ਸ਼ਾਮਲ ਹੋਣ ‘ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਸ਼ੇਰਗਿੱਲ ਨੇ ਆਪਣੇ ਪੁੱਤਰ ਅਮਰਦੀਪ ਦੀ ਯਾਦ ਵਿਚ ਦੁਆਬੇ ਦੇ ਪੇਂਡੂ ਖੇਤਰ ਵਿਚ ਕਾਲਜ ਦੀ ਸਥਾਪਨਾ ਕੀਤੀ ਹੈ ਜਿਥੋਂ ਹਜ਼ਾਰਾਂ ਪੇਂਡੂ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਕੇ ਚੰਗੇ ਕੈਰੀਅਰ ਬਣਾ ਰਹੇ ਹਨ। ਅਮਰਦੀਪ ਕਾਲਜ ਪੰਜਾਬ ਦੇ ਪੇਂਡੂ ਇਲਾਕੇ ਦਾ ਚਾਨਣ-ਮੁਨਾਰਾ ਹੈ ਜਿਸ ਦੀ ਸਰਪ੍ਰਸਤੀ ਉੱਘੇ ਸਿੱਖਿਆ ਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਕਰ ਰਹੇ ਹਨ। ਸ਼ੇਰਗਿੱਲ ਸਾਹਿਬ ਦਸ ਕੁ ਦਿਨਾਂ ਲਈ ਅਮਰਦੀਪ ਕਾਲਜ ਦੇ ਸਾਬਕਾ ਪ੍ਰਿੰਸੀਪਲ ਸਰਵਣ ਸਿੰਘ ਪਾਸ ਆਏ ਹੋਏ ਹਨ। ਉਹ ਵੀ ਟੀ.ਪੀ.ਏ.ਆਰ. ਕਲੱਬ ਦੀਆਂ ਖ਼ੁਸ਼ੀਆਂ ਵਿਚ ਸ਼ਾਮਲ ਹੋਏ।
ਇਸ ਦੌਰਾਨ ਸਵੇਰੇ 8.00 ਵਜੇ ਸਾਰੇ ਮੈਂਬਰਾਂ ਦੇ ਏਅਰਪੋਰਟ ਰੋਡ ਤੇ ਕੰਟਰੀਸਾਈਡ ਪਲਾਜ਼ੇ ਵਿਚ ਪਹੁੰਚਣ ‘ਤੇ ਸਬ-ਵੇਅ ਰੈਸਟੋਰੈਂਟ ਦੇ ਮਾਲਕ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਬਰੇਕ-ਫ਼ਾਸਟ ਦੀ ਸੇਵਾ ਕੀਤੀ ਗਈ। ਉਪਰੰਤ, ਸਾਢੇ ਅੱਠ ਵਜੇ ਉੱਥੋਂ ਬੱਸ ਵਿਚ ਸਵਾਰ ਹੋ ਕੇ ਬਲਿਊ ਮਾਊਨਟੇਨ ਵੱਲ ਚਾਲੇ ਪਾ ਦਿੱਤੇ ਗਏ। ਉੱਥੇ ਪਹੁੰਚ ਕੇ ਮੈਂਬਰਾਂ ਨੇ ਕੁਦਰਤੀ ਤੌਰ ‘ਤੇ ਬਣੀਆਂ ਹੋਈਆਂ ਗੁਫ਼ਾਵਾਂ (ਕੇਵਜ਼) ਦੇ ਖ਼ੂਬ ਨਜ਼ਾਰੇ ਲਏ ਅਤੇ ਫਿਰ ਨਿਸਚਿਤ ਜਗ੍ਹਾ ‘ਤੇ ਇਕੱਠੇ ਹੋ ਕੇ ‘ਕੇਸਰ ਰੈਸਟੋਰੈਂਟ’ ਦੇ ਅਨੁਭਵੀ-ਕੁੱਕ ਰਾਜੂ ਵੱਲੋਂ ਮੌਕੇ ‘ਤੇ ਤਿਆਰ ਕੀਤੇ ਗਏ ਗਰਮ-ਗਰਮ ਤਾਜ਼ਾ ਲੰਚ ਦਾ ਅਨੰਦ ਮਾਣਿਆਂ। ਇਸ ਨੂੰ ਸਪਾਂਸਰ ਵੀ ਇਸ ਦੇ ਮਾਲਕ ਜਸਪਾਲ ਚੰਦੀ ਵੱਲੋਂ ਕੀਤਾ ਗਿਆ।
ਵਾਪਸੀ ‘ਤੇ ਬੱਸ ਵਸਾਗਾ ਬੀਚ ਵੱਲ ਮੋੜ ਲਈ ਗਈ ਜਿੱਥੇ ਲੱਗਭੱਗ ਦੋ ਘੰਟੇ ਸਮੁੰਦਰ ਦੇ ਕੰਢੇ-ਕੰਢੇ ਖ਼ੂਬਸੂਰਤ ਬੀਚ ‘ਤੇ ਸੈਰ ਕਰਦਿਆਂ ਹੋਇਆਂ ਸਮੁੰਦਰੀ ਛੱਲਾਂ ਦੇ ਕੌਤਕ ਤੱਕੇ। ਏਨੇ ਨੂੰ ਸ਼ਾਮ ਦੇ ਸੱਤ ਵੱਜ ਗਏ ਅਤੇ ਵਾਪਸੀ ਦਾ ਵੀ ਫ਼ਿਕਰ ਪਿਆ। ਖ਼ੈਰ, ਸਾਢੇ ਕੁ ਸੱਤ ਵਜੇ ਵਾਪਸੀ ਦਾ ਸਫ਼ਰ ਅਰੰਭ ਹੋਇਆ ਅਤੇ ਰਾਤ ਸਾਢੇ ਦਸ ਵਜੇ ਜੀਤ ਆਟੋ ਵਿਖੇ ਸਾਰਿਆਂ ਨੇ ਲੋੜ ਅਨੁਸਾਰ ਡਿਨਰ ਕੀਤਾ ਜਿਸ ਨੂੰ ਲੋਟੇ ਭਰਾਵਾਂ ਜੀਤ, ਕੁਲਦੀਪ ਤੇ ਪਰਮਿੰਦਰ ਵੱਲੋਂ ਤਿਆਰ ਕਰਵਾਇਆ ਗਿਆ ਸੀ। ਇਸ ਟੂਰ ਲਈ ਬੱਸ ਦੀ ਸੇਵਾ ਉੱਘੇ ਰਿਆਲਟਰ ਗਿਆਨ ਸਿੰਘ ਨਾਗਰਾ ਵੱਲੋਂ ਕੀਤੀ ਗਈ। ਸਮੁੱਚੇ ਟੂਰ ਦੌਰਾਨ ਡਾ. ਜੈਪਾਲ ਸਿੱਧੂ, ਰਾਕੇਸ਼ ਸ਼ਰਮਾ ਤੇ ਧਿਆਨ ਸਿੰਘ ਸੋਹਲ ਵੱਲੋਂ ਵਾਲੰਟੀਅਰ ਸੇਵਾਵਾਂ ਬਾਖ਼ੂਬੀ ਨਿਭਾਈਆਂ ਗਈਆਂ। ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਸਾਰੇ ਮੈਂਬਰਾਂ, ਵਾਲੰਟੀਅਰਾਂ ਤੇ ਸਪਾਂਸਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS