Breaking News
Home / ਕੈਨੇਡਾ / ਸ਼ਹੀਦ ਭਗਤ ਸਿੰਘ ਤੇ ਹੋਰ ਕੌਮੀ ਸ਼ਹੀਦਾਂ ਦੀ ਯਾਦ ਵਿਚ ਹੋਇਆ ਐੱਫ਼.ਬੀ.ਆਈ. ਸਕੂਲ ‘ਚ ਭਾਵਪੂਰਤ-ਸਮਾਗ਼ਮ

ਸ਼ਹੀਦ ਭਗਤ ਸਿੰਘ ਤੇ ਹੋਰ ਕੌਮੀ ਸ਼ਹੀਦਾਂ ਦੀ ਯਾਦ ਵਿਚ ਹੋਇਆ ਐੱਫ਼.ਬੀ.ਆਈ. ਸਕੂਲ ‘ਚ ਭਾਵਪੂਰਤ-ਸਮਾਗ਼ਮ

ਸ਼ਹੀਦਾਂ ਦੇ ਜੀਵਨ ਤੇ ਉਨ੍ਹਾਂ ਦੀਆਂ ਗ਼ਤੀਵਿਧੀਆਂ ਸਬੰਧੀ ਕੁਇਜ਼, ਭਾਸ਼ਣ ਮੁਕਾਬਲੇ ਤੇ ਗੀਤ-ਸੰਗੀਤ ਦੇ ਪ੍ਰੋਗਰਾਮ ਹੋਏ
ਬਰੈਂਪਟਨ/ਡਾ. ਝੰਡ :ਲੰਘੇ ਦਿਨੀਂ ਐੱਫ਼ ਬੀ.ਆਈ. ਸਕੂਲ ਅਤੇ ਤਰਕਸ਼ੀਲ ਸੋਸਾਇਟੀ ਆਫ਼ ਨਾਰਥ ਅਮੈਰਿਕਾ ਦੇ ਰਲਵੇਂ-ਮਿਲਵੇਂ ਸਹਿਯੋਗ ਨਾਲ ਇਸ ਸਕੂਲ ਵਿਚ ਸ਼ਹੀਦ ਭਗਤ ਸਿੰਘ, ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਅਤੇ ਹੋਰ ਕੌਮੀ ਪ੍ਰਵਾਨਿਆਂ ਦੀਆਂ ਭਾਰਤ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਅਜ਼ਾਦ ਕਰਾਉਣ ਲਈ ਕੀਤੀਆਂ ਗਈਆਂ ਲਾਸਾਨੀ ਕੁਰਬਾਨੀਆਂ ਨੂੰ ਤਾਜ਼ਾ ਕਰਦਿਆਂ ਹੋਇਆਂ ਇਕ ਦਿਲਚਸਪ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਵਿਸ਼ਾਲ ਮਲਟੀ-ਪਰਪਜ਼ ਆਡੀਟੋਰੀਅਮ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਬਰੈਂਪਟਨ-ਵਾਸੀਆਂ ਨੇ ਹਾਜ਼ਰ ਹੋ ਕੇ ਇਸ ਪ੍ਰੋਗਰਾਮ ਦਾ ਲੁਤਫ਼ ਉਠਾਇਆ।
ਸੱਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਤੇ ਹੋਰ ਦੇਸ਼ ਭਗਤਾਂ ਅਤੇ ਵਿਗਿਆਨੀਆਂ ਸਬੰਧੀ ਪ੍ਰਸ਼ਨੋਤਰੀ (‘ਕੁਇਜ਼’) ਦਾ ਆਯੋਜਨ ਕੀਤਾ ਗਿਆ। ਉਪਰੰਤ, ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਤੇ ਨੈਲਸਨ ਮੰਡੇਲਾ ਦੇ ਜੀਵਨ ਅਤੇ ਉਨ੍ਹਾਂ ਦੀਆਂ ਗ਼ਤੀਵਿਧੀਆਂ ਸਬੰਧੀ ਭਾਸ਼ਨ-ਮੁਕਾਬਲੇ ਕਰਵਾਏ ਗਏ। ਇਨ੍ਹਾਂ ਦੋਹਾਂ ਈਵੈਂਟਸ ਵਿਚ 70 ਤੋਂ ਵਧੇਰੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵੱਲੋਂ ਨਕਦ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਇਨ੍ਹਾਂ ਵਿਚ ਪਹਿਲਾ ਇਨਾਮ 200 ਡਾਲਰ, ਦੂਸਰਾ, 175 ਡਾਲਰ ਅਤੇ ਤੀਸਰਾ 150 ਡਾਲਰ ਦਾ ਸੀ। ਜੇਤੂਆਂ ਵਿਚ ਲੀਸ਼ਾ ਖਹਿਰਾ ਨੇ ਪਹਿਲਾ, ਦਇਆ ਧਾਲੀਵਾਲ ਨੇ ਦੂਸਰਾ ਅਤੇ ਖੁਸ਼ਮਨ ਸਿੰਘ ਸੋਹੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਦੌਰਾਨ ਜੱਜਾਂ ਵਿਚ ਸਕੂਲ ਦੀ ਵਾਈਸ-ਪ੍ਰਿੰਸੀਪਲ ਨੀਲੋਫ਼ਰ ਧਵਨ, ਡਾ.ਬਲਜਿੰਦਰ ਸੇਖੋਂ ਤੇ ਤਰਕਸ਼ੀਲ ਆਗੂ ਬਲਰਾਜ ਸ਼ੌਕਰ ਸ਼ਾਮਲ ਸਨ। ਇਨਾਮ ਵੰਡਣ ਦੀ ਰਸਮ ਬਲਵਿੰਦਰ ਸਿੰਘ ਬਰਨਾਲਾ, ਡਾ.ਵਰਿਆਮ ਸਿੰਘ ਸੰਧੂ, ਡਾ. ਬਲਜਿੰਦਰ ਸੇਖੋਂ, ਅੰਮ੍ਰਿਤ ਢਿੱਲੋਂ, ਬਲਦੇਵ ਰਹਿਪਾ, ਪ੍ਰਿੰਸੀਪਲ ਸੰਜੀਵ ਧਵਨ ਤੇ ਵਾਈਸ ਪ੍ਰਿੰਸੀਪਲ ਨੀਲੋਫ਼ਰ ਧਵਨ ਵੱਲੋਂ ਮਿਲ ਕੇ ਨਿਭਾਈ ਗਈ। ਮੰਚ-ਸੰਚਾਲਨ ਦਾ ਅਹਿਮ ਕਾਰਜ ਸਕੂਲ ਦੇ ਵਿਦਿਆਰਥੀਆਂ ਰੌਨਕ ਅਰੋੜਾ, ਨਵਨੀਤ ਕੌਰ, ਰਿਦਮ ਚਾਹਲ, ਨਵਰੂਪ ਤੇ ਸਹਿਜ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।
ਚੱਲ ਰਹੇ ਸਮਾਗ਼ਮ ਦੌਰਾਨ ਭਾਰਤ ਤੋਂ ਆਏ ਤਰਕਸ਼ੀਲ ਸੋਸਾਇਟੀ ਦੇ ਕੌਮੀ ਪ੍ਰਧਾਨ ਬਲਵਿੰਦਰ ਸਿੰਘ ਬਰਨਾਲਾ, ਉੱਘੇ-ਲੇਖਕ ਡਾ.ਵਰਿਆਮ ਸਿੰਘ ਸੰਧੂ, ਤਰਕਸ਼ੀਲ ਸੋਸਾਇਟੀ ਆਫ਼ ਨੌਰਥ ਅਮੈਰਿਕਾ ਦੇ ਪ੍ਰਧਾਨ ਬਲਦੇਵ ਸਿੰਘ ਰਹਿਪਾ, ਅੰਮ੍ਰਿਤ ਢਿੱਲੋਂ ਤੇ ਪ੍ਰਿੰ. ਸੰਜੀਵ ਧਵਨ ਨੇ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਹੋਇਆਂ ਉਨ੍ਹਾਂ ਵੱਲੋਂ ਦੇਸ਼ ਦੀ ਅਜ਼ਾਦੀ ਲਈ ਕੀਤੇ ਗਏ ਮਹਾਨ ਕਾਰਨਾਮਿਆਂ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਅਤੇ ਵਿਦਿਆਰਥੀਆਂ ਤੇ ਹੋਰ ਹਾਜ਼ਰ ਵਿਅੱਕਤੀਆਂ ਦੀ ਜਾਣਕਾਰੀ ਵਿਚ ਚੋਖਾ ਵਾਧਾ ਕੀਤਾ ਗਿਆ। ਕਲਚਰਲ ਪ੍ਰੋਗਰਾਮ ਵਿਚ ਦੇਸ਼ ਭਗਤੀ ਦੇ ਗੀਤ ‘ਮੇਰਾ ਵੀਰ ਭਗਤ ਸਿੰਘ ਸ਼ੇਰ ਵੇ’, ਡਾਂਸ ‘ਮੇਰਾ ਰੰਗ ਦੇ ਬਸੰਤੀ ਚੋਲਾ’, ਸ਼ਹੀਦ ਭਗਤ ਸਿੰਘ ਦੀ ਭੈਣ ਦੀ ਆਪਣੇ ਵੀਰ ਪ੍ਰਤੀ ਪਿਆਰ ਦਰਸਾਉਂਦੀ ਆਈਟਮ, ਗਿੱਧੇ ਦੀ ਪ੍ਰਫ਼ਾਰਮੈਂਸ ਅਤੇ ਭੰਗੜੇ ਦਾ ਵਧੀਆ ਯੋਗਦਾਨ ਰਿਹਾ। ਇਸ ਮੌਕੇ ਅੰਮ੍ਰਿਤ ਢਿੱਲੋਂ ਵੱਲੋਂ ਸ਼ਹੀਦ ਭਗਤ ਸਿੰਘ ਦੀਆਂ ਫ਼ਰੇਮ ਕੀਤੀਆਂ ਹੋਈਆਂ 80 ਫ਼ੋਟੋਆਂ ਸਕੂਲ ਦੇ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ। ਤਰਕਸ਼ੀਲ ਸੋਸਾਇਟੀ ਆਫ਼ ਨੌਰਥ ਅਮੈਰਿਕਾ ਵੱਲੋਂ ਵਿਦਿਆਰਥੀਆਂ ਨੂੰ ਮੈਡਲ ਦਿੱਤੇ ਗਏ ਅਤੇ ਸਕੂਲ ਨੂੰ ਮਾਇਆ ਵੀ ਭੇਂਟ ਕੀਤੀ ਗਈ।
ਸਕੂਲ ਦੀ ਅਧਿਆਪਕਾ ਵਿਸਮ ਨੇ ਸ਼ਹੀਦ ਭਗਤ ਸਿੰਘ ਦੀ ਬਣਾਈ ਹੋਈ ਖ਼ੂਬਸੂਰਤ ਤਸਵੀਰ ਅੰਮ੍ਰਿਤ ਢਿੱਲੋਂ ਭੇਂਟ ਕੀਤੀ ਅਤੇ ਗਰੇਡ-10 ਦੇ ਵਿਦਿਆਰਥੀ ਨਵਰੂਪ ਵੱਲੋਂ ਤਿਆਰ ਕੀਤੀ ਗਈ ਜੱਲ੍ਹਿਆਂ ਵਾਲੇ ਬਾਗ਼ ਦੇ ਸਾਕੇ ਨੂੰ ਦਰਸਾਊਂਦੀ ਖ਼ੂਬਸੂਰਤ ਤਸਵੀਰ ਤਰਕਸ਼ੀਲ ਸੋਸਾਇਟੀ ਆਫ਼ ਅਮੈਰਿਕਾ ਨੂੰ ਭੇਂਟ ਕੀਤੀ ਜੋ ਇਸ ਦੇ ਪ੍ਰਧਾਨ ਬਲਦੇਵ ਸਿੰਘ ਰਹਿਪਾ ਵੱਲੋਂ ਮੁੜ ਸਕੂਲ ਨੂੰ ਮੁੜ ਦੇ ਦਿੱਤੀ ਗਈ। ਇਸ ਤਰ੍ਹਾਂ ਇਹ ਸ਼ਹੀਦੀ ਸਮਾਗ਼ਮ ਇਕ ਯਾਦਗਾਰੀ ਸਮਾਗ਼ਮ ਹੋ ਨਿਬੜਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …