Breaking News
Home / ਭਾਰਤ / ਸਟਿੰਗ ਜਾਰੀ ਕਰ ਮਨਜੀਤ ਸਿੰਘ ਜੀ ਕੇ ਦਾ ਦਾਅਵਾ ਟਾਈਟਲਰ ਨੇ ਸਿੱਖ ਕਤਲੇਆਮ ਦਾ ਗੁਨਾਹ ਕਬੂਲਿਆ

ਸਟਿੰਗ ਜਾਰੀ ਕਰ ਮਨਜੀਤ ਸਿੰਘ ਜੀ ਕੇ ਦਾ ਦਾਅਵਾ ਟਾਈਟਲਰ ਨੇ ਸਿੱਖ ਕਤਲੇਆਮ ਦਾ ਗੁਨਾਹ ਕਬੂਲਿਆ

ਟਾਈਟਲਰ ਫਿਰ ’84’ ਦੇ ਗੇੜ ‘ਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੋਮਵਾਰ ਨੂੰ ਇਕ ਸਟਿੰਗ ਅਪਰੇਸ਼ਨ ਦਾ ਵੀਡੀਓ ਜਾਰੀ ਕਰਦੇ ਹੋਏ ਦਾਅਵਾ ਕੀਤਾ ਕਿ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੇ 1984 ਵਿਚ ਕਥਿਤ ਤੌਰ ‘ਤੇ 100 ਸਿੱਖਾਂ ਦੇ ਕਤਲ ਦੀ ਗੱਲ ਸਵੀਕਾਰ ਕੀਤੀ ਹੈ।
ਜੀ.ਕੇ.ਨੇ ਨਵੀਂ ਦਿੱਲੀ ਵਿਚ ਪੱਤਰਕਾਰ ਸੰਮੇਲਨ ਵਿਚ ਪੰਜ ਵੀਡੀਓ ਕਲਿੱਪ ਜਾਰੀ ਕੀਤੇ। ਉਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ। ਇਸ ਮਾਮਲੇ ਵਿਚ ਸਿਆਸਤ ਵੀ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਈ ਸੰਗਠਨਾਂ ਨੇ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਜੀ.ਕੇ. ਨੇ ਦੱਸਿਆ ਕਿ ਇਹ ਵੀਡੀਓ ਕਲਿੱਪ ਉਨ੍ਹਾਂ ਦੇ ਘਰ ਕਿਸੇ ਅਣਪਛਾਤੇ ਵਿਅਕਤੀ ਨੇ ਭੇਜੀ ਹੈ। ਮਨਜੀਤ ਸਿੰਘ ਜੀ ਕੇ ਦਾ ਕਹਿਣਾ ਹੈ ਕਿ ਵੀਡੀਓ ਵਿਚ ਟਾਈਟਲਰ ਸਾਫ ਕਹਿ ਰਿਹਾ ਹੈ ਕਿ ਉਸ ਨੇ 100 ਸਿੱਖਾਂ ਦਾ ਕਤਲ ਕੀਤਾ ਹੈ ਪਰ ਕੁਝ ਨਹੀਂ ਹੋਇਆ, ਜਾਂਚ ਜਾਰੀ ਹੈ। ਇਹ ਟਾਈਟਲਰ ਦਾ ਇਕਬਾਲੀਆ ਜੁਰਮ ਹੈ। ਜੀ.ਕੇ. ਨੇ ਕਿਹਾ ਕਿ ਜੇਕਰ ਹੁਣ ਜਾਂਚ ਏਜੰਸੀਆਂ ਨੇ ਟਾਈਟਲਰ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਪੁਲਿਸ ਥਾਣਿਆਂ ਦਾ ਘਿਰਾਓ ਕੀਤਾ ਜਾਵੇਗਾ।
ਦਿੱਲੀ ਕਮੇਟੀ ਵਲੋਂ ਜਾਰੀ ਵੀਡੀਓ ਵਿਚ ਹਾਲਾਂਕਿ ਕਈ ਥਾਂ ‘ਤੇ ਆਵਾਜ਼ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਅਤੇ ਜਿਸ ਮੁੱਦੇ ‘ਤੇ ਗੱਲ ਚੱਲ ਰਹੀ ਹੈ ਉਹ ਵੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੁੰਦੇ ਪਰ 1 ਮਿੰਟ 20 ਸੈਕਿੰਡ ਦੀ 3 ਨੰਬਰ ਵਾਲੀ ਵੀਡੀਓ ਕਲਿਪ ਦੇ ਸ਼ੁਰੂਆਤ ਵਿਚ ਕਾਫ਼ੀ ਕੁਝ ਸਪੱਸ਼ਟ ਸੁਣਾਈ ਦੇ ਰਿਹਾ ਹੈ। ਇਸ ਗੱਲ ਤੋਂ ਬਾਅਦ ਕਿਸੇ ਐਵਾਰਡ ਬਾਰੇ ਵੀ ਕੁਝ ਅਸਪਸ਼ਟ ਗੱਲ ਚੱਲ ਰਹੀ ਹੈ। ਵੀਡੀਓ ਕਲਿਪ ਨੰਬਰ 5 (10.33 ਮਿੰਟ) ਵਿਚ ਵੀ ਕਈ ਗੱਲਾਂ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ ਪਰ ਟਾਈਟਲਰ, ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਕੂੜੇਦਾਨ ਆਖਦਾ ਸੁਣਾਈ ਦੇ ਰਿਹਾ ਅਤੇ ਨਾਲ ਹੀ ਅੰਨਾ ਹਜ਼ਾਰੇ ਦੇ ਉਸ ਵੇਲੇ ਦੇ ਸਾਥੀ ਕਿਰਨ ਬੇਦੀ ਤੇ ਅਰਵਿੰਦ ਕੇਜਰੀਵਾਲ ‘ਤੇ ਧੱਕੇਸ਼ਾਹੀ ਨਾਲ ਲਗਾਮ ਪਾਉਣ ਦੀ ਗੱਲ ਆਖ ਰਿਹਾ ਹੈ।
ਇੱਕ ਥਾਂ ‘ਤੇ ਕੇਜਰੀਵਾਲ ਨੂੰ ਗੋਲੀ ਲੱਗਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਵੀਡੀਓ ਕਲਿਪ ਨੰਬਰ 4 (35 ਸੈਕਿੰਡ) ਵਿਚ ਟਾਈਟਲਰ ਤਤਕਾਲੀ ਚੀਫ਼ ਜਸਟਿਸ ਨਾਲ ਗੱਲ ਕਰਕੇ ਕਿਸੇ ਮਿਸਟਰ ਤੇ ਮਿਸਜ਼ ਪਾਠਕ ਨੂੰ ਦਿੱਲੀ ਹਾਈਕੋਰਟ ਵਿਚ ਨਿਯੁਕਤ ਕਰਨ ਦੀ ਗੱਲ ਆਖ ਰਿਹਾ ਹੈ। ਇਸੇ ਤਰ੍ਹਾਂ 1 ਨੰਬਰ ਵੀਡੀਓ ਕਲਿਪ ਵਿਚ ਟਾਈਟਲਰ ਆਪਣੇ ਦੋਸਤਾਂ ਪਾਸੋਂ ਡੇਢ ਸੌ ਕਰੋੜ ਰੁਪਏ ਵਾਪਸ ਨਾ ਮਿਲਣ ‘ਤੇ ਅਫ਼ਸੋਸ ਜਤਾ ਰਿਹਾ ਹੈ, ਜਦਕਿ ਵੀਡੀਓ ਕਲਿਪ ਨੰਬਰ 2 ਵਿਚ ਟਾਈਟਲਰ ਵਲੋਂ ਕਾਂਗਰਸ ਹਾਈਕਮਾਨ ਨਾਲ ਹੋਈ ਗੱਲਬਾਤ ਦੇ ਆਧਾਰ ‘ਤੇ 2 ਮਹੀਨੇ ਵਿਚ ਰਾਜ ਸਭਾ ਸੀਟ ਜਾਂ ਮੁੱਖ ਮੰਤਰੀ ਦੀ ਕੁਰਸੀ ਮਿਲਣ ਦੀ ਗੱਲ ਆਖੀ ਜਾ ਰਹੀ ਹੈ।
ਟਾਈਟਲਰ ਨੇ ਥਾਣੇ ‘ਚ ਕੀਤੀ ਸ਼ਿਕਾਇਤ
ਵੀਰਵਾਰ ਨੂੰ ਜਗਦੀਸ਼ ਟਾਈਟਲਰ ਨੇ ਦਿੱਲੀ ਦੇ ਕਾਪਸਖੇੜਾ ਪੁਲਿਸ ਸਟੇਸ਼ਨ ‘ਤੇ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਸ਼ਿਕਾਇਤ ਵਿਚ ਕਿਹਾ ਹੈ ਕਿ ਮੈਨੂੰ ਜਾਣਬੱਝ ਕੇ ਝੂਠੇ ਵੀਡੀਓ ਜ਼ਰੀਏ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਜਿਹੇ ਵਿਅਕਤੀਆਂ ਖ਼ਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਵਿਅਕਤੀਆਂ ਖ਼ਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ।
ਡਾ. ਮਨਮੋਹਨ ਸਿੰਘ ਨੇ ਸੰਸਦ ‘ਚ ਨਹੀਂ ਵੜਨ ਦਿੱਤਾ ਟਾਈਟਲਰ ਨੂੰ
ਸਾਲ 2011 ਦੀ ਦੱਸੀ ਜਾ ਰਹੀ ਇਸ ਵੀਡੀਓ ‘ਚ ਟਾਈਟਲਰ ਵੱਲੋਂ ਡਾ. ਮਨਮੋਹਨ ਸਿੰਘ ‘ਤੇ ਵੀ ਨਿਸ਼ਾਨਾ ਵਿੰਨਿਆ ਗਿਆ ਹੈ ਕਿ ਉਨ੍ਹਾਂ ਨੇ ਮੇਰੇ ਸਿਆਸੀ ਕੈਰੀਅਰ ਨੂੰ ਸੱਟ ਮਾਰੀ, ਨਾ ਮੈਨੂੰ ਰਾਜ ਸਭਾ ਦਾ ਮੈਂਬਰ ਬਣਨ ਦਿੱਤਾ ਤੇ ਨਾ ਹੀ ਦਿੱਲੀ ਦਾ ਮੁੱਖ ਮੰਤਰੀ। ਇਸ ਤੋਂ ਸਾਫ਼ ਹੈ ਕਿ ਪ੍ਰਧਾਨ ਮੰਤਰੀ ਹੁੰਦਿਆਂ ਮਨਮੋਹਨ ਸਿੰਘ ਨੇ ਸਖ਼ਤ ਫੈਸਲਾ ਲਿਆ ਕਿ ਜਗਦੀਸ਼ ਟਾਈਟਲਰ ਵਰਗੇ ਵਿਅਕਤੀ ਨਾ ਸੰਸਦ ‘ਚ ਦਾਖਲ ਹੋ ਸਕਦੇ ਹਨ ਤੇ ਨਾ ਹੀ ਵਿਧਾਨ ਸਭਾ ਦੀਆਂ ਪੌੜ੍ਹੀਆਂ ਚੜ੍ਹ ਸਕਦੇ ਹਨ।
ਦੋਸ਼ੀ ਟਾਈਟਲਰ ਹੋਵੇ ਜਾਂ ਕੋਈ ਹੋਰ, ਉਸ ਨੂੰ ਚੌਕ ‘ਚ ਪੁੱਠਾ ਟੰਗੋ : ਸਿੱਧੂ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ 1984 ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਚੌਕ ਵਿੱਚ ਟੰਗ ਦੇਣ ਦੀ ਗੱਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਦੋਸ਼ੀ ਟਾਈਟਲਰ ਹੋਵੇ ਜਾਂ ਕੋਈ ਹੋਰ, ਉਸ ਨੂੰ ਚੌਕ ਵਿੱਚ ਪੁੱਠਾ ਟੰਗ ਦੇਣਾ ਚਾਹੀਦਾ ਹੈ।
ਨਵੰਬਰ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਵਾਪਰੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।
-ਗੋਬਿੰਦ ਸਿੰਘ ਲੌਂਗੋਵਾਲ
1984 ਦੇ ਸਿੱਖ ਕਤਲੇਆਮ ਵਿਚ ਕਾਂਗਰਸ ਸਰਕਾਰ ਦਾ ਵੱਡਾ ਹੱਥ ਰਿਹਾ ਹੈ। ਅੱਜ ਤੱਕ ਕਾਂਗਰਸ ਸਰਕਾਰ ਜਗਦੀਸ਼ ਟਾਈਟਲਰ ਵਰਗਿਆਂ ਨੂੰ ਬਚਾਉਂਦੀ ਆਈ ਹੈ।
-ਸੁਖਪਾਲ ਸਿੰਘ ਖਹਿਰਾ
ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ਵਿਰੁੱਧ ਕੇਸ ਦਰਜ ਕੀਤਾ ਜਾਵੇ ਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਫਾਂਸੀ ਦਿੱਤੀ ਜਾਵੇ।
-ਸੁਖਬੀਰ ਸਿੰਘ ਬਾਦਲ
ਜਗਦੀਸ਼ ਟਾਈਟਲਰ ਦੇ ਸਟਿੰਗ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਕਾਨੂੰਨ ਆਪਣਾ ਕੰਮ ਕਰੇ। ਅਕਾਲੀ ਦਲ ਹਮੇਸ਼ਾ ਹੀ 1984 ਦਾ ਮੁੱਦਾ ਆਪਣੇ ਸਿਆਸੀ ਫਾਇਦੇ ਲਈ ਉਠਾਉਂਦਾ ਆਇਆ ਹੈ।
-ਕੈਪਟਨ ਅਮਰਿੰਦਰ ਸਿੰਘ

Check Also

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 8 ਅਗਸਤ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹਨ ਕੇਜਰੀਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ …