Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੀ ਹੋਈ ਚੋਣ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੀ ਹੋਈ ਚੋਣ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਸ਼ੁੱਕਰਵਾਰ ਨੂੰ ਗੋਰ ਮਲਟੀਪਲੈਕਸ ਵਿੱਚ ਐਸੋਸੀਏਟਿਡ ਸੀਨੀਅਰਜ ਕਲੱਬਜ਼, ਜੋ ਬਰੈਂਪਟਨ ਦੀ ਵੱਡੀ ਗਿਣਤੀ ਵਿੱਚ ਲੋਕਲ ਤੌਰ ‘ਤੇ ਰਜਿਸਟਰਡ ਸੀਨੀਅਰ ਕਲੱਬਾਂ ਦੀ ਅਗਵਾਈ ਕਰਦੀ ਹੈ ਤੇ ਉਹਨਾਂ ਵਿੱਚ ਆਪਸੀ ਤਾਲਮੇਲ ਰੱਖਦੀ ਹੈ, ਦੇ ਨੁਮਾਇੰਦਿਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ।
ਇਸਦਾ ਮੁੱਖ ਏਜੰਡਾ ਪਿਛਲੇ ਤਿੰਨ ਸਾਲਾਂ ਤੋਂ ਕੰਮ ਕਰ ਰਹੀ ਕਮੇਟੀ ਦੀ ਮਿਆਦ ਪੂਰੀ ਹੋ ਜਾਣ ਕਾਰਨ, ਇਸਨੂੰ ਭੰਗ ਕਰਨਾ ਤੇ ਇਸਦੀ ਥਾਂ ‘ਤੇ ਨਵੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਕਰਨਾ ਸੀ। ਦੋ ਸਾਲ ਤੋਂ ਕਰੋਨਾ ਮਹਾਂਮਾਰੀ ਕਾਰਨ ਸਮਾਜਿਕ ਇਕੱਠ ਕਰਨ ‘ਤੇ ਰੋਕ ਲਗੀ ਰਹੀ ਸੀ। ਸਾਰੇ ਦੁਨੀਆ ਦੇ ਦੇਸ਼ਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਮਨੁੱਖੀ ਜ਼ਿੰਦਗੀਆਂ ਅਜਾਈਂ ਚਲੇ ਜਾਣ ਕਾਰਨ ਹਰ ਕੋਈ, ਖਾਸ ਕਰ ਸੀਨੀਅਰਜ਼ ਡਰ ਤੇ ਮਾਨਸਿਕ ਤਣਾਅ ਵਿੱਚ ਜਿਊਂਦੇ ਆ ਰਹੇ ਸਨ। ਪਰ ਹੁਣ ਮਹਾਂਮਾਰੀ ਦਾ ਖਤਰਾ ਘਟ ਜਾਣ ਕਾਰਨ ਸਮਾਜਿਕ ਤੇ ਭਾਈਚਾਰਕ ਮਿਲਣੀਆਂ ਤੇ ਖੁੱਲ੍ਹ ਮਿਲਣ ਲੱਗ ਗਈ ਸੀ। ਸੀਨੀਅਰਜ਼ ਵੱਲੋ ਸਜ ਧਜ ਕੇ ਅਤੇ ਚਿੰਤਾ ਮੁਕਤ ਹੋ ਕੇ, ਇਸ ਚੋਣ ਪ੍ਰਕਿਰਿਆ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਨੇ ਬਦਲੇ ਹੋਏ ਚੰਗੇ ਸਮੇਂ ਦੇ ਆਉਣ ਦਾ ਸੁਨੇਹਾ ਦੇ ਦਿੱਤਾ ਸੀ।
ਸਭ ਤੋਂ ਪਹਿਲਾਂ ਪਿਛਲੀ ਕਮੇਟੀ ਨੂੰ ਆਮ ਸਹਿਮਤੀ ਨਾਲ ਜੰਗੀਰ ਸਿੰਘ ਸ਼ੈਬੀ ਵਲੋਂ ਭੰਗ ਕਰਨ ਦਾ ਐਲਾਨ ਕੀਤਾ ਗਿਆ। ਨਾਲ ਹੀ ਇਸ ਚੋਣ ਇਜਲਾਸ ਵਿੱਚ ਚੋਣ ਕਰਵਾਉਣ ਲਈ ਗੁਰਮੇਲ ਸਿੰਘ ਸੱਗੂ ਦੀ ਪ੍ਰਧਾਨਗੀ ਵਿੱਚ ਰਾਮ ਪ੍ਰਕਾਸ਼ ਪਾਲ ਤੇ ਚਰਨਜੀਤ ਸਿੰਘ ਸੰਧੂ ‘ਤੇ ਅਧਾਰਿਤ ਚੋਣ ਕਮੇਟੀ ਦੀ ਨਿਯੁਕਤੀ ਕੀਤੀ ਗਈ।
ਸੀਨੀਅਰਜ਼ ਦੇ ਸਾਰੇ ਸਮਾਗਮ ਦੀ ਪ੍ਰਧਾਨਗੀ ਲਈ ਸ਼ੁਖਦਰਸ਼ਨ ਸਿੰਘ ਕੁਲਾਰ ਦੀ ਚੋਣ ਕੀਤੀ ਗਈ। ਚੋਣ ਪ੍ਰਕਿਰਿਆ ਨੂੰ ਸ਼ੁਰੂ ਕਰਦਿਆਂ ਪ੍ਰੀਤਮ ਸਿੰਘ ਸਰਾ ਨੇ ਹਾਜ਼ਰ ਸਾਰੇ ਸੀਨੀਅਰਜ਼ ਨੂੰ ਜੀ ਆਇਆ ਕਿਹਾ। ਕਮੇਟੀ ਦੇ ਕੈਸ਼ੀਅਰ ਕਰਤਾਰ ਸਿੰਘ ਚਾਹਲ ਵੱਲੋ ਪਿਛਲੇ ਸਮੇਂ ਵਿਚ ਹੋਈ ਆਮਦਨ ਤੇ ਖਰਚ ਦਾ ਵੇਰਵਾ ਵਿਸਥਾਰ ਨਾਲ ਸਾਰੇ ਹਾਊਸ ਦੇ ਸਾਹਮਣੇ ਰਖਿਆ, ਜਿਸ ਨੂੰ ਸਾਰੇ ਹਾਜ਼ਰ ਮੈਂਬਰਾਂ ਨੇ ਪ੍ਰਵਾਨਗੀ ਦੇ ਦਿੱਤੀ।
ਵੱਖ-ਵੱਖ ਬੁਲਾਰਿਆਂ ਵਲੋ ਐਸੋਸੀਏਸ਼ਨ ਆਫ ਸੀਨੀਅਰਜ ਕਲੱਬ ਦੇ ਪਿਛਲੇ ਪ੍ਰਧਾਨ ਤੇ ਸਾਰੇ ਅਹੁਦੇਦਾਰਾਂ ਵਲੋ ਰਲ ਕੇ ਕਲੱਬ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਕਾਰਜਸ਼ੀਲ ਰੱਖਦਿਆਂ, ਉਹਨਾਂ ਦੇ ਮਸਲੇ ਹੱਲ ਕਰਨ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿਣ ਅਤੇ ਪ੍ਰੈਸ ਤੇ ਮੀਡੀਆ ਦੇ ਹਰ ਖੇਤਰ ਵਿੱਚ ਉਹਨਾਂ ਦੇ ਇਸ਼ੂ ਨੂੰ ਉਭਰਨ ਦੇ ਯਤਨਾਂ ਦੀ ਪ੍ਰਸੰਸਾ ਕੀਤੀ ਗਈ। ਪਿਛਲੀ ਕਮੇਟੀ ਵਲੋ ਪਰਮਜੀਤ ਬੜਿੰਗ ਨੇ ਸੀਨੀਅਰਜ ਵਲੋ ਉਹਨਾਂ ਨੂੰ ਦਿਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਨੇ ਆਸ ਪ੍ਰਗਟਾਈ ਕਿ ਨਵੀ ਚੁਣੀ ਜਾਣ ਵਾਲੀ ਕਮੇਟੀ ਹੋਰ ਵੀ ਕਾਰਜਸ਼ੀਲ ਰਹਿ ਕੇ ਸੀਨੀਅਰਜ਼ ਦੇ ਭਖਦੇ ਮਸਲੇ ਸਬੰਧਤ ਅਧਿਕਾਰੀਆ ਤੇ ਮੀਡੀਆ ਵਿੱਚ ਹਾਈਲਾਈਟ ਕਰਦੀ ਰਹੇਗੀ।
ਉਹਨਾਂ ਨੇ ਪਿਛਲੀ ਕਮੇਟੀ ਵੱਲੋ ਹਰ ਪਖੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸਦੇ ਨਾਲ ਹੀ ਮੈਂਬਰਾਂ ਦੀ ਸਹਿਮਤੀ ਨਾਲ ਜੰਗੀਰ ਸਿੰਘ ਸ਼ੈਬੀ ਵੱਲੋ ਪੁਰਾਣੀ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਗਿਆ। ਐਸੋਸੀਏਸ਼ਨ ਆਫ ਸੀਨੀਅਰਜ਼ ਦੇ ਸੰਵਿਧਾਨ ਅਨੁਸਾਰ ਪਹਿਲੀ ਕਮੇਟੀ ਵਿੱਚੋ ਦੋ ਮੈਂਬਰ ਤੇ ਪੰਜ ਹੋਰ ਮੈਂਬਰਾਂ ਦੀ ਚੋਣ ਕੀਤੀ ਜਾਣੀ ਸੀ। ਵੱਖ-ਵੱਖ ਬੁਲਾਰਿਆਂ ਨੇ ਇਹ ਚੋਣ ਸਰਬਸੰਮਤੀ ਨਾਲ ਕਰਨ ਤੇ ਪੜ੍ਹੇ ਲਿਖੇ ਕੰਪਿਊਟਰ ਤੇ ਅੰਗਰੇਜ਼ੀ ਭਾਸ਼ਾ ਦਾ ਭਰਪੂਰ ਗਿਆਨ ਰੱਖਣ ਵਾਲੇ ਸੂਝਵਾਨ ਸੀਨੀਅਰਜ ਨੂੰ ਚੁਣੇ ਜਾਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਸਿਟੀ, ਸਟੇਟ ਤੇ ਫੈਡਰਲ ਲੈਵਲ ਦੇ ਸੀਨੀਅਰਜ਼ ਦੇ ਮਸਲੇ ਸਬੰਧਤ ਅਧਿਕਾਰੀਆਂ ਕੋਲ ਉਠਾਉਣ ਤੇ ਤਰਕ ਤੇ ਦਲੀਲ ਨਾਲ ਹਰ ਇਸ਼ੂ ‘ਤੇ ਵਿਚਾਰ ਕਰਨ ਦੀ ਸਮਰੱਥਾ ਰੱਖਣ ਵਾਲੇ ਤੇ ਇਸਦੇ ਲਈ ਲੋੜੀਂਦਾ ਸਮਾਂ ਦੇਣ ਵਾਲੇ ਜ਼ਿੰਮੇਵਾਰ ਨੁਮਾਇੰਦਿਆਂ ਨੂੰ ਹੀ ਅੱਗੇ ਆਉਣ ਦੀ ਬੇਨਤੀ ਕੀਤੀ ਗਈ। ਅਖੀਰ ਵਿੱਚ ਸਾਰੇ ਹਾਜਰ ਸੀਨੀਅਰਜ਼ ਵੱਲੋ ਸਰਵਸੰਮਤੀ ਨਾਲ ਪ੍ਰਧਾਨ ਤੇ ਸਾਰੇ ਅਹੁਦੇਦਾਰ ਦੀ ਚੋਣ ਕੀਤੀ ਗਈ। ਜਿਸਦਾ ਵੇਰਵਾ ਹੇਠਾ ਦਿੱਤਾ ਗਿਆ ਹੈ।
ਪ੍ਰਧਾਨ ਜੰਗੀਰ ਸਿੰਘ ਸੈਂਭੀ: 416 409 0126, ਉਪ ਪ੍ਰਧਾਨ ਰਣਜੀਤ ਸਿੰਘ ਤੱਗੜ 416 878 3711, ਸਕੱਤਰ ਪ੍ਰੀਤਮ: ਸਿੰਘ ਸਰਾਂ 416 833 0567, ਵਿੱਤ ਸਕੱਤਰ ਅਮਰੀਕ ਸਿੰਘ ਕੁਮਾਰੀਆ 647 998 7253, ਮੀਡੀਆ ਐਡਵਾਈਜ਼ਰ ਮਹਿੰਦਰ ਸਿੰਘ ਮੋਹੀ 416 659 1232, ਡਇਰੈਕਟਰਜ਼ ਪ੍ਰਿਤਪਾਲ ਸਿੰਘ ਗਰੇਵਾਲ 647 209 9905 ਅਤੇ ਇਕਬਾਲ ਸਿੰਘ ਵਿਰਕ 647 704 7803

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …