Breaking News
Home / ਕੈਨੇਡਾ / ਨਾਹਰ ਔਜਲਾ ਦੇ ਨਿਰਦੇਸ਼ਨ ਵਿੱਚ ਖੇਡੇ ਗਏ ਨਾਟਕਾਂ ‘ਮਸਲਾ ਮੈਰਿਜ ਦਾ’ ਅਤੇ ‘ਸੁਪਰ ਵੀਜ਼ਾ’ ਨੇ ਦਰਸ਼ਕ ਕੀਲੇ

ਨਾਹਰ ਔਜਲਾ ਦੇ ਨਿਰਦੇਸ਼ਨ ਵਿੱਚ ਖੇਡੇ ਗਏ ਨਾਟਕਾਂ ‘ਮਸਲਾ ਮੈਰਿਜ ਦਾ’ ਅਤੇ ‘ਸੁਪਰ ਵੀਜ਼ਾ’ ਨੇ ਦਰਸ਼ਕ ਕੀਲੇ

logo-2-1-300x105ਬਰੈਂਪਟਨ/ਡਾ. ਝੰਡ
ਬੀਤੇ ਐਤਵਾਰ 25 ਸਤੰਬਰ ਨੂੰ ‘ਜੇਮਜ਼ ਪੌਟਰ ਸੀਨੀਅਰਜ਼ ਕਲੱਬ’ ਦੇ ਸਹਿਯੋਗ ਨਾਲ ‘ਚੇਤਨਾ ਰੰਗਮੰਚ’ ਵੱਲੋਂ ਨਾਹਰ ਸਿੰਘ ਔਜਲਾ ਦੀ ਨਿਰਦੇਸ਼ਨਾ ਹੇਠ ਦੋ ਨਾਟਕ ‘ਮਸਲਾ ਮੈਰਿਜ ਦਾ’ ਅਤੇ ‘ਸੁਪਰ ਵੀਜ਼ਾ’ ਸਫ਼ਲਤਾ-ਪੂਰਵਕ ਖੇਡੇ ਗਏ। ਇਨ੍ਹਾਂ ਦੋਹਾਂ ਨਾਟਕਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਇਨ੍ਹਾਂ ਵਿੱਚ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ-ਨਾਲ ਸਮਾਜ ਨੂੰ ਦਰਪੇਸ਼ ਕਈ ਅਜੋਕੀਆਂ ਸਮੱਸਿਆਵਾਂ ਨੂੰ ਬੜੇ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ। ਜਿੱਥੇ ਪਹਿਲੇ ਨਾਟਕ ‘ਮਸਲਾ ਮੈਰਿਜ ਦਾ’ ਵਿੱਚ ਇੱਥੋਂ ਦੇ ਪੰਜਾਬੀ ਲੜਕਿਆਂ ਵਿੱਚ ਵੀ ਵਿਆਹ ਨੂੰ ਅੱਗੇ ਟਾਲੀ ਜਾਣ ਅਤੇ ‘ਕਾਮਨ ਪਾਰਨਰਜ਼’ ਵਾਂਗ ਹੀ ਇਕੱਠੇ ਰਹੀ ਜਾਣ ਦੇ ਦਿਨੋਂ-ਦਿਨ ਵੱਧ ਰਹੇ ਰੁਝਾਨ ਨੂੰ ਬਾਖ਼ੂਬੀ ਦਰਸਾਇਆ ਗਿਆ, ਉੱਥੇ ਦੂਸਰੇ ਨਾਟਕ ‘ਸੁਪਰ ਵੀਜ਼ਾ’ ਵਿੱਚ ਸੁਪਰ ਵੀਜ਼ੇ ਤਹਿਤ ਮਾਪਿਆਂ ਨੂੰ ਇੱਥੇ ਮੰਗਵਾਉਣ ਤੋਂ ਬਾਅਦ ਉਨ੍ਹਾਂ ਨਾਲ ਚੰਗਾ ਵਰਤਾਓ ਨਾ ਕਰਨ ਅਤੇ ਉਨ੍ਹਾਂ ਨੂੰ ਬੱਚਿਆਂ ਦੀ ਦੇਖ-ਭਾਲ ਕਰਨ ਲਈ ਵਰਤੇ ਜਾਂਦੇ ਮਹਿਜ਼ ਇੱਕ ਸਾਧਨ ਵਜੋਂ ਵਰਤਣ ਤੱਕ ਹੀ ਸੀਮਤ ਰੱਖਣ ਬਾਰੇ ਬੜੇ ਭਾਵ-ਪੂਰਤ ਢੰਗ ਨਾਲ ਰੌਸ਼ਨੀ ਪਾਈ ਗਈ। ਪਹਿਲੇ ਨਾਟਕ ਦੇ ਹੀਰੋ ਨੌਜੁਆਨ ਵੱਲੋਂ ਤੂੰਬੀ ਨਾਲ ਗਾਉਂਦੇ ਰਹਿਣ ਵਿੱਚ ਹੀ ਮਸਤ ਰਹਿਣ ਅਤੇ ਹੋਰ ਕਿਸੇ ਕੰਮ-ਕਾਜ ਵੱਲ ਧਿਆਨ ਨਾ ਦੇਣ, ਇੱਥੋਂ ਤੀਕ ਕਿ ਮਾਪਿਆਂ ਅਤੇ ‘ਨੇਕ-ਸਲਾਹਕਾਰ’ (ਕਮਲਜੀਤ ਰਾਏ) ਵੱਲੋਂ ਵਿਆਹ ਬਾਰੇ ਸਲਾਹ ਦੇਣ ‘ਤੇ ਵੀ ਉਸ ਦੇ ਵੱਲੋਂ ਟਾਲਾ ਵੱਟਣ ਦੀ ਐਕਟਿੰਗ ਸੁਖਜੀਤ ਵੱਲੋਂ ਬਹੁਤ ਵਧੀਆ ਨਿਭਾਈ ਗਈ। ਉਸ ਦੀ ‘ਨੇਕ-ਸਲਾਹ’ ਕਿ ‘ਵਿਆਹ ਤਾਂ ਮੈਂ ਵੀ ਕੈਨੇਡਾ ਆਉਣ ਕਰਕੇ ਹੀ ਕਰਾਇਆ ਸੀ, ਊਂ ਤਾਂ ਮੈਂ ਵੀ ਬਹੁਤਾ ਇਹਦੇ ਹੱਕ ਵਿੱਚ ਨਹੀਂ’ ਦਰਸ਼ਕਾਂ ਵਿੱਚ ਹਾਸੇ ਦਾ ‘ਫਰਾਟਾ’ ਜਿਹਾ ਛੱਡ ਗਈ। ਮਾਪਿਆਂ ਦਰਵੇਸ਼ ਸੇਠੀ ਤੇ ਕੁਲਦੀਪ ਗਰੇਵਾਲ ਦੇ ਸਹਿਯੋਗੀ ਰੋਲ ਵੀ ਬਾ-ਕਮਾਲ ਸਨ।
ਦੂਸਰੇ ਨਾਟਕ ‘ਸੁਪਰ ਵੀਜ਼ੇ’ ਵਿੱਚ ਕੈਨੇਡਾ ਵਿੱਚ ਇੱਕ ਪੰਜਾਬੀ ਜੋੜੀ ਵੱਲੋਂ ਦੂਸਰੇ ਬੱਚੇ ਦੇ ਹੋਣ ਤੋਂ ਪਹਿਲਾਂ ਸੁਪਰ-ਵੀਜ਼ੇ ‘ਤੇ ਮੰਗਵਾਏ ਮਾਪਿਆਂ ਨਾਲ ਉਨ੍ਹਾਂ ਦੀ ਨੂੰਹ ਵੱਲੋਂ ਠੀਕ ਵਿਵਹਾਰ ਨਹੀਂ ਕੀਤਾ ਜਾਂਦਾ। ਉਨ੍ਹਾਂ ਨੂੰ ਗੱਲ-ਗੱਲ ‘ਤੇ ਟੋਕਿਆ ਜਾਂਦਾ ਹੈ ਅਤੇ ਆਪਣੇ ਨਾਲ ਬਾਹਰ ਵੀ ਨਹੀਂ ਲਿਜਾਇਆ ਜਾਂਦਾ। ਆਪਣੀ ਪੋਤੀ ਨੂੰ ਸਕੂਲ ਦੀ ਬੱਸ ‘ਤੇ ਚੜ੍ਹਾਉਣ ਅਤੇ ਵਾਪਸ ਲਿਆਉਣ ਦੀ ਡਿਊਟੀ ਸੰਭਾਲਣ ਵਾਲੇ ‘ਦਾਦੇ’ ਨੂੰ ਇੱਕ ਦਿਨ ਵਾਪਸੀ ‘ਤੇ ਬੇਟੀ ਨੂੰ ਸਕੂਲ ਬੱਸ ਤੋਂ ਲੈਣ ਹੋ ਜਾਣ ਦੇ ਕਾਰਨ ਨੂੰਹ ਵੱਲੋਂ ‘ਡਾਂਟ’ ਭਰੀ ਉੱਚੀ ਆਵਾਜ਼ ਵਿੱਚ ਬੋਲਣ ਤੋਂ ਉਹ ਏਨਾ ਨਰਾਜ਼ ਅਤੇ ਗੁੱਸੇ ਹੋ ਜਾਂਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਪੰਜਾਬ ਦੀ ਵਾਪਸੀ ਦੀ ਹਵਾਈ ਟਿਕਟ ਲਿਆਉਣ ਲਈ ਕਹਿੰਦਾ ਹੈ। ਇੱਥੇ ਘਰ ਦਾ ਤਣਾਅ-ਪੂਰਨ ਅਤੇ ਸੋਗਮਈ ਮਾਹੌਲ ਏਨਾ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਕਿ ਦਰਸ਼ਕ ਸਾਹ ਸੂਤ ਕੇ ਇਸ ਨੂੰ ਵੇਖਦੇ ਹਨ ਅਤੇ ਥਾਂ-ਥਾਂ ਭਰਪੂਰ ਤਾੜੀਆਂ ਨਾਲ ਇਸ ਦਾ ਸਵਾਗ਼ਤ  ਕਰਦੇ ਹਨ।
ਇਹ ਨਹੀਂ ਕਿ ਇਨ੍ਹਾਂ ਨਾਟਕਾਂ ਵਿੱਚ ਕੇਵਲ ਭਾਵੁਕ ਅਤੇ ਸੀਰੀਅਸ ਸੀਨ ਹੀ ਹਨ, ਸਗੋਂ ਇਨ੍ਹਾਂ ਦੇ ਵਿੱਚ ਹਾਸੇ ਨਾਲ ਵੱਖੀਆਂ ਤੋੜਨ ਵਾਲੇ ਵੀ ਬੜੇ ਹੁਸੀਨ ਪਲ ਹਨ। ‘ਸਲਾਹਕਾਰ’ ਦਾ ਰੌਚਿਕ ਡਾਇਲਾਗ  ‘ਲੋਕੀਂ ਇੱਥੇ ਦੋ-ਦੋ ਵਿਆਹ ਕਰਾਉਣ ਨੂੰ ਤਿਆਰ ਆ, ਤੇ ਇੱਕ ਤੂੰ ਆਂ ਕਿ ਇੱਕ ਦੇ ਲਈ ਵੀ ਨਹੀਂ ਮੰਨਦਾ ਪਿਆ’, ਪਾਰਕ ਵਿੱਚ ਬੈਂਚ ‘ਤੇ ਬੈਠੇ ਇੱਕ ਬਜ਼ੁਰਗ ਵੱਲੋਂ ‘ਰੋਜ਼’ ਨਾਮੀ ਲੜਕੀ ਨੂੰ ਤਰ੍ਹਾਂ-ਤਰ੍ਹਾਂ ਦੇ ਆਵਾਜ਼ੇ ਕੱਸਣੇ ਅਤੇ ਬਦਲੇ ਵਿੱਚ ਉਸ ਤੋਂ ਝਾੜਾਂ ਖਾਣੀਆਂ, ਉਸ (ਵਿਕਰਮਜੀਤ ਰੱਖੜਾ) ਵੱਲੋਂ ਦਰਵੇਸ਼ ਸੇਠੀ ਨੂੰ ‘ਕੋਕਾ-ਕੋਲਾ’ ਦੀ ਬੋਤਲ ਵਿੱਚ ਮਿਲਾਈ ਹੋਈ ਦੇਸੀ ਸ਼ਰਾਬ ਦੀ ਆਪਣੇ ਹੀ ਅੰਦਾਜ਼ ਵਿੱਚ ਸੁਲ੍ਹਾ ਮਾਰਨਾ ‘ਕੋਕੇ-ਕੋਲੇ ਦਾ ਤਾਂ ਨਾਂ ਈ ਆ, ਵਿੱਚ ਤਾਂ ਪਹਿਲੇ-ਤੋੜ ਦੀ ਆ’, ਨੂੰਹ ਵੱਲੋਂ ‘ਪੈਰ ਭਾਰੇ ਹੋਣ’ ਦੀ ਸਮਝ ਨਾ ਹੋਣ ‘ਤੇ ਆਪਣੇ ਪੈਰਾਂ ਵੱਲ ਵੇਖ ਕੇ ਕਹਿਣਾ, ‘ਮੇਰੇ ਪੈਰ ਤਾਂ ਚੰਗੇ-ਭਲੇ ਆ’ ਅਤੇ ਉਸ ਦਾ ਇੱਕ ਹੋਰ ਡਾਇਲਾਗ ”ਤੇਰੀ ਮੰਮੀ ਨੂੰ ਮੈਂ ਆਪਣੇ ਨਾਲ ਨਹੀਂ ਲਿਜਾ ਸਕਦੀ, ਉਹ ਰਸਤੇ ਵਿੱਚ ਏਨਾ ‘ਟੂ-ਮੱਚ ਸਪੀਕਦੀ’ ਆ ਕਿ ਮੈਥੋਂ ‘ਰੈੱਡ-ਲੈਟ’ ਵੀ ਟੱਪ ਹੋ ਜਾਂਦੀ ਹੈ”, ਲੜਕੇ ਦਾ ਡਾਇਲਾਗ ”ਚੱਲ, ਆਪਾਂ ਰਸਤੇ ਵਿੱਚ ਮਾਂ ਨੂੰ ਗੁਰਦੁਆਰੇ ਛੱਡ ਕੇ ਦੋਵੇਂ ਸਾਪਿੰਗ ਕਰ ਲਵਾਂਗੇ ਤੇ ਆਉਂਦੀ ਬਾਕੀ ਉਹਨੂੰ ਨਾਲ ਲੈ ਲਵਾਂਗੇ”, ਦਰਵੇਸ਼ ਸੇਠੀ ਵੱਲੋਂ ‘ਚਾਰ ਭਾਂਡੇ ‘ਕੱਠੇ ਹੋਣ ‘ਤੇ ਖੜਕਣ’ ਦੇ ਜੁਆਬ ਵਿੱਚ ਪਤਨੀ ਨੂੰ ਕਹਿਣਾ,”ਉਹ ਤਾਂ ਠੀਕ ਆ, ਪਈ ਖੜਕਣਗੇ ਹੀ, ਪਰ ਚਿੱਬ ਫਿਰ ਬਹੁਤੇ ਤੇਰੇ ਈ ਪੈਣਗੇ”, ਦਾਦੀ ਵੱਲੋਂ ਆਪਣੀ ਪੋਤੀ ਨੂੰ ਪੰਜਾਬੀ ਸਿਖਾਉਂਦਿਆਂ ਹੋਇਆਂ ਉਸ ਦੇ ਕੋਲੋਂ ਥੋੜ੍ਹੀ-ਬਹੁਤੀ ਅੰਗਰੇਜ਼ੀ ਬੋਲਣੀ ਸਿੱਖ ਜਾਣੀ ਅਤੇ ਉਸ ਦੇ ਇੱਕ ਅੰਗਰੇਜ਼ੀ-ਵਾਕ ‘ਆਈ ਲਵ ਯੂ’ ਨੂੰ ਸੁਣਨ ਲਈ ਦਾਦੇ ਦਾ ਤਰਸਣਾ ਵਗ਼ੈਰਾ ਦਰਸ਼ਕਾਂ ਨੂੰ ਵੱਖੀਆਂ ‘ਤੇ ਹੱਥ ਰੱਖ ਕੇ ਹੱਸਣ ਲਈ ਮਜਬੂਰ ਕਰ ਰਹੇ ਸਨ। ਨੂੰਹ ‘ਹਰਮਨ’ ਵਜੋਂ ਅਵਤਾਰ ਔਜਲਾ, ਸੱਸ ‘ਭਜਨ ਕੌਰ’ ਵਜੋਂ ਕੁਲਦੀਪ ਗਰੇਵਾਲ ਅਤੇ ਸਹੁਰੇ ਵਜੋਂ ਦਰਵੇਸ਼ ਸੇਠੀ ਨੇ ਇਸ ਨਾਟਕ ਵਿੱਚ ਕਲਾਕਾਰੀ ਦੀਆਂ ਸਿਖ਼ਰਾਂ ਛੂਹੀਆਂ। ਪਹਿਲੇ ਨਾਟਕ ਵਿੱਚ ‘ਤੂੰਬੀ ਵਾਲੇ ਨੌਜੁਆਨ ਲੜਕੇ’ ਅਤੇ ਦੂਸਰੇ ਵਿੱਚ ‘ਮਜਬੂਰ ਲੜਕੇ’ ਦੇ ਰੋਲ ਵਿੱਚ ਸੁਖਜੀਤ ਨੇ ਬਹੁਤ ਵਧੀਆ ਕੰਮ ਕੀਤਾ। ‘ਰੋਜ਼’ ਦੇ ਰੂਪ ਹਰਜਸਪ੍ਰੀਤ ਗਿੱਲ ਨੇ ਵੀ ਖ਼ੂਬ ਅਦਾਕਾਰੀ ਵਿਖਾਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …