-7.6 C
Toronto
Friday, January 2, 2026
spot_img
Homeਕੈਨੇਡਾਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਆਪਣੇ ਵਤਨ ਨਾਲ ਹੈ ਅਥਾਹ ਪ੍ਰੇਮ

ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਆਪਣੇ ਵਤਨ ਨਾਲ ਹੈ ਅਥਾਹ ਪ੍ਰੇਮ

ਮਸਜਿਦ ਬਨਾਉਣ ਲਈ ਜ਼ਮੀਨ ਦੇਣ ਵਾਸਤੇ ਪਰਵਾਸੀ ਪੰਜਾਬੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ
ਬਰੈਂਪਟਨ/ਡਾ. ਝੰਡ : ਵਿਦੇਸ਼ਾਂ ਵਿਚ ਵੱਸ ਰਹੇ ਪੰਜਾਬੀ ਆਪਣੇ ਪਿਆਰੇ ਪੰਜਾਬ ਨੂੰ ਘੁੱਗ-ਵੱਸਦਾ ਵੇਖਣ ਲਈ ਹਮੇਸ਼ਾ ਫਿਕਰਮੰਦ ਰਹਿੰਦੇ ਹਨ। ਉਹ ਭਾਵੇਂ ਸੱਤ ਸਮੁੰਦਰ ਪਾਰ ਬੈਠੇ ਹਨ ਪਰ ਦਿਲ ਉਨ੍ਹਾਂ ਦਾ ਪੰਜਾਬ ਵਿਚ ਹੀ ਧੜਕਦਾ ਹੈ। ਉਹ ਆਪਣੀ ਪੰਜਾਬੀ ਬੋਲੀ, ਅਮੀਰ ਪੰਜਾਬੀ ਵਿਰਸਾ ਤੇ ਸੱਭਿਆਚਾਰ ਅਤੇ ਆਪਣੇ ਪਿੰਡ, ਸ਼ਹਿਰ, ਸੂਬੇ ਤੇ ਦੇਸ਼ ਨੂੰ ਕਦੇ ਨਹੀਂ ਭੁੱਲਦੇ। ਉਹ ਚਾਹੁੰਦੇ ਹਨ ਕਿ ਪੰਜਾਬ ਵਿਚ ਸੱਭ ਧਰਮਾਂ ਦੇ ਲੋਕ ਮਿਲ਼-ਜੁਲ ਕੇ ਖ਼ੁਸ਼ੀ-ਖ਼ੁਸ਼ਹਾਲੀ ਰਹਿਣ।
ਇਸ ਦੀ ਇਕ ਮਿਸਾਲ ਬੀਤੇ ਦਿਨੀਂ ਵੇਖਣ ਨੂੰ ਮਿਲੀ ਜਦੋਂ ਬਰੈਂਪਟਨ ਵਿਚ ਪਿਛਲੇ ਤਿੰਨ ਦਹਾਕਿਆਂ ਤ਼ੋਂ ਆਪਣੇ ਪਰਿਵਾਰ ਵਿਚ ਰਹਿ ਰਹੇ ਸਾਬਕਾ ਭਾਰਤੀ ਫ਼ੌਜੀ ਕੈਪਟਨ ਇਕਬਾਲ ਸਿੰਘ ਵਿਰਕ ਜਿਨ੍ਹਾਂ ਦਾ ਪਿੰਡ ਡਰੌਲੀ ਭਾਈਕੀ (ਜ਼ਿਲ੍ਹਾ ਮੋਗਾ) ਹੈ, ਨੇ ਪਿਛਲੇ ਦਿਨੀਂ ਮੁੱਖ-ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਇਕ ਚਿੱਠੀ ਲਿਖੀ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ 15 ਅਗਸਤ 1947 ਨੂੰ ਭਾਰਤ ਨੂੰ ਮਿਲੀ ਆਜ਼ਾਦੀ ਜਿਸ ਦੇ ਲਈ ਪੰਜਾਬੀਆਂ ਨੂੰ ਬੜੀ ਵੱਡੀ ਕੀਮਤ ਤਾਰਨੀ ਪਈ, ਦੇ ਸਮੇਂ ਹੋਈ ਦੇਸ਼ ਦੀ ਵੰਡ ਕਾਰਨ ਉਨ੍ਹਾਂ ਦੇ ਪਿੰਡ-ਦੇ ਮੁਸਲਮਾਨ ਭਰਾਵਾਂ ਨੂੰ ਵੀ ਹੋਰ ਬਹੁਤ ਸਾਰੇ ਲੋਕਾਂ ਵਾਂਗ ਨਵੇਂ ਬਣੇ ਮੁਲਕ ਪਾਕਿਸਤਾਨ ਵਿਚ ਹਿਜਰਤ ਕਰਨੀ ਪਈ। ਉਨ੍ਹਾਂ ਦੇ ਪਿਤਾ ਜੀ ਸੁਦਾਗਰ ਸਿੰਘ ਉਸ ਸਮੇਂ ਪੰਜਾਬ ਪੁਲਿਸ ਵਿਚ ਮੋਗਾ ਵਿਖੇ ਤਾਇਨਾਤ ਸਨ ਅਤੇ ਉਨ੍ਹਾਂ ਨੇ ਉਦੋਂ ਆਪਣੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਪਿੰਡ ਦੇ ਮੁਸਲਮਾਨ ਭਰਾਵਾਂ ਨੂੰ ਪੂਰੀ ਹਿਫ਼ਾਜ਼ਤ ਨਾਲ ਪਾਕਿਸਤਾਨ ਦੀ ਸਰਹੱਦ ‘ਤੇ ਪਹੁੰਚਾਇਆ ਸੀ। ਉਨ੍ਹਾਂ ਮੁਸਲਮਾਨਾਂ ਵਿਚ ਮੇਰੇ ਪਿੰਡ ਦੇ ਵਡੇਰੇ ਬਾਵਾ ਫਕੀਰ ਸਨ ਜੋ ਉਨ੍ਹਾਂ ਦੇ ਚਾਚਾ ਜੀ ਸੂਬਾ ਸਿੰਘ ਨਾਲ ਮਿਲ ਕੇ ਪਸ਼ੂਆਂ ਸਬੰਧੀ ਵਪਾਰ ਕਰਦੇ ਹੁੰਦੇ ਸਨ। ਇਨ੍ਹਾਂ ਦੋਹਾਂ ਪਰਿਵਾਰਾਂ ਵਿਚ ਬੜੀ ਨੇੜਤਾ ਸੀ, ਇਸ ਲਈ ਉਨ੍ਹਾਂ ਦੇ ਪਿਤਾ ਜੀ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਸਾਡੇ ਪਿੰਡ ਵਿੱਚੋਂ ਜਾਣ ਵਾਲੇ ਮੁਸਲਮਾਨਾਂ ਵਿੱਚੋਂ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਣ ਦਿੱਤਾ। ਪਿੰਡ ਦੇ ਸਾਰੇ ਧਰਮਾਂ ਦੇ ਲੋਕ ਏਨੇ ਘੁਲ਼-ਮਿਲ ਕੇ ਰਹਿੰਦੇ ਸਨ ਕਿ ਉਨ੍ਹਾਂ ਦੇ ਪਿੰਡ ਦੇ ਮੁਸਲਮਾਨਾਂ ਦੇ ਤਿੰਨ ਘਰਾਂ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਹ ਇਧਰ ਪਿੰਡ ਡਰੌਲੀ ਭਾਈ ਕੀ ਵਿਚ ਹੀ ਰਹੇ।
ਚਿੱਠੀ ਵਿਚ ਕੈਪਟਨ ਵਿਰਕ ਨੇ ਦੱਸਿਆ ਹੈ ਕਿ ਇਸ ਪੱਤਰ ਰਾਹੀਂ ਉਨ੍ਹਾਂ ਵੱਲੋਂ ਮੁੱਖ-ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਪਿੰਡ ਦੀ ਸਾਂਝੀ ਮਾਲਕੀਅਤ ਦੀ ਪੰਚਾਇਤੀ ਜ਼ਮੀਨ ਵਿੱਚੋਂ ਕੁਝ ਮਰਲੇ ਜ਼ਮੀਨ ਇਨ੍ਹਾਂ ਮੁਸਲਮਾਨ ਭਰਾਵਾਂ ਨੂੰ ਦੇ ਦਿੱਤੀ ਜਾਵੇ ਤਾਂ ਇਸ ਪਿੰਡ ਦੇ ਪਰਵਾਸੀ ਅਤੇ ਹੋਰ ਸੁਹਿਰਦ ਸੱਜਣ ਮਿਲ ਕੇ ਇਸ ਉਪਰ ਮਸਜਿਦ ਦੀ ਉਸਾਰੀ ਦੀ ਸੇਵਾ ਕਰ ਦੇਣਗੇ।
ਆਪਣੀ ਚਿੱਠੀ ਵਿਚ ਉਨ੍ਹਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਨੇ ਪਿੰਡ ਦੀ ਭਲਾਈ ਲਈ ਹੁਣ ਤੀਕ ਕਾਫ਼ੀ ਮਾਇਆ ਖ਼ਰਚ ਕੀਤੀ ਹੈ। ਪਿੰਡ ਦੀ ਧਰਮਸ਼ਾਲਾ ਜਿਸ ਦੇ ਖੁੱਲ੍ਹੇ ਵਿਹੜੇ ਵਿਚ ਉਹ ਛੋਟੇ ਹੁੰਦਿਆਂ ਆਪਣੇ ਸਾਥੀਆਂ ਨਾਲ ਖੇਡਦੇ ਰਹੇ ਹਨ, ਉਥੇ ਹਰ ਮੰਗਲਵਾਰ ਹਨੂੰਮਾਨ ਦੇ ਇਕ ਛੋਟੇ ਜਿਹੇ ਮੰਦਰ ਵਿਚ ਬਣਦੀ ਰਹੀ ‘ਮੰਨੀ’ ਬਾਕੀ ਬੱਚਿਆਂ ਨਾਲ ਮਿਲ ਕੇ ਖਾਂਦੇ ਰਹੇ ਹਨ। ਕਈ ਦਹਾਕੇ ਪਹਿਲਾਂ ਇਸ ਮੰਦਰ ਵਿਚ ਸਥਾਪਿਤ ਹਨੂੰਮਾਨ ਦੀ ਮੂਰਤੀ ਨੂੰ ਰੰਗ-ਰੋਗਨ ਵਗ਼ੈਰਾ ਕਰਵਾ ਕੇ ਇਸ ਨੂੰ ਨਵਾਂ ਰੂਪ ਦੇਣ, ਸਕੂਲ ਵਿਚ ਕੁਰਸੀਆਂ-ਮੇਜ਼ ਤੇ ਹੋਰ ਸਮਾਨ ਖਰੀਦਣ, ਬੱਚਿਆਂ ਲਈ ਵਾਟਰ-ਕੂਲਰ ਖਰੀਦਣ ਅਤੇ ਪਾਣੀ ਲਈ ਟਿਉਬਵੈਲ ਲਵਾਉਣ ਵਰਗੇ ਕਈ ਕੰਮ ਪਿੰਡ ਵਿਚ ਕਰਵਾਏ ਗਏ ਜਿਨ੍ਹਾਂ ਲਈ ਉਨ੍ਹਾਂ ਵੱਲੋਂ ਸਮੇਂ-ਸਮੇਂ ਬਣਦਾ ਯੋਗਦਾਨ ਦਿੱਤਾ ਜਾਂਦਾ ਰਿਹਾ। ਹੁਣ ਵੀ ਆਪਣੀ ਚਿੱਠੀ ਵਿਚ ਉਨ੍ਹਾਂ ਨੇ ਆਪਣੀ ਇਹ ਤੀਬਰ ਇੱਛਾ ਜ਼ਾਹਿਰ ਕੀਤੀ ਹੈ ਕਿ ਕਿ ਪਿੰਡ ਵਿਚ ਮੁਸਲਿਮ ਭਰਾਵਾਂ ਲਈ ਮਸਜਿਦ ਜ਼ਰੂਰ ਤਾਮੀਰ ਕੀਤੀ ਜਾਏ।
ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਮੁਸਲਮਾਨ ਭਰਾਵਾਂ ਲਈ ਪਿੰਡ ਦੀ ਸਾਂਝੀ ਮਾਲਕੀ ਦੀ ਪੰਚਾਇਤੀ ਜ਼ਮੀਨ ਵਿੱਚੋਂ ਕੁਝ ਮਰਲੇ ਜ਼ਮੀਨ ਦਿੱਤੀ ਜਾਵੇ ਤਾਂ ਜੋ ਪਿੰਡ ਦੇ ਸਾਂਝੇ ਯਤਨਾਂ ਨਾਲ ਉਥੇ ਮਸਜਿਦ ਦਾ ਨਿਰਮਾਣ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਪਰਵਾਸੀ ਸੱਜਣ ਵੀ ਇਸ ਵਿਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਹਨ।

 

RELATED ARTICLES
POPULAR POSTS