ਪੰਜਾਬ-ਹਰਿਆਣਾ ਵਿਚਾਲੇ ਨਹਿਰੀ ਪਾਣੀਆਂ ਦਾ ਮਸਲਾ ਹੱਲ ਕਰਨਾ ਮੁਸ਼ਕਿਲ
ਨਵੀਂ ਦਿੱਲੀ/ਬਿਊਰੋ ਨਿਊਜ਼
ਕਈ ਸਾਲਾਂ ਤੋਂ ਪੰਜਾਬ ਤੇ ਹਰਿਆਣਾ ਵਿਚਾਲੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਾਮਲਾ ਰੇੜਕਾ ਬਣਿਆ ਹੋਇਆ ਹੈ। ਇਹ ਮਾਮਲਾ ਸੁਪਰੀਮ ਕੋਰਟ ਵਿਚ ਸੁਣਵਾਈ ਅਧੀਨ ਹੈ। ਅਦਾਲਤ ਵੱਲੋਂ ਨਹਿਰ ਪੁੱਟਣ ਦੇ ਹੁਕਮ ਸੁਣਾਏ ਗਏ ਸਨ ਪਰ ਕੇਂਦਰ ਸਰਕਾਰ ਵੱਲੋਂ ਦਖਲ ਦਿੰਦੇ ਹੋਏ ਮਾਮਲੇ ਨੂੰ ਅਦਾਲਤ ‘ਚੋਂ ਬਾਹਰ ਨਿਬੇੜਨ ਦਾ ਪੱਖ ਰੱਖਿਆ ਗਿਆ ਸੀ। ਜਲ ਸਰੋਤ ਮੰਤਰੀ ਨਿਤਿਨ ਗੜਕਰੀ ਨੇ ਸਾਫ ਕਰ ਦਿੱਤਾ ਕਿ ਪੰਜਾਬ-ਹਰਿਆਣਾ ਵਿਚਕਾਰ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਸਮਝੌਤਾ ਕਰਵਾਉਣਾ ਤੇ ਇਸ ਮਸਲੇ ਦਾ ਹੱਲ ਕਰਨਾ ਮੁਸ਼ਕਿਲ ਹੈ। ਜਿਸ ਤੋਂ ਬਾਅਦ ਸਾਫ ਹੈ ਕਿ ਇਸ ਮਾਮਲੇ ਦਾ ਹੱਲ ਹੁਣ ਸੁਪਰੀਮ ਕੋਰਟ ਤੇ ਰਾਸ਼ਟਰਪਤੀ ਵੱਲੋਂ ਹੀ ਕੀਤਾ ਜਾਵੇਗਾ। ਪੰਜਾਬ ਦੀਆਂ ਵਿਰੋਧੀ ਧਿਰਾਂ ਲਗਾਤਾਰ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬੁਲਾ ਕਿ ਇਸ ਨਹਿਰ ਵਿਰੁੱਧ ਮਤਾ ਪਾਉਣ ਦੀ ਮੰਗ ਕਰ ਰਹੀਆਂ ਹਨ। ਹੁਣ ਕੇਂਦਰੀ ਮੰਤਰੀ ਵੱਲੋਂ ਦਿੱਤੇ ਜਵਾਬ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਦੇ ਹੱਲ ਲਈ ਕੀ ਕਦਮ ਚੁੱਕਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।