ਰਾਹੁਲ ਗਾਂਧੀ ਸਮੇਤ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਨੂੰ ਦਿੱਲੀ ਪੁਲਿਸ ਨੇ ਕੀਤਾ ਗਿ੍ਰਫ਼ਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਨੈਸ਼ਨਲ ਹੇਰਾਲਡ ਮਾਮਲੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਈਡੀ ਨੇ ਅੱਜ ਦੂਜੀ ਵਾਰ ਲਗਭਗ ਢਾਈ ਘੰਟੇ ਤੱਕ ਪੁੱਛਗਿੱਛ ਕੀਤੀ। ਉਥੇ ਹੀ ਪੁੱਛਗਿੱਛ ਖਿਲਾਫ਼ ਰਾਹੁਲ ਗਾਂਧੀ ਦੀ ਅਗਵਾਈ ਵਿਚ ਧਰਨਾ ਦੇ ਰਹੇ ਸੰਸਦ ਮੈਂਬਰਾਂ ਨੂੰ ਦਿੱਲੀ ਪੁਲਿਸ ਗਿ੍ਰਫ਼ਤਾਰ ਕਰਕੇ ਲੈ ਗਈ। ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨਾ ਤਾਂ ਸਾਡੇ ਨਾਲ ਚਰਚਾ ਕਰ ਰਹੀ ਅਤੇ ਨਾ ਹੀ ਸਾਨੂੰ ਬੋਲਣ ਦੇ ਰਹੀ ਹੈ। ਉਧਰ ਕਾਂਗਰਸੀ ਆਗੂਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਣ ’ਤੇ ਸਚਿਨ ਪਾਇਲਟ ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਂਗਰਸੀਆਂ ਦੀ ਅਵਾਜ਼ ਨੂੰ ਦਬਾਉਣ ਚਾਹੁੰਦੀ ਹੈ ਪ੍ਰੰਤੂ ਅਸੀਂ ਇਸ ਤਰ੍ਹਾਂ ਹਰਗਿਜ਼ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕਹਿਣ ’ਤੇ ਹੀ ਕੇਂਦਰੀ ਏਜੰਸੀਆਂ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਕਾਂਗਰਸੀ ਜਨਰਲ ਸਕੱਤਰ ਅਜੇ ਮਾਕਨ ਨੇ ਆਰੋਪ ਲਗਾਇਆ ਕਿ ਦਿੱਲੀ ਪੁਲਿਸ ਨੇ ਕਾਂਗਰਸੀ ਆਗੂਆਂ ਨੂੰ ਰਾਜਘਾਟ ਵੀ ਨਹੀਂ ਜਾਣ ਦਿੱਤਾ। ਉਧਰ ਪੰਜਾਬ ਕਾਂਗਰਸ ਨੇ ਵੀ ਰਾਜਾ ਵੜਿੰਗ ਦੀ ਅਗਵਾਈ ਹੇਠ ਪੁੱਛਗਿੱਛ ਖਿਲਾਫ਼ ਚੰਡੀਗੜ੍ਹ ’ਚ ਸੱਤਿਆਗ੍ਰਹਿ ਕੀਤਾ। ਇਸ ਮੌਕੇ ਪੰਜਾਬ ਦੇ ਸਮੂਹ ਕਾਂਗਰਸੀ ਦਿੱਗਜ਼ ਆਗੂ ਮੌਜੂਦ ਰਹੇ।