Breaking News
Home / ਕੈਨੇਡਾ / ਉੱਘੇ ਨਾਟਕਕਾਰ ਡਾ. ਹਰਚਰਨ ਸਿੰਘ ਦੇ ਨਾਟਕ ‘ਹਿੰਦ ਦੀ ਚਾਦਰ’ ਦਾ ਬਰੈਂਪਟਨ ਵਿੱਚ ਸਫ਼ਲ ਮੰਚਨ

ਉੱਘੇ ਨਾਟਕਕਾਰ ਡਾ. ਹਰਚਰਨ ਸਿੰਘ ਦੇ ਨਾਟਕ ‘ਹਿੰਦ ਦੀ ਚਾਦਰ’ ਦਾ ਬਰੈਂਪਟਨ ਵਿੱਚ ਸਫ਼ਲ ਮੰਚਨ

hind-di-chadar-by-jaspal-dhillonਬਰੈਂਪਟਨ/ਡਾ.ਝੰਡ
ਲੰਘੇ ਐਤਵਾਰ 4 ਦਸੰਬਰ ਨੂੰ ਪੰਜਾਬੀ ਦੇ ਉੱਘੇ ਨਾਟਕਕਾਰ ਡਾ. ਹਰਚਰਨ ਸਿੰਘ ਦਾ ਲਿਖਿਆ ਹੋਇਆ ਨਾਟਕ ‘ਹਿੰਦ ਦੀ ਚਾਦਰ’ ਟੋਰਾਂਟੋ ਦੇ ਮਹਾਨ ਕਲਾਕਾਰ ਅਤੇ ਡਾਇਰੈਕਟਰ ਜਸਪਾਲ ਢਿੱਲੋਂ ਦੀ ਟੀਮ ਵੱਲੋਂ ‘ਓਨਟਾਰੀਓ ਪੰਜਾਬੀ ਥੀਏਟਰ ਐਂਡ ਆਰਟਸ’ ਦੇ ਬੈਨਰ ਹੇਠ ਵਿਲੀਅਮ ਪਾਰਕਵੇਅ ਸਥਿਤ ਚਿੰਗੂਆਕੂਜ਼ੀ ਸੈਕੰਡਰੀ ਸਕੂਲ ਦੇ ਵਿਸ਼ਾਲ ਆਡੀਟੋਰੀਅਮ ਵਿੱਚ ਸਫ਼ਲਤਾ ਪੂਰਵਕ ਖੇਡਿਆ ਗਿਆ।
ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਵੱਲੋਂ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੇ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਦਿੱਤੀ ਗਈ ਲਾਸਾਨੀ ਸ਼ਹੀਦੀ ਨੂੰ ਬੜੇ ਕਲਾਤਮਿਕ ਢੰਗ ਨਾਲ ਦਰਸਾਉਂਦਾ ਇਹ ਨਾਟਕ ਇਸ ਸ਼ਹੀਦੀ ਸਾਕੇ ਤੋਂ ਸ਼ੁਰੂ ਹੋ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਵਿੱਚ 1699 ਦੀ ਵਿਸਾਖੀ ਵਾਲੇ ਦਿਨ ਸਿੰਘਾਂ ਨੂੰ ਅੰਮ੍ਰਿਤ ਛਕਾਉਣ, ਖ਼ਾਲਸਾ ਫ਼ੌਜ ਤਿਆਰ ਕਰਨ, ਮਸੰਦਾਂ ਦੇ ਮਾੜੇ ਕਿਰਦਾਰਾਂ ਨੂੰ ਉਜਾਗਰ ਕਰਨ, ਅਨੰਦਪੁਰ ਸਾਹਿਬ ਨੂੰ ਮੁਗਲਈ ਅਤੇ ਬਾਈਧਾਰ ਰਾਜਿਆਂ ਦੀਆਂ ਫ਼ੌਜਾਂ ਵੱਲੋਂ ਘੇਰਾ ਪਾਉਣ ਤੋਂ ਬਾਅਦ ਗੁਰੂ ਜੀ ਵੱਲੋਂ ਅਨੰਦਪੁਰ ਸਾਹਿਬ ਨੂੰ ਛੱਡਣ, ਚਮਕੌਰ ਦੀ ਕੱਚੀ ਗੜ੍ਹੀ ਵਿੱਚ ਹੋਈ ਸੰਸਾਰ ਦੀ ਸੱਭ ਤੋਂ ਅਸਾਵੀਂ-ਜੰਗ ਵਿੱਚ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਅਤੇ ਚਾਲੀ ਸਿੰਘਾਂ ਦੀ ਸ਼ਹੀਦੀ, ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹੁਕਮ ਨਾਲ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ ਦੀਵਾਰ ਵਿੱਚ ਜਿੰਦਾ ਚਿਣੇ ਜਾਣ ਦੇ ਹਿਰਦੇਵੇਦਕ ਸਾਕੇ ਅਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਇਸ ਦਾ ਬਦਲਾ ਲੈਣ ਤੱਕ ਦੇ ਕਈ ਦ੍ਰਿਸ਼ ਪਰਦੇ ਦੇ ਪਿੱਛੇ ਰੌਸ਼ਨੀ ਤੇ ਆਵਾਜ਼ ਦੇ ਨਾਲ ਨਾਲ ਵੱਖ-ਵੱਖ ਕਲਾਕਾਰਾਂ ਦੇ ਭਾਵਪੂਰਤ ਸੰਵਾਦਾਂ ਰਾਹੀਂ ਬੜੀ ਖ਼ੂਬਸੂਰਤੀ ਨਾਲ ਵਿਖਾਏ ਗਏ। ਨਾਟਕ ਵਿੱਚ ਕੁਲਵਿੰਦਰ ਖਹਿਰਾ ਦੇ ਲਿਖੇ ਰਾਜ ਘੁੰਮਣ ਵੱਲੋਂ ਗਾਏ ਗੀਤ ਵੀ ਕਹਾਣੀ ਨੂੰ ਅੱਗੇ ਤੋਰਨ ਵਿੱਚ ਵਧੀਆ ਸਹਾਈ ਹੋਏ। ਨਾਟਕ ਦੇ ਸਾਰੇ ਹੀ ਕਲਾਕਾਰ ਸਥਾਨਕ ਸਨ।
ਸੂਤਰਧਾਰ ‘ਧਰਤੀ’ ਦਾ ਰੋਲ ਲਿਵਲੀਨ ਵੱਲੋਂ ਬਾਖ਼ੂਬੀ ਨਿਭਾਇਆ ਗਿਆ। ਨਾਟਕ ਦੀ ਸਫ਼ਲਤਾ ਲਈ ਸੁਰਜੀਤ ਢੀਂਡਸਾ, ਜੋਗਿੰਦਰ ਸੰਘੇੜਾ, ਜੋਅ ਸਿੰਘ, ਜੈਗ ਧਾਲੀਵਾਲ, ਕਰਮਜੀਤ ਗਿੱਲ, ਪਰਮਜੀਤ ਦਿਓਲ, ਜੋਬਨ ਦਿਓਲ, ਵਿਵੇਕ ਕੋਹਲੀ, ਰਜਿੰਦਰ ਬੋਇਲ, ਹਰਪ੍ਰੀਤ ਢਿੱਲੋਂ, ਰਮਣੀਕ ਸਿੰਘ ਸਮੇਤ ਸਾਰੇ ਹੀ ਕਲਾਕਾਰ ਵਧਾਈ ਦੇ ਪਾਤਰ ਹਨ। ਜਸਪਾਲ ਢਿੱਲੋਂ ਦੀ ਨਿਰਦੇਸ਼ਨਾ ਅਤੇ ਉਸ ਦੀ ਕਲਾਕਾਰੀ ਦਾ ਕੋਈ ਜੁਆਬ ਨਹੀਂ। ਵੱਖ-ਵੱਖ ਇਤਿਹਾਸਕ ਘਟਨਾਵਾਂ ਦੀ ਬਾਰੀਕੀ ਵਿੱਚ ਜਾ ਕੇ ਉਨ੍ਹਾਂ ਨੂੰ ਮੰਚ ‘ਤੇ ਸਹੀ ਤਰੀਕੇ ਨਾਲ ਉਜਾਗਰ ਕਰਨਾ ਉਸ ਦੀ ਖ਼ਾਸ ਖ਼ੂਬੀ ਹੈ। ਨਾਟਕ ਦੇ ਅੰਤ ਵਿੱਚ ਕਲਾਕਾਰਾਂ ਨੂੰ ਪਲੇਕਸ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ।
ਨਾਟਕ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਜ ਘੁੰਮਣ ਨੇ ਆਏ ਦਰਸ਼ਕਾਂ ਅਤੇ ਪਤਵੰਤਿਆਂ ਨੂੰ ‘ਜੀ ਆਇਆਂ’ ਕਿਹਾ। ਉਨ੍ਹਾਂ ਨੇ ਇਸ ਮੌਕੇ ਨਾਟਕ ਦੇ ਸਪਾਂਸਰਾਂ ਦਾ ਖ਼ਾਸ ਤੌਰ ‘ਤੇ ਧੰਨਵਾਦ ਕੀਤਾ ਜਿਨ੍ਹਾਂ ਦੇ ਭਰਪੂਰ ਸਹਿਯੋਗ ਸਦਕਾ ਇਹ ਨਾਟਕ ਦਰਸ਼ਕਾਂ ਦੇ ਰੂ-ਬਰੂ ਹੋ ਸਕਿਆ।
ਬਰੈਂਪਟਨ ਦੇ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਇਸ ਇਤਿਹਾਸਕ ਨਾਟਕ ਦੇ ਮੰਚਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੇ ਬਰੈਂਪਟਨ ਸਿਟੀ ਕੌਂਸਲ ਵੱਲੋਂ ਇਸ ਮੌਕੇ ਇੱਕ ਸ਼ਲਾਘਾ ਸਰਟੀਫੀਕੇਟ ਵੀ ਪ੍ਰਬੰਧਕਾਂ ਨੂੰ ਭੇਂਟ ਕੀਤਾ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …